5 ਸਾਲਾਂ ’ਚ ਪੰਜਾਬ ਨੂੰ ਕਰਜ਼ਾ ਮੁਕਤ ਬਣਾਵਾਂਗੇ : ਵਿੱਤ ਮੰਤਰੀ ਚੀਮਾ

06/30/2022 4:10:22 PM

ਚੰਡੀਗੜ੍ਹ (ਰਮਨਜੀਤ ਸਿੰਘ)- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ’ਤੇ ਬਹਿਸ ਦੌਰਾਨ ਵਿਧਾਇਕਾਂ ਵਲੋਂ ਦਿੱਤੇ ਗਏ ਸੁਝਾਵਾਂ ’ਤੇ ਚੁੱਕੇ ਗਏ ਸਵਾਲਾਂ ’ਤੇ ਬੁੱਧਵਾਰ ਦੀ ਬੈਠਕ ਦੌਰਾਨ ਤਫ਼ਸੀਲ ਨਾਲ ਜਵਾਬ ਦਿੱਤੇ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਆਈ ਸਾਫ਼ ਨੀਅਤ ਸਰਕਾਰ ਨਾ ਸਿਰਫ਼ ਪੰਜਾਬ ਨੂੰ ਆਰਥਿਕ ਤੌਰ ’ਤੇ ਆਪਣੇ ਪੈਰਾਂ ’ਤੇ ਖੜ੍ਹਾ ਕਰੇਗੀ, ਬਲਕਿ ਪੰਜ ਸਾਲਾਂ ਦੌਰਾਨ ਹੀ ਪੰਜਾਬ ਨੂੰ ਕਰਜ਼ਾ ਮੁਕਤੀ ਦੇ ਰਸਤੇ ’ਤੇ ਅੱਗੇ ਵਧਾ ਦਿੱਤਾ ਜਾਵੇਗਾ ਤਾਂ ਕਿ ਲੱਖਾਂ ਕਰੋੜ ਰੁਪਏ ਦੇ ਕਰਜ਼ੇ ਹੇਠ ਦੰਬੇ ਪੰਜਾਬ ਨੂੰ ਆਗਾਮੀ ਚੰਦ ਸਾਲਾਂ ਦੌਰਾਨ ਹੀ ਰਾਹਤ ਹਾਸਲ ਹੋ ਸਕੇ।

ਵਿੱਤ ਮੰਤਰੀ ਨੇ ਕਿਹਾ ਕਿ ਬਜਟ ਬਹਿਸ ਦੌਰਾਨ ਜਿਥੇ ਵਿਧਾਇਕਾਂ ਵਲੋਂ ਪਾਜ਼ੇਟਿਵ ਸੁਝਾਅ ਦਿੱਤੇ ਗਏ, ਉਥੇ ਹੀ ਵਿਰੋਧੀ ਵਿਧਾਇਕਾਂ ਵਲੋਂ ਕੀਤੀ ਗਈ ਨੁਕਤਾਚੀਨੀ ਕਾਰਣ ਉਨ੍ਹਾਂ ਨੂੰ ਅੰਕੜੇ ਹੋਰ ਡੂੰਘਾਈ ਨਾਲ ਦੇਖਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਪੀ. ਆਰ. ਟੀ. ਸੀ. ਵਲੋਂ ਖਰੀਦੀਆਂ ਗਈਆਂ ਬੱਸਾਂ ਦੀ ਅਦਾਇਗੀ 37 ਕਰੋੜ ਦਿੱਤੀ ਗਈ ਸੀ, ਜਦਕਿ ਬਾਕੀ ਰਕਮ ਬਕਾਇਆ ਹੈ। ਸਰਕਾਰ ਇਸ ਨੂੰ ਜਲਦੀ ਹੀ ਅਦਾ ਕਰ ਦੇਵੇਗੀ।

