ਪਡ਼੍ਹਾਈ ਦੀ ਉਮਰ ’ਚ ਭੁੱਖ ਮਿਟਾਉਣ ਲਈ ਸਡ਼ਕਾਂ ’ਤੇ ਭਟਕ ਰਿਹੈ ਦੇਸ਼ ਦਾ ਭਵਿੱਖ

11/15/2018 1:54:48 AM

ਮੋਗਾ, (ਗੋਪੀ ਰਾਊਕੇ)- 14 ਨਵੰਬਰ ਨੂੰ ਹਰ ਸਾਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਬਾਲ ਦਿਵਸ ਦੇ ਰੂਪ ਵਜੋਂ ਦੇਸ਼ ’ਚ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਹੋਣ ਵਾਲੇ ਸਮਾਗਮਾਂ ਦੌਰਾਨ ਦੇਸ਼ ਭਰ ਦੀਆਂ ਸਟੇਜਾਂ ਤੋਂ ਭਾਵੇਂ ਹਰ ਸਾਲ ਸਿਆਸੀ ਨੇਤਾ ਬਾਲਾਂ ਲਈ ਸਕੂਲੀ ਪਡ਼੍ਹਾਈ ਯਕੀਨੀ ਬਣਾਉਣ ਤੋਂ ਇਲਾਵਾ ਉਨ੍ਹਾਂ ਨੂੰ ਬਣਦੇ ਹੱਕ ਦਿਵਾਉਣ ਦੀ ਹਿੱਕ ਠੋਕਵੀਂ ਵਕਾਲਤ ਕਰਦੇ ਹਨ ਪਰ ਸਮਾਗਮ ਖ਼ਤਮ ਹੋਣ ਮਗਰੋਂ ਇਹ ਵਾਅਦੇ ਸਿਰਫ਼ ‘ਲਾਰੇ’ ਹੀ ਬਣ ਕੇ ਰਹਿ ਜਾਂਦੇ ਹਨ। ਤਾਜ਼ਾ ਮਾਮਲਾ ਅੱਜ ਮੋਗਾ ਦੇ ਕੋਟਕਪੂਰਾ ਚੌਕ ਨੇਡ਼ੇ ਸਡ਼ਕ ਦੇ ਇਕ ਕਿਨਾਰੇ ਠੁਰ-ਠੁਰ ਕਰਦੇ ਹੋਏ ਆਪਣੇ ਪੇਟ ਦੀ ਭੁੱਖ ਸ਼ਾਂਤ ਕਰਨ ਲਈ ਝਾਡ਼ੂ ਬਣਾ ਕੇ ਵੇਚਣ ਵਾਲੇ ਨੰਨ੍ਹੇ  ਬੱਚਿਆਂ ਦਾ ਹੈ, ਜਿਨ੍ਹਾਂ ਦੀ ਜ਼ਿੰਦਗੀ ’ਚ ਅੱਜ ਬਾਲ ਦਿਵਸ ਦਾ ਦਿਨ ਕੋਈ ਮਾਇਨੇ ਹੀ ਨਹੀਂ ਰੱਖਦਾ, ਸਗੋਂ ਇਹ 4, 6 ਤੇ ਲਗਭਗ 8 ਸਾਲਾਂ ਦੇ ਬੱਚੇ ਆਪਣੇ ਮਾਪਿਆਂ ਨਾਲ ਰੋਜ਼ਾਨਾ ਦੀ ਤਰ੍ਹਾਂ ਝਾਡ਼ੂ ਬਣਾਉਣ ਵਿਚ ਮਸ਼ਰੂਫ਼ ਸਨ।
ਮਾਡ਼ੀ ਆਰਥਿਕਤਾ ਕਾਰਨ ਕੋਈ ਪੱਕਾ ਰੈਣ ਬਸੇਰਾ ਨਹੀਂ 
