ਮਾਲਕਾਂ ਦੇ ਘਰ ਨਾ ਹੋਣ ਦਾ ਨੌਕਰਾਣੀ ਨੇ ਚੁੱਕਿਆ ਫਾਇਦਾ, ਲੱਖਾਂ ਰੁਪਏ ਲੈ ਹੋਈ ਫਰਾਰ

11/21/2019 1:04:16 AM

ਲੁਧਿਆਣਾ,(ਰਿਸ਼ੀ)- ਪਤੀ ਨੂੰ ਕੈਨੇਡਾ ਦੀ ਫਲਾਈਟ ਲਈ ਚਡ਼੍ਹਾਉਣ ਦਿੱਲੀ ਏਅਰਪੋਰਟ ਗਈ ਪਤਨੀ ਦੀ ਅਲਮਾਰੀ ’ਚੋਂ ਨੌਕਰਾਣੀ 11 ਲੱਖ ਰੁਪਏ ਚੋਰੀ ਕਰ ਕੇ ਪਰਿਵਾਰ ਸਮੇਤ ਘਰ ਛੱਡ ਕੇ ਫਰਾਰ ਹੋ ਗਈ। ਥਾਣਾ ਮਾਡਲ ਟਾਊਨ ਦੀ ਪੁਲਸ ਨੇ ਨੌਕਰਾਣੀ ਅਤੇ ਉਸ ਦੇ ਪਤੀ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਨੌਕਰਾਣੀ ਮੀਰਾ ਅਤੇ ਉਸ ਦੇ ਪਤੀ ਸਾਹਿਬ ਲਾਲ ਵਜੋਂ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਪਵਨ ਕੁਮਾਰ ਦੇ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪਤਨੀ ਇੰਦਰਪ੍ਰੀਤ ਕੌਰ ਨਿਵਾਸੀ ਮਾਡਲ ਟਾਊਨ ਐਕਸਟੈਂਸ਼ਨ ਨੇ ਦੱਸਿਆ ਕਿ ਉਹ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਹੈ ਅਤੇ ਸ਼ਿਮਲਾਪੁਰੀ ’ਚ ਤਾਇਨਾਤ ਹੈ। ਪਤੀ ਰਾਜੀਵ ਕੁਮਾਰ ਦਾ ਨਟ-ਬੋਲਟ ਦਾ ਬਿਜ਼ਨੈੱਸ ਹੈ। ਉਹ ਘਰ ਆਪਣੇ ਬਿਰਧ ਸੱਸ-ਸਹੁਰਾ ਅਤੇ 2 ਬੱਚਿਆਂ ਦੇ ਨਾਲ ਰਹਿੰਦੀ ਹੈ। ਪਤੀ ਆਮ ਕਰ ਕੇ ਬਿਜ਼ਨੈੱਸ ਸਬੰਧੀ ਵਿਦੇਸ਼ ਜਾਂਦੇ ਹਨ। ਕੁਝ ਦਿਨ ਪਹਿਲਾਂ ਕਿਤੋਂ 11 ਲੱਖ ਰੁਪਏ ਦੀ ਪੇਮੈਂਟ ਆਈ ਸੀ, ਜਿਸ ਨੂੰ ਅਲਮਾਰੀ ’ਚ ਰੱਖ ਦਿੱਤਾ ਸੀ। ਬੀਤੀ 16 ਨਵੰਬਰ ਨੂੰ ਆਪਣੇ ਪਤੀ ਨੂੰ ਛੱਡਣ ਲਈ ਏਅਰਪੋਰਟ ’ਤੇ ਚਲੀ ਗਈ ਅਤੇ 2 ਦਿਨਾਂ ਬਾਅਦ ਸਵੇਰੇ 10 ਵਜੇ ਵਾਪਸ ਆ ਕੇ ਆਪਣੀ ਨੌਕਰੀ ’ਤੇ ਚਲੀ ਗਈ। ਸ਼ਾਮ 5 ਵਜੇ ਪਤੀ ਨੇ ਫੋਨ ਕਰ ਕੇ ਅਲਮਾਰੀ ’ਚੋਂ ਪੈਸੇ ਕਢਵਾ ਕੇ ਸਵੇਰੇ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਕਿਹਾ। ਜਦੋਂ ਉਸ ਨੇ ਅਲਮਾਰੀ ਖੋਲ੍ਹੀ ਤਾਂ ਨਕਦੀ ਗਾਇਬ ਦੇਖ ਕੇ ਦੰਗ ਰਹਿ ਗਈ। ਸ਼ੱਕ ਹੋਣ ’ਤੇ ਉਹ ਆਪਣੀ ਨੌਕਰਾਣੀ ਦੇ ਘਰ ਗਈ ਤਾਂ ਪਤਾ ਲੱਗਾ ਕਿ ਬੀਤੀ 15 ਨਵੰਬਰ ਨੂੰ ਉਹ ਆਪਣੇ ਪਰਿਵਾਰ ਸਮੇਤ ਘਰੋਂ ਸਾਮਾਨ ਚੁੱਕ ਕੇ ਚਲੀ ਗਈ ਹੈ, ਜਿਸ ’ਤੇ ਨੌਕਰਾਣੀ ’ਤੇ ਸ਼ੱਕ ਹੋਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਦੇ ਮੁਤਾਬਕ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਨੌਕਰਾਣੀ ਅਤੇ ੳੁਸ ਦੇ ਪਰਿਵਾਰ ਵਾਲਿਆਂ ਦੇ ਮੋਬਾਇਲ ਨੰਬਰਾਂ ਤੋਂ ਉਸ ਤੱਕ ਪੁੱਜਣ ਦਾ ਯਤਨ ਕੀਤਾ ਜਾ ਰਿਹਾ ਹੈ। ਮਾਲਕਣ ਦੇ ਮੁਤਾਬਕ ਨੌਕਰਾਣੀ ਸਵੇਰੇ 11 ਵਜੇ ਆ ਕੇ ਦੁਪਹਿਰ 1 ਵਜੇ ਸਾਫ ਸਫਾਈ ਅਤੇ ਭਾਂਡੇ ਸਾਫ ਕਰ ਕੇ ਵਾਪਸ ਚਲੀ ਜਾਂਦੀ ਸੀ। ਉਸੇ ਨੇ ਮੌਕਾ ਦੇਖ ਕੇ ਨਕਦੀ ਚੋਰੀ ਕਰ ਲਈ।

Bharat Thapa

This news is Content Editor Bharat Thapa