N.C.C.ਸਰਟੀਫਿਕੇਟ ਧਾਰਕਾਂ ਨੂੰ ਨੌਕਰੀਆਂ ਲਈ ਵਾਧੂ ਅੰਕ ਦੇਣ ’ਤੇ ਵਿਚਾਰ ਕਰਾਂਗੇ : ਤ੍ਰਿਪਤ ਬਾਜਵਾ

11/30/2019 12:07:03 AM

ਚੰਡੀਗਡ਼੍ਹ, (ਭੁੱਲਰ)- ਪੰਜਾਬ ਸਰਕਾਰ ਐੱਨ. ਸੀ. ਸੀ. ਸਰਟੀਫਿਕੇਟ ਧਾਰਕ ਕੈਡਿਟਾਂ ਨੂੰ ਸਰਕਾਰੀ ਨੌਕਰੀਆਂ ’ਚ ਵਾਧੂ ਅੰਕ ਪ੍ਰਦਾਨ ਕਰਨ ਬਾਰੇ ਵਿਚਾਰ ਕਰੇਗੀ। ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਐੱਨ. ਸੀ. ਸੀ. ਦੀ ਸਾਲਾਨਾ ਅਪਡੇਟ ਬਾਰੇ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਪੰਜਾਬ ਦੇ ਐੱਨ. ਸੀ. ਸੀ. ਅਫਸਰਾਂ ਨੂੰ ਇਸ ਸਬੰਧੀ ਭਰੋਸਾ ਦਿੱਤਾ।

ਉਚੇਰੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਐੱਨ. ਸੀ. ਸੀ. ਗਤੀਵਿਧੀਆਂ ਚਲਾਉਣ ਲਈ ਸਰਕਾਰੀ ਕਾਲਜਾਂ ’ਚ ਇਮਾਰਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਨਵੇਂ ਬਣ ਰਹੇ ਕਾਲਜਾਂ ’ਚ ਉਸਾਰੀਆਂ ਜਾਣਗੀਆਂ। ਇਹ ਐਲਾਨ ਮੰਤਰੀ ਨੇ ਨਿੱਜੀ ਇਮਾਰਤਾਂ ਵਿਚ ਚਲਾਈਆਂ ਜਾ ਰਹੀਆਂ ਐੱਨ. ਸੀ. ਸੀ. ਗਤੀਵਿਧੀਆਂ, ਜਿਸ ਲਈ ਵੱਧ ਕਿਰਾਇਆ ਦੇਣਾ ਪੈ ਰਿਹਾ ਹੈ, ਸਬੰਧੀ ਉਠਾਏ ਮੁੱਦੇ ਦਾ ਸਥਾਈ ਹੱਲ ਕੱਢਣ ਮੌਕੇ ਕੀਤਾ। ਮੰਤਰੀ ਨੇ ਉੱਚੇਰੀ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਸਬੰਧੀ ਤੁਰੰਤ ਕੇਸ ਤਿਆਰ ਕਰਨ ਅਤੇ ਸਬੰਧਤ ਵਿਭਾਗਾਂ ਤੋਂ ਸਾਰੀਆਂ ਲੋਡ਼ੀਂਦੀਆਂ ਮਨਜ਼ੂਰੀਆਂ ਲੈਣ ਲਈ ਹਦਾਇਤਾਂ ਜਾਰੀ ਕੀਤੀਆਂ।

ਸੂਬਾ ਸਰਕਾਰ ਦੇ ਕਰਮਚਾਰੀਆਂ ਦੀ ਤਰਜ਼ ’ਤੇ ਵਧੀਕ ਡੀ.ਜੀ. ਐੱਨ.ਸੀ.ਸੀ. ਨੂੰ ਵਿਭਾਗ ਦੇ ਮੁਖੀ ਦਾ ਦਰਜਾ ਦੇਣ ਦੀ ਮੰਗ ਦੇ ਸਬੰਧ ਵਿਚ ਮੰਤਰੀ ਨੇ ਇਸ ਪ੍ਰਸਤਾਵ ਨਾਲ ਪੂਰੀ ਤਰ੍ਹਾਂ ਸਹਿਮਤੀ ਪ੍ਰਗਟ ਕਰਦਿਆਂ ਅਤੇ ਹੋਰਨਾਂ ਸੂਬਿਆਂ ਦੁਆਰਾ ਇਸ ਦੇ ਲਾਗੂ ਕਰਨ ਦੇ ਆਧਾਰ ’ਤੇ ਇਸ ਮਾਮਲੇ ਨੂੰ ਪਹਿਲ ਦੇ ਆਧਾਰ ’ਤੇ ਵਿਚਾਰਨ ਦੇ ਨਿਰਦੇਸ਼ ਦਿੱਤੇ।

ਮੀਟਿੰਗ ਵਿਚ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਅਨੁਰਾਗ ਵਰਮਾ, ਡੀ.ਪੀ.ਆਈ. ਕਾਲਜ ਸ਼੍ਰੀਮਤੀ ਇੰਦੂ ਬਾਲਾ, ਡਿਪਟੀ ਡਾਇਰੈਕਟਰ ਜਗਜੀਤ ਸਿੰਘ ਅਤੇ ਐੱਨ. ਸੀ. ਸੀ. ਪੰਜਾਬ ਦੇ ਸੀਨੀਅਰ ਅਫਸਰਾਂ, ਜਿਨ੍ਹਾਂ ਵਿਚ ਬ੍ਰਿਗੇਡੀਅਰ ਜੇ.ਐੱਸ. ਸਮਿਆਲ, ਡਿਪਟੀ ਡਾਇਰੈਕਟਰ ਜਨਰਲ, ਐੱਨ.ਸੀ.ਸੀ. ਡਾਇਰੈਕਟੋਰੇਟ (ਪੀ.ਐੱਚ.ਐੱਚ.ਪੀ ਐਂਡ ਸੀ), ਬ੍ਰਿਗੇਡੀਅਰ ਰਣਬੀਰ ਸਿੰਘ, ਗਰੁੱਪ ਕਮਾਂਡਰ, ਐੱਨ.ਸੀ.ਸੀ. ਗਰੁੱਪ ਤੇ ਹੋਰ ਅਧਿਕਾਰੀ ਮੌਜੂਦ ਸਨ।

Bharat Thapa

This news is Content Editor Bharat Thapa