ਨਤੀਜਿਆਂ ਦਾ ਅਸਰ ਪੰਜਾਬ ’ਚ ਵੀ ਦਿਖੇਗਾ, ਔਰਤਾਂ ਨੂੰ ਭਾਜਪਾ ’ਚ ਦਿਸਦੀ ਹੈ ਇਮਾਨਦਾਰੀ ਤੇ ਸੁਰੱਖਿਆ ਦੀ ਗਾਰੰਟੀ : ਚੁੱਘ

12/05/2023 6:16:21 PM

ਚੰਡੀਗੜ੍ਹ (ਬਿਊਰੋ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ 5 ਰਾਜਾਂ ਦੀਆਂ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਏ ਹਨ। ਉਹ ਨਰਿੰਦਰ ਮੋਦੀ-ਅਮਿਤ ਸ਼ਾਹ ਅਤੇ ਜੇ. ਪੀ. ਨੱਡਾ ਨੂੰ ਵੀ ਕਾਫੀ ਭਰੋਸੇਮੰਦ ਮੰਨੇ ਜਾਂਦੇ ਹਨ। ਅੰਮ੍ਰਿਤਸਰ ਤੋਂ ਨਿਕਲ ਕੇ ਸੱਤਾਧਾਰੀ ਭਾਜਪਾ ਲਈ ਕੇਂਦਰੀ ਪੱਧਰ ’ਤੇ ਸੰਗਠਨ ’ਚ ਜ਼ਿੰਮੇਵਾਰੀ ਮਿਲਣਾ ਉਨ੍ਹਾਂ ਦੇ ਕੱਦ ਨੂੰ ਦਰਸਾਉਂਦਾ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਅਤੇ ਪੰਜਾਬ ਨਾਲ ਸਬੰਧਤ ਹੋਰ ਮੁੱਦਿਆਂ ’ਤੇ ਤਰੁਣ ਚੁੱਘ ਨਾਲ ‘ਜਗ ਬਾਣੀ’ ਦੇ ਹਰੀਸ਼ਚੰਦਰ ਨੇ ਗੱਲਬਾਤ ਕੀਤੀ, ਉਸ ਗੱਲਬਾਤ ਦੇ ਮੁੱਖ ਅੰਸ਼:-
ਮੋਦੀ ਸਰਕਾਰ ਨੇ ਪੰਜਾਬ ਨੂੰ ਅਨੇਕ ਵਿਕਾਸ ਕਾਰਜਾਂ ਦੀ ਸੌਗਾਤ ਦਿੱਤੀ

ਸਵਾਲ : ਪੰਜਾਬ ਦਾ ਸਰਦ ਰੁੱਤ ਵਿਧਾਨ ਸਭਾ ਸੈਸ਼ਨ ਹਾਲ ਹੀ ਵਿਚ ਸਮਾਪਤ ਹੋਇਆ, ਤੁਸੀਂ ਇਸ ਬਾਰੇ ਕੀ ਕਹੋਗੇ?
ਜਵਾਬ : 3 ਕਰੋੜ ਪੰਜਾਬੀਆਂ ਦੇ ਜੀਵਨ, ਸੁਰੱਖਿਆ ਅਤੇ ਸਿਹਤ ਲਈ ਪੰਜਾਬ ਅਸੈਂਬਲੀ ਦਾ ਸਰਦ ਰੁੱਤ ਇਜਲਾਸ 24 ਘੰਟੇ ਵੀ ਨਹੀਂ ਚੱਲਿਆ, ਕੋਈ ਠੋਸ ਚਰਚਾ ਨਹੀਂ ਹੋਈ। ਸਰਕਾਰ ਦਾ ਕੋਈ ਦ੍ਰਿਸ਼ਟੀਕੋਣ ਨਹੀਂ ਹੈ, ਪੰਜਾਬ ਦੇ ਹਾਲਾਤ ਲਾਅ ਐਂਡ ਆਰਡਰ ਦੇ ਮਾਮਲੇ ਵਿਚ ਅਤਿ ਗੰਭੀਰ ਬਣੇ ਹਨ, ਇਸ ਲਈ ਕੋਈ ਠੋਸ ਚਰਚਾ ਨਹੀਂ ਹੋਈ। ਸੂਬੇ ਵਿਚ ਵਿੱਤੀ ਐਮਰਜੈਂਸੀ ਵਰਗੀ ਸਥਿਤੀ ਬਣੀ ਹੋਈ ਹੈ ਪਰ ਇਸ ਸੈਸ਼ਨ ਵਿਚ ਇਸ ਬਾਰੇ ਕੋਈ ਚਰਚਾ ਨਹੀਂ ਹੋਈ।

ਇਹ ਵੀ ਪੜ੍ਹੋ : ਗ਼ੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, 7 ਵਿਅਕਤੀ ਗ੍ਰਿਫ਼ਤਾਰ

ਸਵਾਲ : ਮੁੱਖ ਮੰਤਰੀ ਨੇ ਇਸ ਸੈਸ਼ਨ ਦੌਰਾਨ ਕਿਹਾ ਕਿ ਭਾਜਪਾ ਦੀ ਚੱਲੇ ਤਾਂ ਉਹ ਪੰਜਾਬ ਦਾ ਨਾਮ ਰਾਸ਼ਟਰੀ ਗੀਤ ਵਿਚੋਂ ਹਟਾ ਦੇਵੇ।
ਜਵਾਬ : ਮੁੱਖ ਮੰਤਰੀ ਦਾ ਰਾਸ਼ਟਰੀ ਗੀਤ ਵਿਚੋਂ ਪੰਜਾਬ ਨੂੰ ਹਟਾਉਣ ਦਾ ਬਿਆਨ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਚੁਣੌਤੀ ਦੇਣ ਵਾਲਾ ਹੈ। ਇਹ ਵੱਖਵਾਦੀਆਂ ਦੀ ਭਾਸ਼ਾ ਬੋਲਣ ਅਤੇ ਪੰਜਾਬ ਨੂੰ ਕਾਲੇ ਦੌਰ ਵਿਚ ਧੱਕਣ ਦੇ ਬਰਾਬਰ ਹੈ, ਮੈਂ ਇਸ ਦੀ ਨਿੰਦਾ ਕਰਦਾ ਹਾਂ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਸਰਹੱਦ ਦੀ ਰਾਖੀ ਕਰਨ ਵਾਲਾ ਸੂਬਾ ਹੈ। ਦੇਸ਼ ਦੀ ਏਕਤਾ ਅਤੇ ਅਖੰਡਤਾ ਅਤੇ ਅੰਦਰੂਨੀ ਸੁਰੱਖਿਆ ਲਈ ਪੰਜਾਬੀਆਂ ਨੇ ਸੈਂਕੜੇ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹ੍ਹਾਂ ਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

ਸਵਾਲ : ਮੁੱਖ ਮੰਤਰੀ ਕੇਂਦਰ 'ਤੇ ਪੰਜਾਬ ਨੂੰ ਫੰਡ ਜਾਰੀ ਨਾ ਕਰਨ ਅਤੇ ਪੰਜਾਬ ਨਾਲ ਵਿਤਕਰਾ ਕਰਨ ਦੇ ਦੋਸ਼ ਲਗਾਉਂਦੇ ਹਨ, ਤੁਹਾਡਾ ਕੀ ਕਹਿਣਾ ਹੈ?
ਜਵਾਬ : ਸਾਢੇ ਨੌਂ ਸਾਲਾਂ ’ਚ ਐੱਨ. ਡੀ. ਏ. ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਨੂੰ ਕਈ ਵਿਕਾਸ ਕਾਰਜਾਂ ਦੀ ਸੌਗਾਤ ਦਿੱਤੀ ਹੈ, ਸਾਬਕਾ ਕਾਂਗਰਸ ਅਤੇ ਹੁਣ ਐੱਨ.ਡੀ.ਏ. ਸਰਕਾਰ ਦੀ ਤੁਲਨਾ ਕਰੋ, ਸੱਚ ਪਤਾ ਲੱਗ ਜਾਵੇਗਾ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਮੋਦੀ ਸਰਕਾਰ ਨੇ ਪੰਜਾਬ ਦੇ 97 ਲੱਖ 44 ਹਜ਼ਾਰ 112 ਕਿਸਾਨਾਂ ਨੂੰ ਪੀ.ਐੱਮ. ਕਿਸਾਨ ਸਨਮਾਨ ਨਿਧੀ ਦਾ ਪੈਸਾ ਸਿੱਧੇ ਬੈਂਕ ਖਾਤਿਆਂ ਵਿਚ ਪਹੁੰਚਾਇਆ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਏਅਰ ਇੰਡੀਆ ਦਾ ਬਾਈਕਾਟ ਵਾਲੇ ਨਾਅਰੇ ਲਿਖਣ ਵਾਲੇ HFJ ਦੇ ਕਾਰਕੁੰਨਾਂ ਨੂੰ ਕੀਤਾ ਗ੍ਰਿਫਤਾਰ 

ਸਵਾਲ : ਭਾਜਪਾ ਨੇ ਹਾਲੀਆ ਵਿਧਾਨ ਸਭਾ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ, ਤੁਸੀਂ ਪਾਰਟੀ ਦੇ ਸੀਨੀਅਰ ਨੇਤਾ ਹੋ, ਤੁਸੀਂ ਇਨ੍ਹਾਂ ਨਤੀਜਿਆਂ ਨੂੰ ਕਿਵੇਂ ਦੇਖਦੇ ਹੋ?
ਜਵਾਬ : ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਭਾਜਪਾ ਨੂੰ ਜੋ ਵੱਡੀ ਜਿੱਤ ਮਿਲੀ ਹੈ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗਰੀਬਾਂ ਪ੍ਰਤੀ ਨੀਤੀਆਂ ਦੀ ਜਿੱਤ ਹੈ। ਮੋਦੀ ਸਰਕਾਰ ਨੇ ਦੇਸ਼ ਭਰ ਵਿਚ ਗਰੀਬਾਂ ਲਈ 4 ਕਰੋੜ ਘਰ ਬਣਾਵਾ ਕੇ ਦਿੱਤੇ, 16 ਕਰੋੜ ਲੋਕਾਂ ਦੇ ਘਰਾਂ ਵਿਚ ਪੀਣ ਵਾਲਾ ਸਾਫ ਪਾਣੀ ਯਕੀਨੀ ਬਣਾਇਆ, 50 ਕਰੋੜ ਲੋਕਾਂ ਦਾ ਸਿਹਤ ਬੀਮਾ ਕਰਵਾਇਆ, ਅਜਿਹੀਆਂ ਨੀਤੀਆਂ ਕਾਰਣ ਲੋਕਾਂ ਦਾ ਭਾਜਪਾ ’ਤੇ ਭਰੋਸਾ ਵਧਿਆ ਹੈ। ਦੂਜੇ ਪਾਸੇ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਵੀ ਲੋਕਾਂ ਤੋਂ ਲੁਕੀ ਹੋਈ ਨਹੀਂ ਹੈ। ਰਾਜਸਥਾਨ ਅਤੇ ਛੱਤੀਸਗੜ੍ਹ ਵਰਗੇ ਰਾਜਾਂ ਵਿਚ ਭਾਜਪਾ ਕਾਂਗਰਸ ਤੋਂ ਸੱਤਾ ਖੋਹਣ ਵਿਚ ਸਫਲ ਰਹੀ ਹੈ। ਕਾਂਗਰਸ ਨੂੰ ਤਿੰਨਾਂ ਰਾਜਾਂ ਵਿਚ ਲੋਕਾਂ ਨੇ ਨਕਾਰ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਵੀ ਜ਼ੀਰੋ ਰਹੀ ਹੈ। ਉਹ ਚਾਰ ਰਾਜਾਂ ਦੀਆਂ 600 ਤੋਂ ਵੱਧ ਸੀਟਾਂ ਵਿਚੋਂ ਇੱਕ ਵੀ ਸੀਟ ਨਹੀਂ ਜਿੱਤ ਸਕੀ ਅਤੇ ਹਰ ਥਾਂ ਉਸ ਦੀ ਜ਼ਮਾਨਤ ਜ਼ਬਤ ਹੋ ਗਈ। ਇਨ੍ਹਾਂ ਨਤੀਜਿਆਂ ਦਾ ਅਸਰ ਪੰਜਾਬ ਵਿਚ ਵੀ ਦਿਸੇਗਾ।

ਸਵਾਲ : ਕੀ ਲੱਗਦਾ ਹੈ, ਕਿਹੋ ਜਿਹਾ ਅਸਰ ਪੰਜਾਬ ਵਿਚ ਦਿਸੇਗਾ?
ਜਵਾਬ : ਜਿਸ ਤਰ੍ਹਾਂ ਬਾਕੀ ਸੂਬੇ ਤਰੱਕੀ ਕਰ ਰਹੇ ਹਨ, ਉਸ ਦੇ ਮੁਕਾਬਲੇ ਪੰਜਾਬ ਪਛੜ ਗਿਆ ਹੈ। ਇੱਥੇ ਕਿਸੇ ਵੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਐੱਸ.ਸੀ., ਓ.ਬੀ.ਸੀ. ਦੀ ਚਿੰਤਾ ਨਹੀਂ ਕੀਤੀ ਪਰ ਹੁਣ ਲੋਕ ਸਮਝ ਰਹੇ ਹਨ ਕਿ ਜਿਸ ਤਰ੍ਹਾਂ ਗੁਜਰਾਤ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜ ਭਾਜਪਾ ਨੂੰ ਵਾਰ-ਵਾਰ ਸੱਤਾ ਵਿਚ ਲਿਆ ਕੇ ਤਰੱਕੀ ਕਰ ਰਹੇ ਹਨ, ਉਸੇ ਤਰ੍ਹਾਂ ਦੀ ਤਰੱਕੀ ਲਈ ਭਾਜਪਾ ਨੂੰ ਕਮਾਨ ਸੰਭਾਲਣੀ ਪਵੇਗੀ। ਔਰਤਾਂ ਦਾ ਵਿਸ਼ਵਾਸ ਭਾਜਪਾ ਵਿਚ ਹੈ, ਉਨ੍ਹਾਂ ਨੂੰ ਭਾਜਪਾ ਵਿਚ ਹੀ ਇਮਾਨਦਾਰੀ ਅਤੇ ਸੁਰੱਖਿਆ ਦੀ ਗਾਰੰਟੀ ਨਜ਼ਰ ਆਉਂਦੀ ਹੈ।

ਸਵਾਲ : ਤੁਸੀਂ ਤੇਲੰਗਾਨਾ ਦੇ ਵੀ ਇੰਚਾਰਜ ਹੋ, ਉੱਥੋਂ ਦੇ ਚੋਣ ਨਤੀਜਿਆਂ ਨੂੰ ਭਾਜਪਾ ਕਿਵੇਂ ਦੇਖ ਰਹੀ ਹੈ?
ਜਵਾਬ : ਤੇਲੰਗਾਨਾ ਹੀ ਨਹੀਂ, ਕਈ ਦੱਖਣੀ ਰਾਜਾਂ ਵਿਚ ਪਾਰਟੀ ਹਾਲੇ ਆਪਣੇ ਸ਼ੁਰੂਆਤੀ ਦੌਰ ਵਿਚ ਹੈ ਪਰ ਫਿਰ ਵੀ ਤੇਲੰਗਾਨਾ ਵਿਚ ਇਸ ਦੇ ਪ੍ਰਦਰਸ਼ਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਇਸ ਵਾਰ ਸਾਡੀ ਪਾਰਟੀ 1 ਵਿਧਾਇਕ ਤੋਂ 8 ਵਿਧਾਇਕਾਂ ਤੱਕ ਪਹੁੰਚੀ ਹੈ। ਦੱਖਣੀ ਭਾਰਤ ਵਿਚ ਕਰਨਾਟਕ ਤੋਂ ਬਾਅਦ, ਪਾਰਟੀ ਤੇਲੰਗਾਨਾ ਵਿਚ ਵੀ ਵਧੀਆ ਕਰ ਰਹੀ ਹੈ। ਉੱਥੇ ਨਾ ਸਿਰਫ ਭਾਜਪਾ ਦੀ ਸਵੀਕਾਰਤਾ ਵਧੀ ਹੈ, ਸਗੋਂ ਉਸ ਨੂੰ 32.5 ਲੱਖ ਤੋਂ ਵੱਧ ਵੋਟਾਂ ਮਿਲੀਆਂ ਹਨ। ਇਹ ਸਭ ਮੋਦੀ ਸਰਕਾਰ ਵੱਲ ਲੋਕਾਂ ਦੇ ਝੁਕਾਅ ਕਾਰਣ ਹੀ ਸੰਭਵ ਹੋ ਸਕਿਆ ਹੈ। ਹੁਣ ਦੱਖਣੀ ਭਾਰਤ ਵਿਚ ਵੀ ਲੋਕ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ।

