ਬਜ਼ੁਰਗ ਔਰਤ ਸਮੇਤ 2 ਨੇ ਨਹਿਰ ''ਚ ਮਾਰੀ ਛਾਲ, ਦੋਨਾਂ ਦੀ ਮੌਤ

03/21/2020 8:11:20 PM

ਸ੍ਰੀ ਮੁਕਤਸਰ ਸਾਹਿਬ, (ਤਨੇਜਾ, ਖ਼ੁਰਾਣਾ)- ਪਿੰਡ ਚੱਕ ਦੂਹੇ ਵਾਲਾ ਸਰਹੰਦ ਫੀਡਰ ਨਹਿਰ ਵਿਚ ਛਾਲ ਮਾਰ ਕੇ ਇਕ ਵਿਅਕਤੀ ਵੱਲੋਂ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਪਹਿਚਾਣ ਜਸਵਿੰਦਰ ਸਿੰਘ ਪੁੱਤਰ ਅਜੀਤ ਸਿੰਘ (60) ਵਾਸੀ ਨੇੜੇ ਅਜੀਤ ਸਿਨੇਮਾ ਸ੍ਰੀ ਮੁਕਤਸਰ ਸਾਹਿਬ ਦੇ ਤੌਰ 'ਤੇ ਹੋਈ ਹੈ। ਇਸ ਸਬੰਧੀ ਚੌਕੀ ਇੰਚਾਰਜ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਜਸਵਿੰਦਰ ਸਿੰਘ ਦੀ ਲਾਸ਼ ਕਰੀਬ 12.30 ਵਜੇ ਮਹਿਰਾਜ ਵਾਲਾ ਦੇ ਨਜ਼ਦੀਕ ਨਹਿਰ ਵਿਚੋਂ ਮਿਲ ਚੁੱਕੀ ਹੈ, ਜਿਸ ਨੂੰ ਪੋਸਟਮਾਟਮ ਲਈ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਹੈ। ਜਸਵਿੰਦਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਦਿਮਾਗੀ ਤੌਰ 'ਤੇ ਪਰੇਸ਼ਾਨ ਸੀ, ਇਸੇ ਕਾਰਣ ਉਸ ਨੇ ਨਹਿਰ 'ਚ ਛਾਲ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਧਰ ਪਿੰਡ ਦੂਹੇ ਵਾਲਾ ਦੀ ਔਰਤ ਨੇ ਇਸੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਿੰਡ ਵਾਸੀਆਂ ਨੇ ਦੱਸਿਆ ਕਿ ਅਮਰਜੀਤ ਕੌਰ ਪਤਨੀ ਹਰਚੰਦ ਸਿੰਘ (45) ਜੋ ਕਿ ਦਿਮਾਗੀ ਤੌਰ 'ਤੇ ਪਰੇਸ਼ਾਨ ਸੀ, ਇਸੇ ਪਰੇਸ਼ਾਨੀ ਦੇ ਕਾਰਣ ਅੱਜ ਸਵੇਰੇ ਕਰੀਬ 9 ਵਜੇ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਮੌਕੇ ਚੌਕੀ ਇੰਚਾਰਜ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਜਲਦੀ ਹੀ ਲਾਸ਼ ਦੀ ਭਾਲ ਕਰ ਲਈ ਜਾਵੇਗੀ।

Bharat Thapa

This news is Content Editor Bharat Thapa