ਖਰੜ ਰੋਡ ''ਤੇ ਇਕ ਫਾਸਟ ਫੂਡ ਰੈਸਟੋਰੈਂਟ ''ਚ ਲੱਗੀ ਭਿਆਨਕ ਅੱਗ

12/12/2019 8:01:51 PM

ਖਰੜ, (ਰਣਬੀਰ, ਅਮਰਦੀਪ, ਸ਼ਸ਼ੀ)— ਸ਼ਹਿਰ ਦੀ ਟਾਊਨ ਰੋਡ 'ਤੇ ਸਥਿਤ ਫਾਸਟ ਫੂਡ ਦੀ ਇਕ ਦੁਕਾਨ ਨੂੰ ਅਚਾਨਕ ਅੱਗ ਲੱਗ ਜਾਣ ਨਾਲ ਭਾਰੀ ਗਿਣਤੀ 'ਚ ਦੁਕਾਨ ਅੰਦਰ ਪਿਆ ਸਾਮਾਨ ਸੜ ਕੇ ਰਾਖ ਹੋ ਗਿਆ। ਦੁਕਾਨ ਦੇ ਮਾਲਕ ਸਮੇਤ ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਨੇ ਮਦਦ ਲਈ ਫਾਇਰ ਬ੍ਰਿਗੇਡ ਨੂੰ ਕਾਲ ਵੀ ਕੀਤੀ ਪਰ ਕਈ ਵਾਰ ਦੀ ਕੋਸ਼ਿਸ਼ ਦੇ ਬਾਵਜੂਦ ਅੱਗੋਂ ਕੋਈ ਤਸੱਲੀਬਖ਼ਸ਼ ਜਵਾਬ ਨਾ ਮਿਲਣ 'ਤੇ ਅਖੀਰ ਲੋਕਾਂ ਨੂੰ ਖੁਦ ਭਾਰੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਉਣ 'ਚ ਕਾਮਯਾਬੀ ਮਿਲੀ, ਪਰ ਉਦੋਂ ਤਕ ਦੁਕਾਨ ਅੰਦਰਲਾ ਸਾਰਾ ਸਾਮਾਨ ਅੱਗ ਦੀ ਚਪੇਟ 'ਚ ਆ ਚੁੱਕਾ ਸੀ। ਸ੍ਰੀ ਸਾਈਂ ਮੰਦਰ ਦੇ ਸਾਹਮਣੇ ਮੌਜੂਦ ਟੇਸਟੀ ਫੂਡ ਕਾਰਨਰ ਦੇ ਮਾਲਕ ਅਮਨਦੀਪ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ਦੁਕਾਨ ਰਾਤ ਕਰੀਬ 11 ਵਜੇ ਬੰਦ ਕਰਕੇ ਗਿਆ ਸੀ ਪਰ ਵੀਰਵਾਰ ਤੜਕੇ ਕਰੀਬ 5 ਵਜੇ ਉਸ ਦੀ ਦੁਕਾਨ ਨਾਲ ਮੌਜੂਦ ਗੁਆਂਢੀਆਂ 'ਚੋਂ ਅਮਰਜੀਤ ਸਿੰਘ ਨੇ ਉਸ ਨੂੰ ਇਕ ਅੱਗ ਦੀ ਜਾਣਕਾਰੀ ਦਿੱਤੀ। ਜਿਵੇਂ ਹੀ ਉਸ ਨੇ ਮੌਕੇ 'ਤੇ ਜਾ ਦੇਖਿਆ ਤਾਂ ਅੱਗ ਜੋ ਕਿ ਸ਼ਾਇਦ ਕਿਸੇ ਸ਼ਾਰਟ ਸਰਕਟ ਕਾਰਨ ਲੱਗੀ ਸੀ, ਦੇਖਦਿਆਂ ਹੀ ਦੇਖਦਿਆਂ ਪੂਰੀ ਦੁਕਾਨ ਸਮੇਤ ਸਾਮਾਨ ਨੂੰ ਆਪਣੀ ਚਪੇਟ 'ਚ ਲੈ ਲਿਆ।


