ਮਾਮਲਾ ਸਕਰਾਲੀ ਦੇ ਡੇਰੇ ''ਚ ਖੜ੍ਹੀ ਕਣਕ ਵੱਢਣ ਦਾ : ਕਮੇਟੀ ਮੈਂਬਰਾਂ ਨੇ ਮਹੰਤ ਨਰਾਇਣ ਗਿਰ ਦੇ ਦੋਸ਼ਾਂ ਨੂੰ ਮੁੱਢੋਂ ਨਕਾਰਿਆ

04/26/2018 4:56:59 PM

ਭਾਦਸੋਂ (ਹਰਦੀਪ)-ਪਿੰਡ ਸਕਰਾਲੀ ਵਿਖੇ ਡੇਰੇ ਦੀ ਕਰੀਬ 29 ਏਕੜ ਜ਼ੀਮਨ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਹੈ। ਬੀਤੇ ਦਿਨ ਮਹੰਤ ਨਰਾਇਣ ਗਿਰ ਵੱਲੋਂ ਪਿੰਡ ਵਾਸੀਆਂ 'ਤੇ ਕੁੱਟ-ਮਾਰ ਕਰਨ ਦੇ ਦੋਸ਼ ਲਾਏ ਸਨ। ਇਨ੍ਹਾਂ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਪਿੰਡ ਵਾਸੀਆਂ ਤੇ ਕਮੇਟੀ ਮੈਂਬਰਾਂ ਨੇ ਡੇਰੇ ਵਿਖੇ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਮਹੰਤ ਨਰਾਇਣ ਗਿਰ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਧੱਕੇ ਨਾਲ ਕਣਕ ਵੱਢਣ ਆਇਆ ਸੀ। ਪਤਾ ਲੱਗਣ 'ਤੇ ਪਿੰਡ ਵਾਸੀਆਂ ਨੇ ਪੁਲਸ ਨੂੰ ਇਸ ਮਾਮਲੇ ਸਬੰਧੀ ਫੋਨ ਕਰ ਦਿੱਤਾ ਸੀ। ਮੌਕੇ 'ਤੇ ਪੁਲਸ ਨੇ ਆ ਕੇ ਮਹੰਤ ਨਰਾਇਣ ਗਿਰ ਤੇ ਉਸ ਦੇ ਸਾਥੀਆਂ ਕੋਲੋਂ ਹਥਿਆਰ ਤੇ ਡਾਂਗਾਂ ਆਪਣੇ ਕਬਜ਼ੇ ਵਿਚ ਲੈ ਲਈਆਂ ਸਨ। 
ਇਸ ਮੌਕੇ ਗੁਰਮੀਤ ਸਿੰਘ, ਸਤਿੰਦਰ ਸਿੰਘ, ਅਮਰਜੀਤ ਸਿੰਘ, ਦਲੇਰ ਸਿੰਘ, ਅਮਰਜੀਤ ਸਿੰਘ, ਗੁਰਬੀਰ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ ਸਿੱਧੂ, ਨਿਰੰਜਣ ਸਿੰਘ ਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਪਿੰਡਾਂ ਵਾਸੀਆਂ ਨੇ ਮਹੰਤ ਨਰਾਇਣ ਗਿਰ ਨੂੰ ਕੁਝ ਨਹੀਂ ਕਿਹਾ। ਨਾ ਹੀ ਕੰਬਾਈਨ ਨੂੰ ਨਾਲ ਛੇੜਛਾੜ ਕੀਤੀ ਹੈ। ਉਨ੍ਹਾਂ ਕਿਹਾ ਕਿ ਕੰਬਾਈਨ ਪੁਲਸ ਦੀ ਨਿਗਰਾਨੀ ਹੇਠ ਸੀ। ਮਹੰਤ ਨਰਾਇਣ ਗਿਰ ਨੇ ਡੇਰਾ ਛੱਡਣ ਵੇਲੇ ਪਿੰਡ ਵਾਸੀਆਂ ਨਾਲ ਲਿਖਤੀ ਇਕਰਾਨਾਮਾ ਕਰ ਕੇ ਸਮਝੌਤਾ ਕੀਤਾ ਸੀ ਕਿ ਮੈਂ ਅੱਜ ਤੋਂ ਇਸ ਡੇਰੇ 'ਚ ਨਹੀਂ ਆਵਾਂਗਾ। ਨਾ ਹੀ ਕਿਸੇ ਕਿਸਮ ਦੀ ਦਾਖ਼ਲਅੰਦਾਜ਼ੀ ਕਰਾਂਗਾ।