ਚੰਦ ਭਾਨ ਡਰੇਨ ਤੇ ਨਹਾਉਣ ਗਏ ਦੋ ਬੱਚੇ ਪਾਣੀ ''ਚ ਡੁੱਬੇ

04/21/2019 6:13:19 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ(ਸੁਖਪਾਲ, ਪਵਨ ਤਨੇਜਾ) ਅੱਜ ਦੁਪਹਿਰ 12 ਵਜੇ ਇਸ ਖੇਤਰ ਦੇ ਪਿੰਡ ਮਦਰੱਸਾ ਵਿਖੇ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ ਜਦ ਪਿੰਡ ਦੇ ਦੋ ਗਰੀਬ ਘਰਾਂ ਦੇ ਬੱਚੇ ਚੰਦ ਭਾਨ ਡਰੇਨ ਦੇ ਪਾਣੀ ਵਿਚ ਰੁੜ ਗਏ। ਮਿਲੀ ਜਾਣਕਾਰੀ ਅਨੁਸਾਰ ਮਦਰੱਸਾ ਪਿੰਡ ਦੇ ਆਰਕ ਸਿੰਘ ਪੁੱਤਰ ਸੁਖਦੇਵ ਸਿੰਘ ਸਾਬਕਾ ਮੈਂਬਰ ਅਤੇ ਅਜੇ ਸਿੰਘ ਪੁੱਤਰ ਭੋਲਾ ਸਿੰਘ ਆਪਣੇ ਦੋ ਹੋਰ ਸਾਥੀਆਂ ਨਾਲ ਚੰਦ ਭਾਨ ਡਰੇਨ ਤੇ ਨਾਹਉਣ ਗਏ ਸੀ। ਉਕਤ ਡਰੇਨ ਵਿਚ ਪਾਣੀ ਬਹੁਤ ਜਿਆਦਾ ਵਗ ਰਿਹਾ ਹੈ। ਜਿਸ ਕਰਕੇ ਇਹ ਦੋਵੇਂ ਬੱਚੇਜਿਨ੍ਹਾਂ ਦੀ ਉਮਰ ਕਰਮਵਾਰ 15 ਸਾਲ ਅਤੇ 13 ਸਾਲ ਹੈ ਪਾਣੀ ਵਿਚ ਡੁੱਬ ਗਏ ਜਦ ਕਿ ਦੂਜੇ ਦੋਵੇਂ ਬੱਚੇ ਬਚ ਗਏ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉੱਥੇ ਕੁਝ ਵਿਅਕਤੀ ਮੱਛੀਆਂ ਫੜ ਰਹੇ ਸਨ ਤੇ ਬੱਚੇ ਉਨ੍ਹਾਂ ਨੂੰ ਵੇਖ ਰਹੇ ਸਨ ਅਤੇ ਉਨ੍ਹਾਂ ਦਾ ਪੈਰ ਫਿਸਲ ਗਿਆ ਜਿਸ ਕਾਰਨ ਇਹ ਘਟਨਾ ਵਾਪਰੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮਦਰੱਸਾ ਅਤੇ ਕੌੜਿਆਂਵਾਲੀ ਦੋਵਾਂ ਪਿੰਡਾਂ ਦੇ ਲੋਕ ਵੱਡੀ ਗਿਣਤੀ 'ਚ ਉੱਥੇ ਪੁੱਜ ਗਏ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਭੁਪਿੰਦਰ ਸਿੰਘ ਅਤੇ ਥਾਣਾ ਲੱਖੇਵਾਲੀ ਦੇ ਮੁੱਖੀ ਬੇਅੰਤ ਕੌਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਜਿਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ। ਖੋਤਾਖੋਰ ਬੁਲਾ ਲਏ ਗਏ ਸਨ ਅਤੇ ਖ਼ਬਰ ਲਿਖੇ ਜਾਣ ਤੱਕ ਪਾਣੀ ਵਿਚ ਰੁੜ ਚੁੱਕੇ ਬੱਚਿਆਂ ਦੀ  ਭਾਲ ਜਾਰੀ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੂਜੇ ਬਚੇ ਦੋਵਾਂ ਬੱਚਿਆਂ ਵਿਚੋਂ ਇਕ ਨੂੰ ਵੀ ਪਾਣੀ ਵਿਚੋਂ ਕੱਢ ਕੇ ਬਚਾਇਆ ਗਿਆ ਹੈ। ਇਸ ਮੌਕੇ ਸਮਾਜ ਸੇਵਕ ਡਾ. ਸੁਰਿੰਦਰ ਸਿੰਘ ਭੁੱਲੀਰ ਕੌੜਿਆਂਵਾਲੀ, ਸੁਖਦੇਵ ਸਿੰਘ ਸਰਪੰਚ ਮਦਰੱਸਾ, ਗੁਰਜੀਤ ਸਿੰਘ, ਬਲਰਾਜ ਸਿੰਘ, ਹਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ ਜਦਕਿ ਪੁਲਿਸ ਪਾਰਟੀ ਪੂਰਾ ਸਹਿਯੋਗ ਦੇ ਰਹੀ  ਸੀ।

satpal klair

This news is Content Editor satpal klair