ਗੋਦਾਮ ’ਚੋਂ ਕਣਕ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰ ਹਥਿਆਰ ਸਣੇ ਕਾਬੂ

02/26/2020 10:41:59 AM

ਫ਼ਰੀਦਕੋਟ (ਜਗਤਾਰ, ਰਾਜਨ)- ਕਰੀਬ ਇਕ ਮਹੀਨਾ ਪਹਿਲਾਂ ਪਨਗ੍ਰੇਨ ਗੋਦਾਮ ’ਚੋਂ ਦੋ ਟਰੱਕ ਕਣਕ ਦੇ ਗੱਟੇ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਜ਼ਿਲਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਵਿਅਕਤੀ ਤੋਂ 455 ਕਣਕ ਦੇ ਗੱਟੇ, 1 ਟਰੱਕ ਅਤੇ ਤੇਜ਼ਧਾਰ ਹੱਥਿਆਰ ਬਰਾਮਦ ਹੋਇਆ ਹੈ, ਜਿਸ ਦੇ ਆਧਾਰ ’ਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। ਸੇਵਾ ਸਿੰਘ ਮੱਲ੍ਹੀ ਐੱਸ. ਪੀ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੁਰਾਕ ਸਪਲਾਈ (ਪਨਗ੍ਰੇਨ) ਦੇ ਇਨਸਪੈਕਟਰ ਕੁਲਦੀਪ ਸਿੰਘ ਨੇ  ਦੱਸਿਆ ਸੀ ਕਿ 5 ਜਨਵਰੀ ਨੂੰ ਮਚਾਕੀ ਖੁਰਦ ਵਾਲੀ ਸੜਕ ’ਤੇ ਸਥਿਤ ਕਣਕ ਦੇ ਗੋਦਾਮ ’ਚੋਂ ਕੁਝ ਲੁਟੇਰੇ ਮਾਰੂ ਹਥਿਆਰਾਂ ਦੀ ਨੋਕ ’ਤੇ ਸਕਿਉਰਿਟੀ ਗਾਰਡਾਂ ਦੇ ਹੱਥ ਪੈਰ ਬੰਨ੍ਹ 2 ਟਰੱਕ ਕਣਕ ਲੁੱਟ ਕੇ ਲੈ ਗਏ ਸਨ। ਚੋਰੀ ਕੀਤੀ ਕਣਕ ਦੀ ਕੀਮਤ 10 ਲੱਖ 44 ਹਜ਼ਾਰ ਰੁਪਏ ਬਣਦੀ ਹੈ।

ਸੀ.ਆਈ.ਏ. ਸਟਾਫ਼ ਦੇ ਇੰਸਪੈਕਟਰ ਇਕਬਾਲ ਸਿੰਘ ਵਲੋਂ ਜਾਂਚ ਉਪਰੰਤ ਟ੍ਰੇਸ ਕੀਤੇ ਗਏ ਦੋ ਕਥਿਤ ਦੋਸ਼ੀਆਂ ਲਵਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ਼ ਗੋਰੀ ਪੁੱਤਰ ਕਾਬਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਵਾਰਦਾਤ ਸਮੇਂ ਵਰਤਿਆ ਗਿਆ 10 ਟਾਇਰਾ ਟਰੱਕ ਅਤੇ ਚੋਰੀ ਕੀਤੀ ਗਈ ਕਣਕ ’ਚੋਂ 455 ਗੱਟੇ ਅਤੇ ਕਾਪੇ ਅਤੇ ਕ੍ਰਿਪਾਨਾਂ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋਂ ਹੋਰ ਵੀ ਪੁੱਛਗਿੱਛ ਜਾਰੀ ਹੈ ਤਾਂ ਜੋ ਇਸ ਗਿਰੋਹ ਦੇ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕੇ।

rajwinder kaur

This news is Content Editor rajwinder kaur