ਸਰਪੰਚ ਕਤਲ ਮਾਮਲੇ ’ਚ ਇਕ ਦੋਸ਼ੀ ਨੂੰ ਉਮਰ ਕੈਦ ਅਤੇ ਦੂਜਾ ਬਰੀ

11/15/2018 1:40:17 AM

ਮੋਗਾ, (ਸੰਦੀਪ)- ਜ਼ਿਲਾ ਸੈਸ਼ਨ ਜੱਜ ਤਰਸੇਮ ਮੰਗਲਾਂ ਦੀ ਅਦਾਲਤ ਨੇ ਡੇਢ ਸਾਲ ਪਹਿਲਾਂ ਜ਼ਿਲੇ ਦੇ ਪਿੰਡ ਮਾਣੂੰਕੇ ਗਿੱਲ ਦੇ ਨੌਜਵਾਨ ਸਰਪੰਚ ਦੇ ਕਤਲ ਦੇ ਮਾਮਲੇ ’ਚ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਦੋ ਦੋਸ਼ੀਆਂ ’ਚੋਂ ਇਕ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਅਤੇ ਦੂਸਰੇ ਨੂੰ ਸਬੂਤਾਂ ਦੀ ਭਾਰੀ ਘਾਟ ਕਰ ਕੇ ਬਰੀ ਕਰਨ ਦਾ ਹੁਕਮ ਦਿੱਤਾ ਹੈ। ਜਾਣਕਾਰੀ ਮੁਤਾਬਕ ਥਾਣਾ ਨਿਹਾਲ ਸਿੰਘ ਵਾਲਾ ਪੁਲਸ ਨੂੰ 6 ਅਪ੍ਰੈਲ 2017 ਨੂੰ ਦਿੱਤੀ ਗਈ ਸ਼ਿਕਾਇਤ ’ਚ ਕਤਲ ਹੋਏ ਸਰਪੰਚ ਦੀ ਮਾਤਾ ਸੁਰਿੰਦਰਪਾਲ ਕੌਰ ਪਤਨੀ ਗੁਰਮੇਲ ਸਿੰਘ ਨੇ ਦੋਸ਼ ਲਾਏ ਸਨ ਕਿ ਉਸ ਦਾ ਛੋਟਾ ਬੇਟਾ ਬੇਅੰਤ ਸਿੰਘ ਪਿਛਲੇ ਦਿਨੀਂ ਹੋਈਆਂ ਸਰਪੰਚੀ ਚੋਣਾਂ ਦੌਰਾਨ ਸਰਪੰਚ ਚੁਣਿਆਂ ਗਿਆ ਸੀ। ਪਿੰਡ ਦੇ ਕਈ ਵਿਅਕਤੀ ਉਸ ਦੇ ਬੇਟੇ ਬੇਅੰਤ ਸਿੰਘ ਦੇ ਇੰਨੇ ਛੋਟੀ ਉਮਰ ’ਚ ਹੀ ਸਰਪੰਚ ਚੁਣੇ ਜਾਣ ’ਤੇ ਰੰਜਿਸ਼ ਰੱਖਦੇ ਸਨ,  ਜਿਨ੍ਹਾਂ ’ਚ ਪਿੰਡ ਦਾ ਦੁਕਾਨਦਾਰ ਰਜਿੰਦਰ ਕੁਮਾਰ  ਉਰਫ ਗੋਗਾ ਅਤੇ ਕੁਲਦੀਪ ਸਿੰਘ ਉਰਫ ਕੀਪਾ ਵੀ ਸ਼ਾਮਲ ਸਨ।
 ਉਸ ਨੇ ਦੋਸ਼ ਲਾਇਆ ਸੀ ਕਿ ਰਜਿੰਦਰ ਕੁਮਾਰ ਨਾਲ ਕਈ ਵਾਰ ਉਸ ਦੇ ਲਡ਼ਕੇ ਦੀ ਕਈ ਵਾਰ ਝਪਟ ਵੀ ਹੋਈ ਸੀ ਜਦ ਕਿ ਕੁਲਦੀਪ ਸਿੰਘ ਕੀਪਾ ਨੇ ਉਸ ਦੇ ਲਡ਼ਕੇ ਨਾਲ ਬੋਲ ਚਾਲ ਵੀ ਬੰਦ ਕਰ ਦਿੱਤੀ ਸੀ ਪਰ ਘਟਨਾ ਤੋਂ ਕੁੱਝ ਦਿਨ ਪਹਿਲਾਂ ਕੁਲਦੀਪ ਸਿੰਘ ਕੀਪਾ ਉਨ੍ਹਾਂ ਦੇ ਘਰ ਆਉਣ ਜਾਣ ਲੱਗ ਗਿਆ ਸੀ, ਜਿਸ ਕਰ ਕੇ ਉਸ ਦੇ ਮਨ ’ਚ ਸ਼ੱਕ ਪੈਦਾ ਹੋ ਗਿਆ ਸੀ। ਉਸ ਨੇ ਦੋਸ਼ ਲਾਇਆ ਕਿ ਘਟਨਾ ਵਾਲੇ ਦਿਨ-ਰਾਤ ਨੂੰ ਕੀਪਾ ਉਸ ਦੇ ਲਡ਼ਕੇ ਨੂੰ ਮੋਬਾਇਲ ’ਚ ਪੈਸੇ ਪਵਾਉਣ ਦੀ ਗੱਲ ਕਹਿ ਕੇ ਘਰੋਂ ਬਾਹਰ ਲੈ ਗਿਆ। ਸ਼ੱਕ ਹੋਣ ਕਰ ਕੇ ਉਸ ਨੇ ਆਪਣੀ ਬੇਟੀ ਨੂੰ ਨਾਲ ਲੈ ਕੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਜਦੋਂ ਕੁਲਦੀਪ ਸਿੰਘ ਕੀਪਾ ਉਸ ਦੇ ਲਡ਼ਕੇ ਨੂੰ ਰਜਿੰਦਰ ਕੁਮਾਰ ਦੀ ਦੁਕਾਨ ’ਤੇ ਲੈ ਗਿਆ ਜਿਥੇ ਉਨ੍ਹਾਂ ਦੀ ਆਪਸੀ ਝਡ਼ਪ ਹੋ ਗਈ ਤੇ ਉਨ੍ਹਾਂ ਦੇ ਸਾਹਮਣੇ ਹੀ ਕੁਲਦੀਪ ਸਿੰਘ ਤੇ ਰਜਿੰਦਰ ਕੁਮਾਰ ਨੇ ਉਸ ਦੇ ਲਡ਼ਕੇ ਦੇ ਗੋਲੀਅਾਂ ਮਾਰ ਦਿੱਤੀਆਂ ਤੇ ਉਹ ਜ਼ਖਮੀ ਲਡ਼ਕੇ ਨੂੰ ਲੈ ਕੇ ਸਰਕਾਰੀ ਹਸਪਤਾਲ ਨਿਹਾਲ ਸਿੰਘ ਵਾਲਾ ਪੁੱਜੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 
ਇਸ ਮਾਮਲੇ ’ਚ ਮਾਨਯੋਗ ਅਦਾਲਤ ਵੱਲੋਂ ਆਖਰੀ ਸੁਣਵਾਈ ਦੌਰਾਨ ਕੁਲਦੀਪ ਸਿੰਘ ਕੀਪਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ। ਮਾਨਯੋਗ ਅਦਾਲਤ ਵੱਲੋਂ ਜ਼ੁਰਮਾਨਾ ਨਾ ਭਰਨ ਦੀ ਸੂਰਤ ’ਚ ਉਸ ਨੂੰ ਦੋ ਸਾਲ ਦੀ ਵਾਧੂ ਸਜ਼ਾ ਵੀ ਕੱਟਣ ਦਾ ਹੁਕਮ ਦਿੱਤਾ ਗਿਆ। ਅਦਾਲਤ ਵੱਲੋਂ ਇਸ ਮਾਮਲੇ ’ਚ ਸ਼ਾਮਲ ਦੂਸਰੇ ਦੋਸ਼ੀ ਰਜਿੰਦਰ ਕੁਮਾਰ ਨੂੰ ਬਰੀ ਕਰਨ ਦਾ ਹੁਕਮ ਦਿੱਤਾ ਹੈ।