ਟਰੈਫਿਕ ਪੁਲਸ ਦੀ ਨਵੀਂ ਟੀਮ ਨੇ ਸੁਲਝਾਈ ਆਵਾਜਾਈ ਦੀ ਉਲਝੀ ਤਾਣੀ

10/20/2018 12:34:26 AM

ਬਾਘਾਪੁਰਾਣਾ, (ਜ.ਬ.)- ਲੰਮੇ ਸਮੇਂ ਬਾਅਦ ਸ਼ਹਿਰ ਦੀ ਆਵਾਜਾਈ ਵਾਲੀ ਉਲਝੀ ਤਾਣੀ ਹੁਣ ਸੁਲਝੀ ਹੋਈ ਦਿਖਾਈ ਦੇਣ ਲੱਗੀ। ਟਰੈਫਿਕ ਕਰਮੀਆਂ ਦੀ ਗੈਰ ਹਾਜ਼ਰੀ ਕਾਰਨ ਸੁੰਨੇ ਰਹਿੰਦੇ ਸ਼ਹਿਰ ਦੇ ਦੋ ਮੁੱਖ ਚੌਂਕਾਂ ’ਚ ਹੁਣ ਨੀਲੀਆਂ ਚਿੱਟੀਆਂ ਵਰਦੀਆਂ ਵਾਲੇ ਸਿਪਾਹੀ ਸਵੇਰ 8 ਤੋਂ ਦੇਰ ਰਾਤ ਤੱਕ ਨਿਰੰਤਰ ਦਿਖਾਈ ਦਿੰਦੇ ਹਨ। ਉਪਰ ਪੁਲਸ ਕਪਤਾਨ ਕੋਲ ਸ਼ਹਿਰ ਦੇ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਿਛਲੇ ਸਮੇਂ ਦੌਰਾਨ ਲਗਾਤਾਰ ਪੁੱਜਦੀਆਂ ਟਰੈਫਿਕ ਪ੍ਰਣਾਲੀ ਦੇ ਵਿਗਡ਼ੇ ਹੋਣ ਦੀਆਂ ਸ਼ਿਕਾਇਤਾਂ ਦਾ ਪੁਲਸ ਅਧਿਕਾਰੀ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ। ਲੋਕਾਂ ਦਾ ਕਹਿਣਾ ਸੀ ਕਿ ਖੁਦ ਬੇਲਗਾਮ ਹੋਈ ਟਰੈਫਿਕ ਪੁਲਸ ਦੀ ਟੀਮ ਆਵਾਜਾਈ ਦੇ ਵਿਗਡ਼ੇ ਮਿਜਾਜ਼ ਨੂੰ ਹਰਗਿਜ਼ ਦਰੁਸਤ ਨਹੀਂ ਕਰ ਸਕਦੀ। ਇਹੀ ਕਾਰਨ ਹੈ ਕਿ ਉਪ ਪੁਲਸ ਕਪਤਾਨ ਰਣਜੋਧ ਸਿੰਘ ਨੇ ਹੁਣ ਸ਼ਹਿਰ ਦੀ ਆਵਾਜਾਈ ਨੂੰ ਲੀਹ ਉਪਰ ਲਿਆਉਣ ਵਾਸਤੇ ਏ. ਐੱਸ. ਆਈ. ਜਸਵੰਤ ਸਿੰਘ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਟਰੈਫਿਕ ਨਿਯਮਾਂ ਦੀ ਡੂੰਘੀ ਸਮਝ ਰੱਖਣ ਵਾਲੇ ਜਸਵੰਤ ਸਿੰਘ ਜੋ ਕਿ ਸਕੂਲਾਂ ਆਦਿ ’ਚ ਜਾ ਕੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਦਾ ਪਾਠ ਵੀ ਪਡ਼ਾਉਂਦੇ ਰਹੇ ਹਨ ਹੁਣ ਇੱਥੇ ਚੌਂਕ ’ਚ ਸਾਰਾ ਦਿਨ ਹਾਜ਼ਰ ਰਹਿੰਦੇ ਹਨ ਜੋ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਰੋਕ ਕੇ ਹਲੀਮੀ ਨਾਲ ਪਾਠ ਪਡ਼ਾਉਂਦੇ ਹਨ। ਲੋਕਾਂ ਨੇ ਡੀ. ਐੱਸ. ਪੀ. ਬਾਘਾਪੁਰਾਣਾ ਨੂੰ ਬੇਨਤੀ ਕੀਤੀ ਕਿ ਉਹ ਹੁਣ ਆਵਾਜਾਈ ਦੇ ਸੁਚਾਰੂ ਹੱਲ ਲਈ ਖੁਦ ਨਿਗਰਾਨੀ ਵੀ ਰੱਖਣ ਕਿਤੇ ਅਜਿਹਾ ਨਾ ਹੋਵੇ ਕਿ ਕੁੱਝ ਦਿਨਾਂ ਬਾਅਦ ਪਰਨਾਲਾ ਉਥੇ ਦਾ ਉਥੇ ਹੀ ਦਿਸੇ।