ਦੋ ਗੁੱਟਾਂ ਦੀ ਲਡ਼ਾਈ, ਅੌਰਤ ਸਮੇਤ 6 ਜ਼ਖਮੀ

09/19/2018 7:50:46 AM

ਖਰਡ਼, (ਅਮਰਦੀਪ, ਰਣਬੀਰ, ਸ਼ਸ਼ੀ)– ਪਿੰਡ ਬ੍ਰਾਹਮਣਾਂ ਦੀਆਂ ਬਾਸੀਆਂ ’ਚ ਦੋ ਗੁੱਟਾਂ ਵਿਚ ਹੋਈ ਲਡ਼ਾਈ ਵਿਚ ਇਕ ਅੌਰਤ ਸਮੇਤ 6 ਵਿਅਕਤੀ ਫੱਟਡ਼ ਹੋ ਗਏ। ਸਿਵਲ ਹਸਪਤਾਲ ਖਰਡ਼ ਵਿਖੇ ਜ਼ੇਰੇ ਇਲਾਜ ਪ੍ਰਦੀਪ ਕੁਮਾਰ ਪੁੱਤਰ ਰੌਣਕੀ ਰਾਮ ਨੇ ਦੱਸਿਆ ਕਿ ਉਸ ਦੀ ਚਾਚੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਘਰ ਅਫਸੋਸ ਕਰਨ ਲਈ ਰਿਸ਼ਤੇਦਾਰ ਆਉਂਦੇ ਹਨ ਤੇ ਅੱਜ ਜਦੋਂ ਉਹ ਘਰ ਦੇ ਅੱਗੇ ਸਾਫ-ਸਫਾਈ ਕਰ ਰਿਹਾ ਸੀ ਤਾਂ ਗੁਆਂਢੀਆਂ ਦਾ ਕੁਝ ਸਾਮਾਨ ਪਿਆ ਸੀ। 
ਜਦੋਂ ਉਸਨੇ ਸਾਮਾਨ ਚੁੱਕਿਆ ਤਾਂ ਇਕ ਵਿਅਕਤੀ ਨੇ ਉਸ ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਉਸ ਦੇ ਪਿਤਾ ਨੇ ਰੌਲਾ ਸੁਣਿਆ  ਤਾਂ ਉਹ ਬਾਹਰ ਆਏ   ਤਾਂ  ਉਨ੍ਹਾਂ ਦੀ ਰਾਜੂ ਨਾਂ  ਦੇ  ਵਿਅਕਤੀ ਨੇ ਕੁੱਟ-ਮਾਰ ਕਰਨ ਸ਼ੁਰੂ ਕਰ ਦਿੱਤੀ। ਉਹ  ਪਿਤਾ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਉਸਦੇ ਸਿਰ ਵਿਚ ਡੰਡਾ ਮਾਰ ਕੇ ਉਸਨੂੰ ਵੀ ਗੰਭੀਰ ਫੱਟਡ਼ ਕਰ  ਦਿੱਤਾ।
 ਦੂਜੀ ਧਿਰ ਦੇ ਫੱਟਡ਼ ਹੋਏ ਸੋਨੂੰ ਪੁੱਤਰ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਕੁੱਟ-ਮਾਰ ਨਹੀਂ ਕੀਤੀ, ਘਰ ਦੇ ਅੱਗੇ ਬਣੇ ਟੋਭੇ ’ਤੇ ਉਨ੍ਹਾਂ ਦਾ ਸਾਮਾਨ ਜੋ ਪਿਆ ਹੈ ਤੇ ਉਨ੍ਹਾਂ ਦੇ ਗੁਆਂਢੀ ਉਥੇ ਸਾਮਾਨ ਨਹੀਂ ਰੱਖਣ ਦਿੰਦੇ, ਜਦੋਂਕਿ ਟੋਭੇ ਦੀ ਜਗ੍ਹਾ ਉਨ੍ਹਾਂ ਦੀ ਨਹੀਂ। ਅੱਜ ਜਦੋਂ ਉਸ ਦਾ ਪਿਤਾ ਬਖਸ਼ੀਸ਼ ਸਿੰਘ ਆਪਣੀ ਡਿਊਟੀ ਖਤਮ ਕਰਕੇ ਘਰ ਆ ਰਿਹਾ ਸੀ ਤਾਂ ਪ੍ਰਦੀਪ ਨਾਂ  ਦੇ ਲਡ਼ਕੇ ਨੇ ਉਸਦੇ ਪਿਤਾ ਨੂੰ ਘਰ ਦੇ ਬਾਹਰ ਹੀ ਕੁੱਟਿਆ। ਉਹ  ਆਪਣੇ ਪਿਤਾ ਨੂੰ ਬਚਾਉਣ ਲਈ ਪੁੱਜਾ  ਤਾਂ ਉਸ ਦੀ ਵੀ ਕੁੱਟ-ਮਾਰ ਕੀਤੀ, ਨਾਲ ਹੀ ਉਸ ਦੀ ਮਾਤਾ ਜਸਪਾਲ ਕੌਰ ਤੇ  ਭਰਾ ਲਖਵਿੰਦਰ ਸਿੰਘ ਦੀ ਉਨ੍ਹਾਂ ਕੁੱਟ-ਮਾਰ ਕੀਤੀ। ਇਸ ਸਬੰਧੀ ਪੁਲਸ ਨੂੰ ਇਤਲਾਹ ਦਿੱਤੀ ਗਈ ਹੈ  ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅੱਡਾ ਇੰਚਾਰਜ ਦੀ ਕੀਤੀ ਕੁੱਟ-ਮਾਰ
 ਖਰਡ਼, (ਅਮਰਦੀਪ, ਰਣਬੀਰ, ਸ਼ਸ਼ੀ)–ਅੱਜ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਖਡ਼੍ਹਨ ਤੋਂ ਖਰਡ਼ ਬੱਸ ਅੱਡੇ ’ਤੇ ਇਕ ਪੈਪਸੂ ਰੋਡਵੇਜ਼ ਦੇ ਕੰਡਕਟਰ ਅਤੇ ਡਰਾਈਵਰ ਨੇ ਪ੍ਰਾਈਵੇਟ ਜੁਝਾਰ ਬੱਸ ਦੇ ਖਰਡ਼ ਅੱਡਾ ਇੰਚਾਰਜ ਦੀ ਕੁੱਟ-ਮਾਰ ਕਰਕੇ ਉਸ ਨੂੰ ਗੰਭੀਰ ਫੱਟਡ਼ ਕਰ ਦਿੱਤਾ। 
ਸਿਵਲ ਹਸਪਤਾਲ ਖਰਡ਼ ਵਿਖੇ ਜ਼ੇਰੇ ਇਲਾਜ ਅੱਡਾ ਇੰਚਾਰਜ ਮਨਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੁੱਲਾਂਪੁਰ ਦਾਖਾ ਹਾਲ ਵਾਸੀ ਖਰਡ਼ ਨੇ ਦੱਸਿਆ ਕਿ ਉਹ ਖਰਡ਼ ਬੱਸ ਅੱਡੇ ’ਤੇ ਪ੍ਰਾਈਵੇਟ ਜੁਝਾਰ ਬੱਸ ਦਾ ਅੱਡਾ ਇੰਚਾਰਜ ਲੱਗਾ ਹੋਇਆ ਹੈ। ਅੱਜ ਸਵੇਰੇ ਜਦੋਂ ਇਕ ਬਿਨਾਂ ਟਾਈਮ ਪੈਪਸੂ ਰੋਡਵੇਜ਼ ਦੀ ਬੱਸ ਖਰਡ਼ ਬੱਸ ਅੱਡੇ ਦੇ ਵਿਚਕਾਰ ਰੁਕੀ ਤਾਂ ਉਸਨੇ ਬੱਸ ਸਡ਼ਕ ਦੀ ਇਕ ਸਾਈਡ ’ਤੇ ਖਡ਼੍ਹੀ ਕਰਨ ਲਈ ਡਰਾਈਵਰ ਨੂੰ ਕਿਹਾ। ਅੱਗੋਂ ਡਰਾਈਵਰ ਨੇ ਕਿਹਾ ਕਿ ਤੂੰ ਕੌਣ ਹੁੰਦਾ ਹੈ ਬੱਸ ਨੂੰ ਅੱਗੇ ਕਰਾਉਣ ਵਾਲਾ ਤਾਂ ਉਸ ਨੇ ਦੱਸਿਆ ਕਿ ਉਹ ਅੱਡਾ ਇੰਚਾਰਜ ਹੈ, ਇਸ ’ਤੇ ਤੈਸ਼ ਵਿਚ ਆਏ ਬੱਸ ਡਰਾਈਵਰ ਤੇ ਕੰਡਕਟਰ ਨੇ ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਸਿਰ ਵਿਚ ਲੋਹੇ ਦੀ ਰਾਡ ਮਾਰ ਕੇ ਉਸ ਨੂੰ ਫੱਟਡ਼ ਕਰ ਕੇ ਉਹ ਬੱਸ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸਿਟੀ ਪੁਲਸ ਨੂੰ ਇਤਲਾਹ ਦਿੱਤੀ ਗਈ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।