ਐਕਸਾਈਜ਼ ਵਿਭਾਗ ਨੇ 70 ਹਜ਼ਾਰ ਲੀਟਰ ਲਾਹਣ ਨਸ਼ਟ ਕਰਵਾਈ

08/23/2019 1:07:58 AM

ਮਲੋਟ, (ਗੋਇਲ)- ਨਾਜਾਇਜ਼ ਤੌਰ ’ਤੇ ਸ਼ਰਾਬ ਕੱਢ ਕੇ ਸਰਕਾਰ ਦੇ ਮਾਲੀਆ ਨੂੰ ਨੁਕਸਾਨ ਪਹੁੰਚਾਏ ਜਾਣ ਬਾਰੇ ਜਾਣਕਾਰੀ ਮਿਲਣ ਉਪਰੰਤ ਐਕਸਾਈਜ਼ ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ 70 ਹਜ਼ਾਰ ਲੀਟਰ ਲਾਹਣ ਨੂੰ ਨਸ਼ਟ ਕਰ ਦਿੱਤਾ ਜਦੋਂਕਿ ਨਾਜਾਇਜ਼ ਸ਼ਰਾਬ ਬਣਾਉਣ ਲਈ ਵਰਤੇ ਜਾ ਰਹੇ ਖਾਲੀ 3 ਡਰੰਮਾਂ ਨੂੰ ਥਾਣਾ ਕਬਰਵਾਲਾ ਨੂੰ ਸੌਂਪ ਦਿੱਤਾ। ਇਸ ਬਾਰੇ ਐਕਸਾਈਜ਼ ਵਿਭਾਗ ਦੇ ਈ.ਟੀ.ਓ. ਵਿਕਰਮ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕੱਟਿਆਂਵਾਲੀ ਕੋਲੋਂ ਲੰਘਦੀ ਨਹਿਰ ਨਾਲ ਖਤਾਨਾਂ ’ਚ ਜਿੱਥੇ ਜੰਗਲੀ ਘਾਹ ਭਾਰੀ ਮਾਤਰਾ ’ਚ ਉੱਗਿਆ ਹੋਇਆ ਹੈ, ਉੱਥੇ ਨਾਜਾਇਜ਼ ਤੌਰ ’ਤੇ ਸ਼ਰਾਬ ਕੱਢੀ ਜਾ ਰਹੀ ਹੈ, ਇਸ ’ਤੇ ਕਾਰਵਾਈ ਕਰਨ ਲਈ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਗੁਰਵਿੰਦਰ ਸਿੰਘ, ਇੰਸਪੈਕਟਰ ਨਛੱਤਰ ਸਿੰਘ ਅਤੇ ਐਕਸਾਈਜ਼ ਵਿਭਾਗ ਦੇ ਪੁਲਸ ਕਰਮਚਾਰੀਆਂ ਵੱਲੋਂ ਟੀਮ ਬਣਾ ਕੇ ਜਦੋਂ ਪਿੰਡ ਕੱਟਿਆਂਵਾਲੀ ਦੇ ਕੋਲ ਨਹਿਰ ਦੇ ਨਾਲ-ਨਾਲ ਦੋਵਾਂ ਪਾਸੇ ਕਰੀਬ 7 ਤੋਂ 8 ਕਿਲੋਮੀਟਰ ਜਾਂਚ ਕੀਤੀ ਤਾਂ ਇਸ ਦੌਰਾਨ ਪਲਾਸਟਿਕ ਦੀਆਂ ਤਰਪਾਲਾਂ, ਲਿਫ਼ਾਫ਼ੇ ਜੋ ਕਿ ਜ਼ਮੀਨ ’ਚ ਦਬਾਏ ਹੋਏ ਸਨ, ਇਨ੍ਹਾਂ ’ਚੋਂ ਕਰੀਬ 70 ਹਜ਼ਾਰ ਲਾਹਣ ਬਰਾਮਦ ਹੋਈ ਜੋ ਕਿ ਮੌਕੇ ’ਤੇ ਹੀ ਟੀਮ ਵੱਲੋਂ ਨਸ਼ਟ ਕਰਵਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਸਵੇਰੇ ਸਾਢੇ 6 ਵਜੇ ਸ਼ੁਰੂ ਹੋਈ ਜੋ ਕਿ ਦੁਪਹਿਰ ਦੇ 1 ਵਜੇ ਤੱਕ ਜਾਰੀ ਰਹੀ। ਇਸ ਦੌਰਾਨ ਦੇਸੀ ਸ਼ਰਾਬ ਬਣਾਉਣ ਲਈ ਵਰਤੇ ਜਾ ਰਹੇ 3 ਡਰੰਮ ਵੀ ਬਰਾਮਦ ਹੋਏ, ਇਨ੍ਹਾਂ ਡਰੰਮਾਂ ਨੂੰ ਥਾਣਾ ਕਬਰਵਾਲਾ ਦੀ ਪੁਲਸ ਨੂੰ ਸੌਂਪਦੇ ਹੋਏ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Bharat Thapa

This news is Content Editor Bharat Thapa