ਕੈਂਟਰ ਦੀ ਲਪੇਟ ’ਚ ਆਉਣ ਨਾਲ ਹੋਈ ਬਜ਼ੁਰਗ ਦੀ ਮੌਤ, ਗੁੱਸੇ ’ਚ ਆਏ ਰਿਸ਼ਤੇਦਾਰਾਂ ਨੇ ਲਾਇਆ ਧਰਨਾ

12/03/2018 5:54:29 AM

ਲੁਧਿਆਣਾ, (ਰਿਸ਼ੀ)-ਸ਼ਨੀਵਾਰ ਸਵੇਰੇ 9.30 ਵਜੇ  ਅਰੋਡ਼ਾ ਸਿਨੇਮਾ ਲਾਈਟਾਂ ਨੇਡ਼ੇ ਤੇਜ਼ ਰਫਤਾਰ ਕੈਂਟਰ ਦੀ ਲਪੇਟ ’ਚ ਆਉਣ ਨਾਲ 75 ਸਾਲਾ ਬਜ਼ੁਰਗ ਰਾਜ਼ੀ ਦੀ ਮੌਤ ਦੇ ਮਾਮਲੇ ’ਚ ਐਤਵਾਰ ਨੂੰ ਗੁੱਸੇ ਵਿਚ ਆਏ ਰਿਸ਼ਤੇਦਾਰਾਂ ਨੇ ਪੁਲਸ ਖਿਲਾਫ ਗਿੱਲ ਰੋਡ ’ਤੇ ਜਾਮ ਲਗਾ ਕੇ ਲਗਭਗ 1 ਘੰਟੇ ਤੱਕ ਧਰਨਾ ਪ੍ਰਦਰਸ਼ਨ ਕਰ ਕੇ ਰੋਸ ਪ੍ਰਗਟ ਕੀਤਾ। ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਉਚਿਤ ਕਾਰਵਾਈ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ।   ਜਾਣਕਾਰੀ ਦਿੰਦਿਅਾਂ ਬੇਟੇ ਸਾਂਭਾ ਨੇ ਦੱਸਿਆ ਕਿ ਹਾਦਸੇ ਸਮੇਂ ਉਥੇ ਨੇਡ਼ੇ ਹੀ 3 ਟਰੈਫਿਕ ਪੁਲਸ ਕਰਮਚਾਰੀ ਮੌਜੂਦ ਸਨ ਪਰ ਕਿਸੇ ਨੇ ਵੀ ਉਨ੍ਹਾਂ ਦੀ ਮਦਦ ਨਹੀਂ ਕੀਤੀ, ਜੇਕਰ ਉਹ ਚਾਹੁੰਦੇ ਤਾਂ ਉਸ ਦੀ ਮਾਂ ਬਚ ਸਕਦੀ ਸੀ ਅਤੇ ਡਰਾਈਵਰ ਨੂੰ ਵੀ ਮੌਕੇ ’ਤੇ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਉਥੇ ਜਦ ਉਹ ਥਾਣਾ ਸ਼ਿਮਲਾਪੁਰੀ ਗਏ ਤਾਂ ਉਥੇ ਮੌਜੂਦ ਪੁਲਸ ਕਰਮਚਾਰੀਆਂ ਨੇ ਵੀ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਜਿਸ ਕਾਰਨ ਇਨਸਾਫ ਦੀ ਮੰਗ ਨੂੰ ਲੈ ਕੇ ਆਪਣੇ 50 ਰਿਸ਼ਤੇਦਾਰਾਂ ਦੇ ਨਾਲ ਧਰਨਾ ਪ੍ਰਦਰਸ਼ਨ ਕੀਤਾ। ਥਾਣਾ ਇੰਚਾਰਜ ਇੰਸ. ਦਵਿੰਦਰ ਸਿੰਘ ਨੇ ਉਨ੍ਹਾਂ ਨੂੰ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ।