ਡੀਜ਼ਲ ਪਵਾਉਣ ਲਈ ਪੰਪ ’ਤੇ ਪੁੱਜਣ ਤੋਂ ਪਹਿਲਾਂ ਹੀ ਕਾਰ ਨੂੰ ਲੱਗੀ ਅੱਗ

06/30/2020 9:19:45 PM

ਜ਼ੀਰਕਪੁਰ, (ਮੇਸ਼ੀ)- ਜ਼ੀਰਕਪੁਰ ਦੇ ਪਟਿਆਲਾ ਮਾਰਗ ’ਤੇ ਸਥਿਤ ਪੈਟਰੋਲ ਪੰਪ ਨਜ਼ਦੀਕ ਇਕ ਇੰਡੀਕਾ ਕਾਰ ਅਚਾਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਜਾਣਕਾਰੀ ਅਨੁਸਾਰ ਚਾਲਕ ਨੇ ਦੱਸਿਆ ਕਿ ਉਹ ਜ਼ੀਰਕਪੁਰ ਤੋਂ ਪਟਿਆਲਾ ਜਾਣ ਲਈ ਡੀਜ਼ਲ ਪਵਾਉਣ ਲਈ ਸਰਵਿਸ ਰੋਡ ਤੋਂ ਲੰਘ ਰਿਹਾ ਸੀ ਤਾਂ ਪੈਟਰੋਲ ਪੰਪ ਤੋਂ ਸਿਰਫ 20 ਗਜ ਦੂਰੀ ਤੋਂ ਪਹਿਲਾਂ ਹੀ ਅਚਾਨਕ ਕਾਰ ਅੰਦਰ ਕੁਝ ਸੜਨ ਦੀ ਬਦਬੂ ਆਉਣ ਲੱਗੀ ਤੇ ਬੋਨਟ ’ਚੋਂ ਥੌੜਾ-ਥੌੜਾ ਧੂੰਆਂ ਨਿਕਲਣ ਲੱਗਾ। ਜਦੋਂ ਕਾਰ ਨੂੰ ਰੋਕ ਕੇ ਬੋਨਟ ਚੁੱਕਿਆਂ ਤਾਂ ਇੱਕੋ ਦਮ ਧੂੰਆਂ ਅਸਮਾਨ ਨੂੰ ਚੜਣ ਲੱਗ ਗਿਆ। ਲੋਕਾਂ ਦੀ ਮਦਦ ਨਾਲ ਮੌਕੇ ’ਤੇ ਕਾਰ ’ਚੋਂ ਬੈਟਰੀ ਕੱਢੀ ਤਾਂ ਇੱਕੋ ਦਮ ਅੱਗ ਭਾਂਬੜ ਵਿਚ ਤਬਦੀਲ ਹੋ ਗਈ। ਜਿਸ ਦੌਰਾਨ ਨਜ਼ਦੀਕ ਦੇ ਲੋਕਾਂ ਅਤੇ ਰਾਹਗੀਰਾਂ ਵਲੋਂ ਅੱਗ ’ਤੇ ਪਾਣੀ ਪਾਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਪੂਰੀ ਤਰ੍ਹਾਂ ਨਾਲ ਅੱਗ ’ਚ ਸੜ ਕੇ ਸੁਆਹ ਹੋ ਗਈ। ਜਿਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ, ਪਰ ਪੁਲਸ ਦੇ ਪੁੱਜਣ ਤਕ ਕਾਰ ਰਾਖ ਵਿਚ ਬਦਲ ਗਈ। ਇਸ ਦੌਰਾਨ ਕਾਰ ਚਾਲਕ ਨੇ ਅੱਗ ਲੱਗਣ ਦਾ ਕਾਰਨ ਤਾਰਾਂ ਦੀ ਸਪਾਰਿੰਗ ਹੋਣ ਦਾ ਖਦਸਾ ਜਤਾਇਆ ਹੈ। ਦੱਸਣਯੋਗ ਹੈ ਇਹ ਕਾਰ ਜੇਕਰ ਕੁਝ ਕਦਮਾਂ ਦੀ ਦੂਰੀ ’ਤੇ ਸਥਿਤ ਪੈਟਰੋਲ ਪੰੰਪ ਤੇ ਡੀਜ਼ਲ ਪਵਾਉਣ ਸਮੇਂ ਅਗਨੀ ਕਾਂਡ ’ਚ ਬਦਲ ਜਾਦੀਂ ਤਾਂ ਵੱਡਾ ਦੁਖਾਂਤ ਵਾਪਰ ਸਕਦਾ ਸੀ। ਲੋਕਾਂ ਨੇ ਮੰਗ ਕਰਦਿਆਂ ਕਿਹਾ ਕਿ ਟ੍ਰੈਫਿਕ ਪੁਲਸ ਨੂੰ ਜਾਂਚ ਦੌਰਾਨ ਬਿਨਾਂ ਦਸਤਾਵੇਜਾਂ ਤੋਂ ਚਲਦੀਆਂ ਖਟਾਰਾ ਗੱਡੀਆਂ ਦੇ ਚਲਾਨ ਕੱਟਣੇ ਚਾਹੀਦੇ ਹਨ ਤਾਂ ਜੋ ਹੋਰਾਂ ਦਾ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇ।

Bharat Thapa

This news is Content Editor Bharat Thapa