ਕੋਲੇ ਵਾਲੀ ਮਾਲ ਗੱਡੀ ਆਉਣ ''ਤੇ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਪਹਿਲਾ ਯੂਨਿਟ ਚਾਲੂ

11/25/2020 11:15:57 AM

ਮਾਨਸਾ (ਜੱਸਲ): ਉੱਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲੀ ਵਾਲੇ ਸਭ ਤੋਂ ਸਭ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਪਿੰਡ ਬਣਾਂਵਾਲਾ ਨੇ ਅੱਜ ਮੁੜ ਬਿਜਲੀ ਦਾ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਕੇਂਦਰੀ ਖੇਤੀ ਕਨੂੰਨਾਂ ਖਿਲਾਫ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਰੇਲਵੇ ਲਾਈਨਾਂ 'ਤੇ ਪਹਿਲੀ ਅਕਤੂਬਰ ਤੋਂ ਦਿੱਤਾ ਜਾ ਰਿਹਾ ਰੋਸ-ਧਰਨਾ ਹਟਾ ਲਿਆ ਹੈ।

ਇਸ ਕਾਰਣ ਥਰਮਲ ਪਲਾਂਟ ਨੇ ਕੋਲਾ ਮੁੱਕਣ ਕਾਰਣ 28 ਅਕਤੂਬਰ ਨੂੰ ਬਿਜਲੀ ਦਾ ਉਤਪਾਦਨ ਬੰਦ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੇਲਵੇ ਲਾਈਨ 'ਤੇ ਦਿੱਤੇ ਧਰਨੇ ਕਾਰਣ 23 ਅਕਤੂਬਰ ਨੂੰ ਇਸ ਥਰਮਲ ਪਲਾਂਟ 'ਚ ਕੋਲੇ ਦਾ ਭੰਡਾਰ ਖਤਮ ਹੋ ਗਿਆ ਸੀ। ਹੁਣ ਪੰਜਾਬ 'ਚ ਲੰਘੇ ਕੱਲ ਤੋਂ ਰੇਲ ਗੱਡੀਆਂ ਮੁੜ ਚਾਲੂ ਹੋਣ ਨਾਲ ਪਲਾਂਟ 'ਚ ਪਹੁੰਚੀ ਮਾਲ ਗੱਡੀ 'ਚ ਕੋਲੇ ਆਉਣ 'ਤੇ ਅੱਜ ਬਾਅਦ ਦੁਪਹਿਰ ਇਸ ਥਰਮਲ ਪਲਾਂਟ ਨੇ ਮੁੜ ਬਿਜਲੀ ਦਾ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਵਰ ਪਲਾਂਟ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸ਼ਾਮ ਤੋਂ ਹੀ ਪਹਿਲੇ ਯੂਨਿਟ ਨੇ ਬਿਜਲੀ ਉਤਪਾਦਨ ਸ਼ੁਰੂ ਕਰ ਦੇਣਾ ਹੈ।

Shyna

This news is Content Editor Shyna