ਮਲੇਸ਼ੀਆ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਵਲੋਂ ਮਹਿਲਾ ਸਮੇਤ 4 ਤੋਂ ਠੱਗੇ 3.02 ਲੱਖ

08/17/2019 4:10:21 AM

ਮੋਗਾ, (ਅਜ਼ਾਦ)- ਤਲਵੰਡੀ ਮੱਲੀਆਂ ਨਿਵਾਸੀ ਇਕ ਮਹਿਲਾ ਟਰੈਵਲ ਏਜੰਟ ਨੇ ਆਪਣੇ ਕੁੱਝ ਹੋਰ ਸਾਥੀਆਂ ਨਾਲ ਮਿਲੀਭੁਗਤ ਕਰਕੇ ਇਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਨੂੰ ਵਰਕ ਪਰਮਿਟ ਦੇ ਅਧਾਰ ’ਤੇ ਮਲੇਸ਼ੀਆ ਭੇਜਣ ਦਾ ਝਾਂਸਾ ਦੇ ਕੇ 3 ਲੱਖ 2 ਹਜ਼ਾਰ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ

ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਸੰਦੀਪ ਸਿੰਘ ਪੁੱਤਰ ਅਜਮੇਰ ਸਿੰਘ, ਹਰਮੇਸ਼ ਸਿੰਘ ਪੁੱਤਰ ਬਲਵੀਰ ਸਿੰਘ, ਧਰਮਪਾਲ ਸਿੰਘ ਪੁੱਤਰ ਛਿੰਦਰਪਾਲ ਸਿੰਘ ਅਤੇ ਗੁਰਮੇਲ ਕੌਰ ਉਰਫ ਕੇਸਰੋ ਸਾਰੇ ਨਿਵਾਸੀ ਪਿੰਡ ਤਲਵੰਡੀ ਮੱਲੀਆਂ ਨੇ ਕਿਹਾ ਕਿ ਉਹ ਵਿਦੇਸ਼ ਜਾਣ ਦੇ ਚਾਹਵਾਨ ਸੀ। ਸਾਡੀ ਮੁਲਾਕਾਤ ਸਾਡੇ ਪਿੰਡ ਦੀ ਇਕ ਮਹਿਲਾ ਗਿਆਨ ਕੌਰ ਨਿਵਾਸੀ ਪਿੰਡ ਤਲਵੰਡੀ ਮੱਲੀਆਂ ਦੇ ਨਾਲ ਹੋਈ। ਉਸਨੇ ਸਾਨੂੰ ਦੱਸਿਆ ਕਿ ਉਸਦੇ ਗੁਰਦੀਪ ਸਿੰਘ ਉਰਫ ਰਾਜੂ ਨਿਵਾਸੀ ਪਿੰਡ ਦੌਧਰ ਸਰਕੀ ਅਤੇ ਬਿੰਦਰ ਕੌਰ ਪਤਨੀ ਰਾਜੀ ਨਿਵਾਸੀ ਪਿੰਡ ਬੁਰਜ ਹਰੀ ਸਿੰਘ (ਰਾਇਕੋਟ) ਜੋ ਮਲੇਸ਼ੀਆ ਰਹਿੰਦੀ ਹੈ, ਦੇ ਨਾਲ ਸਬੰਧ ਹੈ। ਉਹ ਤੁਹਾਨੂੰ ਵਰਕ ਪਰਮਿਟ ਦੇ ਅਧਾਰ ਤੇ ਮਲੇਸ਼ੀਆ ਭੇਜ ਦੇਵੇਗੀ, ਜਿਸ ’ਤੇ ਪ੍ਰਤੀ ਵਿਅਕਤੀ 1 ਲੱਖ 20 ਹਜ਼ਾਰ ਰੁਪਏ ਖਰਚ ਆਵੇਗਾ, ਜਿਸ ’ਤੇ ਅਸੀਂ ਸਾਰੇ ਮਲੇਸ਼ੀਆ ਜਾਣ ਦੇ ਲਈ ਤਿਆਰ ਹੋ ਗਏ ਅਤੇ ਆਪਣੇ-ਆਪਣੇ ਪਾਸਪੋਰਟ ਦੇ ਇਲਾਵਾ ਸੰਦੀਪ ਸਿੰਘ ਨੇ 55 ਹਜ਼ਾਰ ਰੁਪਏ ਨਕਦ, ਹਰਮੇਸ਼ ਸਿੰਘ ਨੇ 70 ਹਜ਼ਾਰ ਰੁਪਏ, ਧਰਮਪਾਲ ਸਿੰਘ ਨੇ 70 ਹਜ਼ਾਰ ਰੁਪਏ, ਗੁਰਮੇਲ ਸਿੰਘ ਉਰਫ ਕੇਸਰੋ ਨੇ 1 ਲੱਖ 7 ਹਜ਼ਾਰ ਰੁਪਏ ਉਕਤ ਮਹਿਲਾ ਟਰੈਵਲ ਏਜੰਟ ਨੂੰ ਦੇ ਦਿੱਤੇ, ਜਿਸ ਨੇ ਕਿਹਾ ਕਿ ਉਹ ਜਲਦ ਹੀ ਆਪ ਸਾਰਿਆਂ ਨੂੰ ਮਲੇਸ਼ੀਆ ਭੇਜ ਦੇਵੇਗੀ। ਸੰਦੀਪ ਸਿੰਘ ਨੇ ਕਿਹਾ ਕ ਜਦ ਮੈਨੂੰ 12 ਜੁਲਾਈ 2018 ਨੂੰ ਗੁਰਦੀਪ ਸਿੰਘ ਉਰਫ ਰਾਜੂ ਅੰਮ੍ਰਿਤਸਰ ਏਅਰਪੋਰਟ ’ਤੇ ਮਲੇਸ਼ੀਆ ਜਾਣ ਦੇ ਲਈ ਛੱਡਣ ਲਈ ਗਿਆ, ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਮੈਨੂੰ ਮੇਰਾ ਪਾਸਪੋਰਟ ਅਤੇ ਵੀਜ਼ੇ ਦੀ ਅਸਲੀ ਕਾਪੀ ਦੇ, ਜੋ ਉਸਨੇ ਮੈਨੂੰ ਦੇ ਦਿੱਤੀ। ਜਦ ਮੈਂ ਵੀਜ਼ਾ ਚੈਕ ਕੀਤਾ ਤਾਂ ਉਹ ਟੂਰਿਸਟ ਸੀ, ਜਿਸ ’ਤੇ ਮੈਂ ਕਿਹਾ ਕਿ ਮੈਂ ਟੂਰਿਸਟ ਵੀਜ਼ੇ ’ਤੇ ਨਹੀਂ ਜਾਣਾ। ਇਸ ਦੌਰਾਨ ਉਸਨੇ ਮੇਰਾ ਪਾਸਪੋਰਟ ਖੋਹ ਲਿਆ ਅਤੇ 5 ਹਜ਼ਾਰ ਰੁਪਏ ਦੀ ਅਤੇ ਮੰਗ ਕੀਤੀ। ਮੈਂ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਘਰ ਵਾਪਸ ਆ ਗਿਆ। ਜਦਕਿ ਹਰਮੇਸ਼ ਸਿੰਘ, ਧਰਮਪਾਲ ਸਿੰਘ ਅਤੇ ਗੁਰਮੇਲ ਕੌਰ ਉਰਫ ਕੇਸਰੋ ਨੇ ਕਿਹਾ ਕਿ ਕਥਿਤ ਦੋਸ਼ੀ ਟਰੈਵਲ ਏਜੰਟਾਂ ਨੇ ਸਾਨੂੰ ਮਲੇਸ਼ੀਆ ਭੇਜ ਦਿੱਤਾ, ਜਿਸ ਏਜੰਟ ਦੇ ਕੋਲ ਸਾਨੂੰ ਭੇਜਿਆ ਗਿਆ, ਉਸਨੇ ਸਾਨੂੰ ਜੰਗਲ ਵਿਚ ਸਥਿਤ ਇਕ ਫੈਕਟਰੀ ਵਿਚ ਬੰਦ ਕਰਕੇ ਰੱਖਿਆ ਅਤੇ ਉਥੇ 200 ਦੇ ਕਰੀਬ ਪਹਿਲਾਂ ਲੋਕ ਮੌਜੂਦ ਸਨ। ਨਾ ਤਾਂ ਸਾਨੂੰ ਢੰਗ ਦਾ ਖਾਣਾ ਮਿਲਦਾ ਸੀ ਅਤੇ ਸਾਡੇ ਤੋਂ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਵਾਉਣਾ ਚਾਹੁੰਦੇ ਸਨ, ਪਰ ਅਸੀਂ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਨ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਸਾਨੂੰ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਮਲੇਸ਼ੀਆ ਲਿਆਂਦਾ ਗਿਆ ਸੀ। ਸਾਨੂੰ ਵਰਕ ਪਰਮਿਟ ਦਿੱਤਾ ਜਾਵੇ, ਫਿਰ ਅਸੀਂ ਕੰਮ ਕਰਾਂਗੇ, ਜਿਸ ’ਤੇ ਉਹ ਸਾਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਾਵਾ ਮਾਰਕੁੱਟ ਵੀ ਕਰਨ ਲੱਗੇ ਅਤੇ ਖਾਣਾ ਵੀ ਬਡ਼ੀ ਮੁਸ਼ਕਲ ਨਾਲ ਦਿੰਦੇ ਸਨ, ਅਸੀਂ ਭੁੱਖੇ ਰਹਿ ਕੇ ਦਿਨ ਗੁਜਾਰੇ। ਉਨ੍ਹਾਂ ਕਿਹਾ ਕਿ ਮਲੇਸ਼ੀਆ ਵਿਚ ਵਰਕ ਪਰਮਿਟ ਦੇ ਬਗੈਰ ਕੰਮ ਕਰਨਾ ਗੈਰ ਕਾਨੂੰਨੀ ਜ਼ੁਰਮ ਹੈ।

ਗਲਤ ਕੰਮ ਦੇ ਲਈ ਕਰਦੇ ਸਨ ਮਜ਼ਬੂਰ

ਜਦਕਿ ਮਹਿਲਾ ਗੁਰਮੇਲ ਕੌਰ ਉਰਫ ਕੇਸਰੋ ਨੇ ਕਿਹਾ ਕਿ ਮਲੇਸ਼ੀਆ ਵਿਚ ਸਾਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਗਿਆ। ਹਫਤੇ ਵਿਚ ਸਿਰਫ ਦੋ ਵਾਰ ਹੀ ਖਾਣਾ ਦਿੱਤਾ ਜਾਂਦਾ ਸੀ ਅਤੇ ਉਹ ਮੈਨੂੰ ਗਲਤ ਕੰਮ ਕਰਨ ਦੇ ਲਈ ਮਜ਼ਬੂਰ ਕਰਦੇ ਸਨ। ਜਦ ਮੈਂ ਇਸ ਦਾ ਵਿਰੋਧ ਕੀਤਾ ਅਤੇ ਕਿਹ ਕਿ ਮੈਂ ਤਾਂ ਰਸੋਈ ਦਾ ਕੰਮ ਕਰਨ ਦੇ ਲਈ ਇਥੇ ਆਈ ਹਾਂ, ਤਾਂ ਉਨ੍ਹਾਂ ਮੇਰੀ ਮਾਰਕੁੱਟ ਵੀ ਕੀਤੀ। ਪੀਡ਼ਤਾ ਨੇ ਕਿਹਾ ਕਿ ਉਹ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇਕੇ ਮਲੇਸ਼ੀਆ ਲਿਆਂਦਾ ਗਿਆ ਸੀ, ਜੋ ਸਾਨੂੰ ਨਹੀਂ ਦਿੱਤਾ ਗਿਆ। ਅਸੀਂ ਵਰਕ ਪਰਮਿਟ ਦੇ ਬਿਨਾਂ ਕੰਮ ਕਰਨ ਨੂੰ ਤਿਆਰ ਨਹੀਂ ਸੀ। ਅਸੀਂ ਕਿਸੇ ਤਰਾਂ ਉਥੋਂ ਭੱਜੇ ਅਤੇ ਆਪਣੇ ਘਰ ਸੰਪਰਕ ਕੀਤਾ ਅਤੇ ਅਸੀਂ ਸਾਰੇ ਇੰਡੀਆ ਵਾਪਸ ਆ ਗਏ। ਇਸ ਤਰਾਂ ਸਾਡੇ ਨਾਲ ਕਥਿਤ ਦੋਸ਼ੀ ਮਹਿਲਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਧੋਖਾਦੇਹੀ ਕੀਤੀ ਹੈ।