 ਗੁਰਬੱਤ ਦੀ ਮਾਰ ਝੱਲਦੇ ਅਰਜੁਨ ਨੂੰ ਜਦੋਂ ਬੱਚਿਆਂ ਨੂੰ ਪਡ਼੍ਹਾਈ ਕਰਨ ਲਈ ਸਕੂਲੇ ਨਾ ਪਾਉਣ ਸਬੰਧੀ ਸਵਾਲ ਕੀਤਾ ਤਾਂ  ਉਸ ਦੀਆਂ ਅੱਖਾਂ ਵਿਚ ਹੰਝੂ ਆਪ ਮੁਹਾਰੇ ਹੀ ਵਹਿ ਤੁਰੇ। ਉਨ੍ਹਾਂ ਕਿਹਾ ਕਿ ਹੁਣ ਜਦੋਂ ਮੇਰਾ ਲਡ਼ਕਾ 3 ਸਾਲ ਦਾ ਹੈ ਤਾਂ ਮਨ ਵਿਚ ਇਹ ਵੱਡੀ ਚਾਹਤ ਹੈ ਕਿ ਇਸ ਨੂੰ ਸਕੂਲ ਵਿਚ ਪਡ਼੍ਹਾਈ ਕਰਵਾ ਕੇ ਕਿਸੇ ਹੋਰ ਕਿੱਤੇ ਲਈ ਪੈਰਾਂ ਸਿਰ ਖਡ਼੍ਹਾ ਕੀਤਾ ਜਾਵੇ ਪਰ ਪਰਿਵਾਰ ਦੀ ਮਾਡ਼ੀ ਆਰਥਿਕ ਹਾਲਤ ਕਰ ਕੇ ਕੋਈ ਪੱਕਾ ਰੈਣ ਬਸੈਰਾ ਹੀ ਨਹੀਂ ਹੈ।  ਉਨ੍ਹਾਂ ਆਖਿਆ ਕਿ ਸਮੇਂ ਦੀਆਂ ਸਰਕਾਰਾਂ ਜੇਕਰ ਸਚਮੁੱਚ ਹੀ ਅੱਖਰ ਗਿਆਨ ਤੋਂ ਕੋਰੇ ਬੱਚਿਆਂ ਨੂੰ ਸਹੀ ਅਰਥਾਂ ਵਿਚ ਸਿੱਖਿਅਤ ਕਰਕੇ ਦੇਸ਼ ਦਾ ਭਵਿੱਖ ਸੰਵਾਰਨ ਲਈ ਵਚਨਬੱਧ ਹਨ ਤਾਂ ਸਾਨੂੰ ਪੱਕਾ ਰੋਜ਼ਗਾਰ ਦੇ ਕੇ ਦੋ ਵਕਤ ਦੀ ਰੋਜ਼ੀ- ਰੋਟੀ ਕਰਨ ਦਾ ਪ੍ਰਬੰਧ ਕਰਕੇ ਦੇਣ।
ਸਰਕਾਰ ਦੇ ਬਾਲ ਮਜ਼ਦੂਰੀ ਨੂੰ ਰੋਕਣ ਦੇ ਦਾਅਵੇ  ਕਾਗਜ਼ਾਂ ਤੱਕ ਹੀ ਸੀਮਿਤ
 ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਕੀਤੇ ਜਾਂਦੇ ਕਥਿਤ ਤੌਰ ’ਤੇ  ਦਾਅਵੇ ਕਾਗਜ਼ਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ। ਸਰਕਾਰ ਵੱਲੋਂ ਹਰ ਸਾਲ ਬਾਲ ਮਜ਼ਦੂਰੀ ਰੋਕੂ ਹਫਤਾ ਮਨਾ ਕੇ ਬੇਸ਼ੱਕ ਕਾਰਵਾਈ ਅਮਲ ’ਚ ਲਿਆਂਦੀ ਜਾਂਦੀ ਹੈ ਪਰ ਉਹ ਕਾਰਵਾਈ ਹਫਤੇ ਉਪਰੰਤ ਗਾਇਬ ਹੋ ਜਾਂਦੀ ਹੈ। ਸ਼ਹਿਰ ਦੇ ਬੁੱਧੀਜੀਵੀ ਪ੍ਰਿੰਸ ਅਰੋਡ਼ਾ, ਸਰਬਜੀਤ ਸਿੰਘ, ਜੋਗਿੰਦਰ ਸਿੰਘ, ਅਤੁਲ ਕੁਮਾਰ ਨੇ ਕਿਹਾ ਕਿ ਸਰਕਾਰ ਬਾਲ ਮਜ਼ਦੂਰੀ ਨੂੰ ਰੋਕਣ ਲਈ ਆਪਣੇ-ਬਣਾਏ ਨਿਯਮਾਂ ਨੂੰ ਸਬੰਧਿਤ ਵਿਭਾਗ ’ਚ ਨਿਰਦੇਸ਼ ਦੇ ਕੇ ਸਖਤੀ ਨਾਲ ਲਾਗੂ ਕਰਵਾਏ। ਸਰਕਾਰ ਸਪੈਸ਼ਲ ਟੀਮਾਂ ਦਾ ਗਠਨ ਕਰ ਕੇ ਸ਼ਹਿਰਾਂ ਅਤੇ ਆਸ-ਪਾਸ ਦੇ ਇਲਾਕਿਆਂ ’ਚ ਦੌਰੇ ਕਰਵਾਏ ਅਤੇ ਕੰਮ ਕਰ ਰਹੇ ਨਿੱਕੇ ਬੱਚਿਆਂ ਨੂੰ ਕੰਮ ਕਰਨ ਤੋਂ ਰੋਕ ਕੇ ਉਨ੍ਹਾਂ ਦੇ ਮਾਪਿਆਂ ਨੂੰ ਬੱਚਿਆਂ ਦੇ ਭਵਿੱਖ ਪ੍ਰਤੀ ਜਾਗਰੂਕ ਕਰੇ ਤਾਂ ਹੀ ਦੇਸ਼ ਦਾ ਭਵਿੱਖ ਅਖਵਾਉਣ ਵਾਲੇ ਬੱਚੇ ਦੇਸ਼ ਦੇ ਸੁਨਹਿਰੀ ਭਵਿੱਖ ’ਚ ਆਪਣਾ ਯੋਗਦਾਨ ਪਾ ਸਕਦੇ ਹਨ।
ਪੇਟ ਦੀ ਖਾਤਿਰ ਨਿੱਕੇ ਨਿਆਣਿਆਂ ਸਮੇਤ ਘਰ ਛੱਡ ਕੇ ਬੇਘਰ ਹੋਣ ਲਈ ਮਜਬੂਰ ਪਰਿਵਾਰ
 ਰਾਜਸਥਾਨ ਦੇ ਉਦੈਪੁਰ ਜ਼ਿਲੇ ਨਾਲ ਸਬੰਧਿਤ ਝਾਡ਼ੂ ਬਣਾ ਰਹੇ ਅਰਜੁਨ ਕੁਮਾਰ ਦਾ ਕਹਿਣਾ ਸੀ ਕਿ ਉਹ ਪੀਡ਼੍ਹੀ ਦਰ ਪੀਡ਼੍ਹੀ ਖਜੂਰ ਦੇ ਪੱਤਿਆਂ ਦੇ ਝਾਡ਼ੂ ਬਣਾ ਕੇ ਆਪਣੀ ਜ਼ਿੰਦਗੀ ਦਾ ਪਹੀਆ ਰੋਡ਼੍ਹਦੇ ਹਨ। ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਇਹ ਵੀ ਨਹੀਂ ਪਤਾ ਕਿ ਸਕੂਲ ਵਿਚ ਪਡ਼੍ਹਾਈ ਕਿਸ ਅੱਖਰ ਤੋਂ ਸ਼ੁਰੂ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਉਹ ਮੋਗਾ ਵਿਖੇ 4 ਪਰਿਵਾਰਾਂ ਦੇ ਕੁੱਲ 17  ਮੈਂਬਰ ਆਏ ਹਨ ਅਤੇ ਇਸ ਸ਼ਹਿਰ ਵਿਚ ਜਿੰਨਾ ਸਮਾਂ ਕੰਮ ਚੱਲੇਗਾ ਉਹ ਝਾਡ਼ੂ ਬਣਾ ਕੇ ਵੇਚਦੇ ਰਹਿਣਗੇ, ਜਦੋਂ ਮੋਗਾ ਵਿਚ ਕੰਮ ਘਟ ਗਿਆ ਤਾਂ ਉਹ ਇੱਥੋਂ ਕਿਸੇ ਹੋਰ ਸ਼ਹਿਰ ਲਈ ਕੂਚ ਕਰ ਜਾਣਗੇ।