ਸਵਾਲ : ਪੰਜਾਬ ’ਚ ਸਰਕਾਰ ਲਗਭਗ ਪੌਣੇ ਦੋ ਸਾਲ ਹੋ ਚੁੱਕੇ ਹਨ, ਸਰਕਾਰ ਦੇ ਕੰਮ ਨੂੰ ਕਿਵੇਂ ਦੇਖਦੇ ਹੋ?
ਜਵਾਬ : ਅੱਜ ਪੰਜਾਬ ਦੇ ਹਾਲਾਤ ਚਿੰਤਾਜਨਕ ਹਨ, ਅਮਨ-ਕਾਨੂੰਨ ਦੀ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਕਰੀਬ 21 ਮਹੀਨਿਆਂ ਵਿਚ ਕਤਲ, ਟਾਰਗੇਟ ਕਿਲਿੰਗ, ਸਿਆਸਤਦਾਨਾਂ ਦੇ ਕਤਲ, ਵਪਾਰੀਆਂ ਦੇ ਕਤਲ, ਛੋਟੇ ਦੁਕਾਨਦਾਰਾਂ ਦੀਆਂ ਹੱਤਿਆਵਾਂ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਸੂਬੇ ਵਿਚ ਕਾਨੂੰਨ ਵਿਵਸਥਾ 'ਤੇ ਕੋਈ ਕੰਟਰੋਲ ਨਹੀਂ ਹੈ। ਗੈਂਗਸਟਰ ਜੇਲ੍ਹਾਂ ਵਿਚ ਸਟੂਡੀਓ ਬਣਾ ਰਹੇ ਹਨ ਅਤੇ ਰਿਕਾਰਡਿੰਗ ਕਰ ਰਹੇ ਹਨ, ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਉਹ ਖੁੱਲ੍ਹੇਆਮ ਧਮਕੀਆਂ ਦੇ ਰਹੇ ਹਨ ਅਤੇ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ। ਇੱਥੇ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ। ਸੂਬੇ ਦਾ ਨੌਜਵਾਨ ਨਸਿ਼ਆਂ ਦੀ ਲਤ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਸਮਾਜ ਦਾ ਹਰ ਵਰਗ ਚਾਹੇ ਉਹ ਕਿਸਾਨ, ਵਪਾਰੀ, ਮਜ਼ਦੂਰ, ਨੌਜਵਾਨ ਜਾਂ ਔਰਤਾਂ ਖੁਦ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪ੍ਰਸ਼ਾਸਨ ਦੇ ਨਿਰਦੇਸ਼, ਬੱਸ ਕਿਊ ਸ਼ੈਲਟਰਾਂ ’ਤੇ ਪ੍ਰਦਰਸ਼ਿਤ ਹੋਣਗੀਆਂ ਸਰਕਾਰੀ ਸਕੀਮਾਂ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha