ਅਧਿਆਪਕ ਮੋਰਚੇ ਦੇ ਹੱਕ ’ਚ ਉਤਰੀਆਂ ਜਨਤਕ ਜਥੇਬੰਦੀਆਂ, ਕੀਤਾ ਰੋਸ ਮਾਰਚ

10/17/2018 4:49:31 AM

ਬਠਿੰਡਾ, (ਸੁਖਵਿੰਦਰ)- ਪੰਜਾਬ ਤੇ ਯੂ. ਟੀ. ਮੁਲਾਜ਼ਮ ਐਕਸ਼ਨ ਸੰਘਰਸ਼ ਕਮੇਟੀ ਅਤੇ ਵੱਖ-ਵੱਖ ਜਨਤਕ ਜਥੇਬੰਦੀਆਂ ਵਲੋਂ ਅਧਿਆਪਕਾਂ ਦੀ ਹਮਾਇਤ ’ਚ ਬਠਿੰਡਾ ਵਿਖੇ ਰੋਸ ਮਾਰਚ ਕੱਢ ਕੇ ਸਰਕਾਰ ਤੋਂ ਅਧਿਆਪਕਾਂ ਦੀਅਾਂ ਮੰਗਾਂ ਨੂੰ ਹੱਲ ਕਰਨ ਦੀ ਮੰਗ ਕੀਤੀ ਗਈ। 
ਜਾਣਕਾਰੀ ਅਨੁਸਾਰ ਪਟਿਆਲਾ ਵਿਖੇ ਚੱਲ ਰਹੇ ਅਧਿਆਪਕ ਮੋਰਚੇ ਦੇ ਹੱਕ ’ਚ ਉਤਰਦਿਆ ਪੰਜਾਬ ਯੂ. ਟੀ. ਐਕਸ਼ਨ ਕਮੇਟੀ, ਜਨਤਕ ਜਥੇਬੰਦੀਅਾਂ (ਜੇ. ਪੀ. ਐੱਮ. ਓ.) ਅਤੇ ਪੀ. ਐੱਸ. ਐੱਫ. ਵਲੋਂ ਜ਼ਿਲਾ ਪੱਧਰ ’ਤੇ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਦੀ ਸ਼ੁਰੂਆਤ ਚਿਲਡਰਨ ਪਾਰਕ ਤੋਂ ਕੀਤੀ ਗਈ ਅਤੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦਾ ਹੋਇਆ ਵਾਪਸ ਅੰਬੇਡਕਰ ਚੌਕ ਵਿਚ ਸਮਾਪਤ ਹੋਇਆ। ਇਸ ਮੌਕੇ ਰੋਸ ਮਾਰਚ ਦੀ ਅਗਵਾਈ ਕਰਦਿਅਾਂ ਸਾਥੀ ਮਹੀਪਾਲ ਵਲੋਂ ਸੂਬਾ ਸਰਕਾਰ ਦੇ ਅਧਿਆਪਕਾਂ ਪ੍ਰਤੀ ਵਰਤੇ ਜਾ ਰਹੇ ਸਖ਼ਤ ਰਵੱਈਏ ਦੀ  ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਅਧਿਆਪਕਾਂ ਦੀਅਾਂ ਮੰਗਾਂ  ਨੂੰ ਮਨਜੂਰ ਨਾ ਕਰਕੇ ਸਿੱਖਿਆ ਦੇ ਸਰਕਾਰੀ ਤੰਤਰ ਨੂੰ ਖ਼ਤਮ ਕਰਨ ਦਾ ਸਬੂਤ ਦਿੱਤਾ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਕੇ ਰੋਸ ਜਤਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਪੁਰਜ਼ੋਰ ਹਮਾਇਤ ਕੀਤੀ ਜਾਵੇਗੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀਅਾਂ ਮੰਗਾਂ ਨੂੰ ਤੁਰੰਤ ਮੰਨਜੂਰ ਕੀਤਾ ਜਾਵੇ। ਇਸ ਮੌਕੇ ਪ੍ਰਕਾਸ਼ ਸਿੰਘ ਨੰਦਗਡ਼੍ਹ, ਗਗਨਦੀਪ ਮੰਡੀ ਕਲਾਂ, ਹੰਸ ਰਾਜ ਬੀਜਵਾ, ਸੁਖਮੰਦਰ ਸਿੰਘ, ਤੇਜਾ ਸਿੰਘ, ਮਦਨ ਰਾਣਾ, ਗੁਰਦੀਪ ਸਿੰਘ ਬਰਾਡ਼, ਕਿਸੋਰ ਚੰਦ , ਸੁਖਚੈਨ ਸਿੰਘ ਆਦਿ ਮੌਜੂਦ ਸਨ।
ਇੰਪਲਾਈਜ਼ ਫੈੱਡਰੇਸ਼ਨ ਨੇ ਅਧਿਆਪਕਾਂ ਦਾ ਕੀਤਾ ਸਮਰਥਨ 
 ਲਹਿਰਾ ਮੁਹੱਬਤ, (ਮਨੀਸ਼)-ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੀ ਇੰਪਲਾਈਜ਼ ਫੈੱਡਰੇਸ਼ਨ ਦੇ ਪ੍ਰਧਾਨ ਅਤੇ ਸੂੂਬਾ ਆਗੂ ਬਲਜੀਤ ਬਰਾਡ਼ ਨੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਰਾਜ ਸਰਕਾਰ ਦੀ ਨਿਖੇਧੀ ਕਰਦਿਆਂ ਐੱਸ. ਐੱਸ. ਏ./ਰਮਸਾ ਅਧਿਆਪਕਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਸਸਪੈਂਡ ਕਰਨਾ ਗਲਤ ਹੈ। ਉਨ੍ਹਾਂ ਇਨ੍ਹਾਂ ਅਧਿਆਪਕਾਂ ਨੂੰ ਪੂਰੀ ਤਨਖਾਹ ਸਕੇਲ ਨਾਲ ਸਿੱਖਿਆ ਵਿਭਾਗ ’ਚ ਰੈਗੂਲਰ ਕਰਨ ਦੀ ਮੰਗ ਕੀਤੀ ਹੈ।