ਵਿੱਤ ਮੰਤਰੀ ਚੀਮਾ ਨੇ 2007 ਤੋਂ ਲੈ ਕੇ 2017 ਤੱਕ ਅਨਾਜ ਖਰੀਦ ਦੇ ਮਾੜੇ ਪ੍ਰਬੰਧਨ ਕਾਰਣ ਪੈਦਾ ਹੋਏ 31 ਹਜ਼ਾਰ ਕਰੋੜ ਰੁਪਏ ਦੀ ਪੈਂਡੈਂਸੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਨੇਤਾਵਾਂ ਵਲੋਂ ਕਰਜ਼ੇ ਵਿਚ ਤਬਦੀਲ ਕਰਵਾ ਲਿਆ ਗਿਆ ਸੀ ਤੇ ਉਸ ਦਾ ਬੋਝ ਪੰਜਾਬ ਦੀ ਆਰਥਿਕਤਾ ਨੂੰ ਕਮਜ਼ੋਰ ਕਰ ਗਿਆ। ਇਸ ਕਰਜ਼ੇ ਦੀ ਅਦਾਇਗੀ ਲਈ ਪ੍ਰਤੀ ਮਹੀਨੇ 270 ਰੁਪਏ ਕੇਂਦਰ ਸਰਕਾਰ ਨੂੰ ਅਦਾ ਕਰਨੇ ਪੈਂਦੇ ਹਨ ਤੇ ਇਹ ਸਿਲਸਿਲਾ 20 ਸਾਲ ਚੱਲਣਾ ੲੈ, ਜੋ ਕਿ ਕੁੱਲ 58 ਹਜ਼ਾਰ ਕਰੋੜ ਰੁਪਏ ਬਣੇਗਾ। ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ ਕਰਜ਼ਾ ਰਾਸ਼ੀ ’ਤੇ ਵਿਆਜ ਦਰ ਨੂੰ 8.25 ਫੀਸਦੀ ਤੋਂ ਘਟਾ ਕੇ 7.35 ਫੀਸਦੀ ਕਰਵਾਇਆ ਗਿਆ ਹੈ, ਜਿਸ ਨਾਲ ਪੰਜਾਬ ਦੇ 3 ਹਜ਼ਾਰ ਕਰੋੜ ਰੁਪਏ ਬਚਣਗੇ।

ਚੀਮਾ ਨੇ ਕਿਹਾ ਕਿ ਵਿਧਾਇਕ ਵਲੋਂ ਕਿਹਾ ਗਿਆ ਕਿ ਪ੍ਰਤੀ ਵਿਅਕਤੀ ਆਮਦਨ ਵਿਚ ਪਿਛਲੇ ਕੁੱਝ ਸਮੇਂ ਦੌਰਾਨ ਵਾਧਾ ਹੋਇਆ ਹੈ, ਇਹ ਠੀਕ ਹੈ, ਪਰ ਮੈਂ ਸਦਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਵਾਧਾ ਹੋਰ ਕਈ ਸੂਬਿਆਂ ਦੇ ਮੁਕਾਬਲੇ ਕਿਤੇ ਘੱਟ ਹੈ। ਇਸੇ ਤਰ੍ਹਾਂ ਓਵਰਡ੍ਰਾਫ਼ਟ ਨਾ ਹੋਣ ਦੀ ਗੱਲ ਵੀ ਕਹੀ ਗਈ, ਜੋ ਕਿ ਕੁੱਝ ਹੱਦ ਤੱਕ ਠੀਕ ਹੈ, ਕਿਉਂਕਿ ਸਿਰਫ਼ 2021-22 ਦੇ ਦੌਰਾਨ ਹੀ ਓਵਰਡ੍ਰਾਫ਼ਟ ਨਹੀਂ ਰਹੀ ਪੰਜਾਬ ਸਰਕਾਰ।

ਉਨ੍ਹਾਂ ਕਿਹਾ ਕਿ ਉਹ ਸਦਨ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਨ ਕਿ ਸਾਫ਼ ਨੀਅਤ ਦੇ ਨਾਲ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਆਰਥਿਕ ਮਜਬੂਤੀ ਦੇਣ ਦੇ ਯਤਨਾਂ ਵਿਚ ਹੈ ਤੇ ਇਸ ਲਈ ਅਸੀਂ ਤੈਅ ਕੀਤਾ ਹੈ ਕਿ ਕਰਜ਼ਾ ਲੈਣ ਦੀ ਲਿਮਟ 55 ਹਜ਼ਾਰ ਕਰੋੜ ਰੁਪਏ ਹੋਣ ਦੇ ਬਾਵਜੂਦ ਵੀ ਅਸੀਂ ਪੂਰੇ ਸਾਲ ਵਿਚ 35 ਹਜ਼ਾਰ ਕਰੋੜ ਰੁਪਏ ਤੋਂ ਵੱਧ ਕਰਜ਼ਾ ਨਹੀਂ ਲਵਾਂਗੇ ਤੇ ਉਸ ਦੇ ਨਾਲ ਹੀ ਕਰਜ਼ਾ ਵਾਪਸੀ ਲਈ 36 ਹਜ਼ਾਰ ਕਰੋੜ ਰੁਪਏ ਦੇਵਾਂਗੇ, ਤਾਂ ਕਿ ਕਰਜ਼ਾ ਜਲਦੀ ਘੱਟ ਹੋਣਾ ਸ਼ੁਰੂ ਹੋਵੇ। ਇਸ ਲਈ ਨਾ ਸਿਰਫ਼ ਟੈਕਸ ਚੋਰੀ ਦੀ ਤਕਨੀਕੀ ਤੌਰ ’ਤੇ ਰੋਕ ਕੇ ਮਾਲੀਆ ਵਧਾਇਆ ਜਾਵੇਗਾ, ਬਲਕਿ ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਚਲਦੇ ਰਹੇ ਸ਼ਰਾਬ ਮਾਫੀਆ ਨੂੰ ਖਤਮ ਕਰਕੇ ਨਵੀਂ ਐਕਸਾਈਜ਼ ਪਾਲਿਸੀ ਦੇ ਤਹਿਤ ਮਾਲੀਆ ਨੂੰ 6200 ਕਰੋੜ ਤੋਂ ਵਧਾ ਕੇ 9600 ਕਰੋੜ ਤੱਕ ਲਿਜਾਇਆ ਜਾਵੇਗਾ। ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਜੀ.ਐੱਸ.ਟੀ. ਕੌਂਸਲ ਦੀ ਮੀਟਿੰਗ ਦੌਰਾਨ ਜੀ.ਐੱਸ.ਟੀ. ਮੁਆਵਜ਼ਾ ਨੂੰ ਆਗਾਮੀ ਪੰਜ ਸਾਲਾਂ ਤੱਕ ਜਾਰੀ ਰੱਖਣ ਦੀ ਮੰਗ ਕੀਤੀ ਹੈ, ਅਜਿਹਾ ਹੀ ਕਈ ਹੋਰ ਰਾਜਾਂ ਵਲੋਂ ਕਿਹਾ ਗਿਆ ਹੈ।

ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਰਾਜ ਵਿਚ ਗੈਂਗਸਟਰਾਂ ਦਾ ਖਤਰਾ ਵਧਣ ਕਾਰਣ ਜੇਲਾਂ ਦੇ ਸੁਰੱਖਿਆ ਚੱਕਰ ਨੂੰ ਮਜਬੂਤ ਕਰਨ ਲਈ ਬਜਟ ਵਿਵਸਥਾ ਨਾ ਕੀਤੇ ਜਾਣ ਦਾ ਮੁੱਦਾ ਉਠਾਏ ਜਾਣ ’ਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਸਮਝ ਸਕਦੇ ਹਨ ਕਿ ਵਿਰੋਧੀ ਧਿਰ ਨੇਤਾ ਨੂੰ ਜੇਲਾਂ ਦੀ ਚਿੰਤਾ ਕਿਉਂ ਹੈ ਪਰ ਉਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਨ ਕਿ ਜੇਲਾਂ ਦਾ ਪ੍ਰਬੰਧ ਵਧੀਆ ਕੀਤਾ ਜਾਵੇਗਾ ਕਿਉਂਕਿ ਭ੍ਰਿਸ਼ਟਾਚਾਰ ਕਰਨ ਵਾਲੇ ਕਈ ਨੇਤਾਵਾਂ ਨੂੰ ਜੇਲਾਂ ਵਿਚ ਭੇਜਿਆ ਜਾਣਾ ਹੈ।