ਕੀ ਹੋਈ ਪੁਲਸ ਕਾਰਵਾਈ

ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ ’ਤੇ ਇਸ ਮਾਮਲੇ ਦੀ ਜਾਂਚ ਐਂਟੀ ਹਿਊਮਨ ਟ੍ਰੈਫਕਿੰਗ ਸੈਲ ਮੋਗਾ ਦੇ ਇੰਚਾਰਜ ਪ੍ਰਕਾਸ਼ ਸ਼ਰਮਾ ਵਲੋਂ ਕੀਤੀ ਗਈ। ਜਾਂਚ ਅਧਿਕਾਰੀ ਨੂੰ ਪਤਾ ਲੱਗਾ ਕਿ ਸੰਦੀਪ ਸਿੰਘ, ਹਰਮੇਸ਼ ਸਿੰਘ, ਧਰਮਪਾਲ ਸਿੰਘ ਅਤੇ ਗੁਰਮੇਲ ਕੌਰ ਉਰਫ ਕੇਸਰੋ ਸਾਰੇ ਨਿਵਾਸੀ ਪਿੰਡ ਤਲਵੰਡੀ ਮੱਲੀਆਂ ਵਿਦੇਸ਼ ਜਾਣ ਦੇ ਚਾਹਵਾਨ ਸੀ ਅਤੇ ਉਨ੍ਹਾਂ ਦੀ ਮੁਲਾਕਾਤ ਆਪਣੇ ਹੀ ਪਿੰਡ ਦੀ ਇਕ ਮਹਿਲਾ ਗਿਆਨ ਕੌਰ ਪਤਨੀ ਗੁਰਦੇਵ ਸਿੰਘ ਦੇ ਨਾਲ ਹੋਈ,ਜਿਸ ਨੇ ਕਿਹਾ ਕਿ ਉਹ ਗੁਰਦੀਪ ਸਿੰਘ ਉਰਫ ਰਾਜੂ ਨਿਵਾਸੀ ਪਿੰਡ ਦੌਧਰ ਸਰਕੀ ਅਤੇ ਬਿੰਦਰ ਕੌਰ ਜੋ ਮਲੇਸ਼ੀਆ ਰਹਿੰਦੀ ਹੈ, ਦੇ ਰਾਹੀਂ ਤੁਹਾਨੂੰ ਸਾਰਿਆਂ ਨੂੰ ਵਰਕ ਪਰਮਿਟ ਦੇ ਅਧਾਰ ’ਤੇ ਮਲੇਸ਼ੀਆ ਭੇਜਾਂਗੀ। ਸੰਦੀਪ ਸਿੰਘ ਏਅਰਪੋਰਟ ਤੋਂ ਵਾਪਸ ਆ ਗਿਆ, ਕਿਉਂਕਿ ਉਸ ਨੂੰ ਪਤਾ ਲੱਗ ਗਿਆ ਸੀ ਕਿ ਉਸ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਹੈ,ਜਦਕਿ ਬਾਕੀ ਤਿੰਨਾਂ ਨੂੰ ਉਸਨੇ ਮਲੇਸ਼ੀਆ ਭੇਜ ਦਿੱਤਾ,ਉਥੋਂ ਉਹ ਬਡ਼ੀ ਮੁਸ਼ਕਲ ਨਾਲ ਇੰਡੀਆ ਵਾਪਸ ਆਏ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਉਕਤ ਸਾਰਿਆਂ ਤੋਂ 3 ਲੱਖ 2 ਹਜ਼ਾਰ ਰੁਪਏ ਦੀ ਧੋਖਾਦੇਹੀ ਕੀਤੀ ਹੈ। ਜਾਂਚ ਦੇ ਬਾਅਦ ਕਾਨੂੰਨੀ ਰਾਏ ਹਾਸਲ ਕੀਤੀ ਗਈ ਅਤੇ ਥਾਣਾ ਅਜੀਤਵਾਲ ਵਿਚ ਗਿਆਨ ਕੌਰ, ਗੁਰਦੀਪ ਸਿੰਘ ਉਰਫ ਰਾਜੂ ਅਤੇ ਬਿੰਦਰ ਕੌਰ ਦੇ ਖਿਲਾਫ ਕਥਿਤ ਮਿਲੀਭੁਗਤ ਅਤੇ ਧੋਖਾਦੇਹੀ ਦੇ ਦੋਸ਼ਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।

Bharat Thapa

This news is Content Editor Bharat Thapa