ਰਾਜਸਭਾ ਮੈਂਬਰ ਰਾਘਵ ਚੱਢਾ ਤੇ ਸੀ. ਐੱਮ. ਦੇ ਪਰਿਵਾਰਕ ਮੈਂਬਰ ਰਹੇ ਮੌਜੂਦ

ਪੰਜਾਬ ਵਿਧਾਨਸਭਾ ਦੇ ਬਜਟ ਸੈਸ਼ਨ ਦੀ ਬੁੱਧਵਾਰ ਨੂੰ ਹੋਈ ਬੈਠਕ ਵਿਚ ਬਜਟ ਚਰਚਾ ਦੌਰਾਨ ਵਿਧਾਇਕਾਂ ਵਲੋਂ ਦਿੱਤੇ ਗਏ ਸੁਝਾਵਾਂ ’ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਜਵਾਬ ਦਿੱਤਾ ਜਾਣਾ ਸੀ। ਜਦ ਚੀਮਾ ਵਿਧਾਇਕਾਂ ਦੇ ਸੁਝਾਵਾਂ ’ਤੇ ਜਵਾਬ ਦੇ ਰਹੇ ਸਨ, ਉਸ ਸਮੇਂ ‘ਆਪ’ ਦੇ ਰਾਜਸਭਾ ਮੈਂਬਰ ਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਰਾਜਪਾਲ ਗੈਲਰੀ ਵਿਚ ਪਹੁੰਚੇ। ਉਥੇ ਹੀ, ਰਾਜਪਾਲ ਗੈਲਰੀ ਵਿਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ।

‘ਆਪ’ ਵਿਧਾਇਕ ਅਰੋੜਾ ਨੇ ਜਤਾਈ ਨਾਰਾਜ਼ਗੀ

ਵੱਡੀ ਸੰਖਿਆ ’ਚ ਪੰਜਾਬ ਵਿਧਾਨਸਭਾ ਵਿਚ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉਤਸ਼ਾਹ ’ਤੇ ਕਾਬੂ ਪਾਉਣਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਲਈ ਵੀ ਥੋੜਾ ਮੁਸ਼ਕਿਲ ਕੰਮ ਲੱਗ ਰਿਹਾ ਹੈ। ਸਿਫ਼ਰਕਾਲ ਚਰਚਾ ਦੌਰਾਨ ਸਾਰੇ ਵਿਧਾਇਕ ਆਪਣੇ ਮੁੱਦਿਆਂ ’ਤੇ ਬੋਲਣ ਲਈ ਉਤਸ਼ਾਹਿਤ ਹੋ ਕੇ ਸਪੀਕਰ ਤੋਂ ਸਮੇਂ ਦੀ ਮੰਗ ਕਰ ਰਹੇ ਸਨ ਤਾਂ ਅਮਨ ਅਰੋੜਾ ਵੀ ਲਗਾਤਾਰ ਸਪੀਕਰ ਨੂੰ ਸਮਾਂ ਦੇਣ ਲੲਂ ਕਹਿ ਰਹੇ ਸਨ। ਉਹ ਵਿਰੋਧੀ ਵਿਧਾਇਕਾਂ ਵਲੋਂ ਉਠਾਏ ਗਏ ਦਿੱਲੀ ਏਅਰਪੋਰਟ ਦੀਆਂ ਬੱਸਾਂ ਦੇ ਮੁੱਦੇ ’ਤੇ ਬੋਲਣਾ ਚਾਹ ਰਹੇ ਸਨ। ਸਪੀਕਰ ਵਲੋਂ ਉਨ੍ਹਾਂ ਦੀ ਬਜਾਏ ਹੋਰ ਨੂੰ ਸਮਾਂ ਦੇਣ ਕਾਰਣ ਇਕ ਵਾਰੀ ਤਾਂ ਅਮਨ ਅਰੋੜਾ ਵਲੋਂ ਸਪੀਕਰ ਸੰਧਵਾਂ ਦੇ ਸਾਹਮਣੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਗਿਆ ਕਿ ਉਹ ਬਾਹਰ ਹੀ ਚਲੇ ਜਾਂਦੇ ਹਨ, ਜੇਕਰ ਬੋਲਣ ਲਈ ਸਮਾਂ ਨਹੀਂ ਦਿੱਤਾ ਜਾਣਾ ਹੈ। ਜਾਣ ਲਈ ਉਨ੍ਹਾਂ ਨੇ ਆਪਣਾ ਫ਼ੋਨ ਤੇ ਨੋਟਪੈਡ ਵੀ ਚੁੱਕਿਆ ਪਰ ਨਾਲ ਦੀ ਸੀਟ ’ਤੇ ਬੈਠਣ ਵਾਲੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਇਸ ਤੋਂ ਬਾਅਦ ਸਪੀਕਰ ਸੰਧਵਾਂ ਵਲੋਂ ਅਮਨ ਅਰੋੜਾ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ।

Anuradha

This news is Content Editor Anuradha