ਅਮਰਜੀਤ ਸਿੰਘ ਵਲੋਂ ਮਦਦ ਲਈ 101 ਨੰਬਰ 'ਤੇ ਕਈ ਵਾਰ ਕਾਲ ਕੀਤੀ ਗਈ ਪਰ ਅੱਗੋਂ ਹਰ ਵਾਰ ਇਹੋ ਜਵਾਬ ਮਿਲਿਆ ਕਿ ਤੁਸੀਂ ਆਪਣੇ ਲੋਕਲ ਲੈਵਲ 'ਤੇ ਮਦਦ ਲਈ ਫਾਇਰ ਬਿਗ੍ਰੇਡ ਨੂੰ ਕਾਲ ਕਰੋ। ਅਖੀਰ ਕੋਈ ਰਾਹ ਨਾ ਮਿਲਦਿਆਂ ਦੇਖ ਮੌਜੂਦ ਲੋਕਾਂ ਨੇ ਨਾਲ ਹੀ ਸਥਿਤ ਇਕ ਨਿੱਜੀ ਹਸਪਤਾਲ 'ਚ ਮੌਜੂਦ ਫਾਇਰ ਸੇਫਟੀ ਸਿਸਟਮ ਤੋਂ ਇਲਾਵਾ ਖੁਦ ਪਾਣੀ ਤੇ ਰੇਤਾ ਪਾ ਕੇ ਕਰੀਬ ਡੇਢ ਤੋਂ ਦੋ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਜਾ ਕੇ ਅੱਗ ਉੱਤੇ ਕਾਬੂ ਪਾਇਆ, ਪਰ ਉਦੋਂ ਤਕ ਦੁਕਾਨ ਅੰਦਰ ਸਾਰਾ ਸਾਮਾਨ ਜਿਸ 'ਚ ਏਅਰ ਕੰਡੀਸ਼ਨਰ, ਰੈਫਰੀਜਰੇਟਰ, ਫ਼ਰਨੀਚਰ, ਗਰੌਸਰੀ ਸਮੇਤ ਖਾਣ ਪੀਣ ਦਾ ਸਾਰਾ ਸਾਮਾਨ ਸੜ ਕੇ ਰਾਖ ਹੋ ਚੁੱਕਿਆ ਸੀ। ਅਮਨਦੀਪ ਨੇ ਦੱਸਿਆ ਕਿ ਇਹ ਹਾਦਸਾ ਬਹੁਤ ਵੱਡਾ ਹੋ ਸਕਦਾ ਸੀ ਕਿਉਂਕਿ ਉਸ ਦੀ ਦੁਕਾਨ ਰਿਹਾਇਸ਼ੀ ਏਰੀਆ ਅੰਦਰ ਹੋਣ ਕਾਰਨ, ਇਸ ਘਟਨਾ ਦੇ ਦੌਰਾਨ ਦੁਕਾਨ ਦੇ ਅੰਦਰ ਐੱਲ. ਪੀ. ਜੀ. ਦਾ ਭਰਿਆ ਹੋਇਆ ਸਿਲੰਡਰ ਮੌਜੂਦ ਸੀ ਜੇਕਰ ਉਹ ਸਾਰੇ ਮਿਲ ਕੇ ਆਪਣੇ ਪੱਧਰ ਉੱਤੇ ਬਚਾਅ ਦੀ ਕੋਸ਼ਿਸ਼ ਨਾ ਕਰਦੇ ਤਾਂ ਹੀ ਸਿਲੰਡਰ ਜੋ ਕਿ ਪੂਰੀ ਤਰ੍ਹਾਂ ਲਾਲ ਹੋ ਚੁੱਕਾ ਸੀ ਕਿਸੇ ਵੇਲੇ ਵੀ ਫਟ ਸਕਦਾ ਸੀ, ਪਰ ਸ਼ੁਕਰ ਹੈ ਕਿ ਅਜਿਹਾ ਨਹੀਂ ਹੋਇਆ। ਅਮਨਦੀਪ ਨੇ ਦੱਸਿਆ ਕਿ ਅੱਗ ਦੀ ਇਸ ਘਟਨਾ ਕਾਰਨ ਉਸ ਦਾ ਕਰੀਬ ਢਾਈ ਤੋਂ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਇਸ ਸਬੰਧੀ ਸੰਪਰਕ ਕਰਨ 'ਤੇ ਫਾਇਰ ਬ੍ਰਿਗੇਡ ਖਰੜ ਦੇ ਫਾਇਰ ਸੇਫ਼ਟੀ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੀ ਇਸ ਘਟਨਾ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਖਰੜ ਫਾਇਰ ਬ੍ਰਿਗੇਡ ਜੋ ਕਿ ਹੁਣ ਦੇਸੂਮਾਜਰਾ ਦੀ ਥਾਂ ਖਾਨਪੁਰ ਰਿਜ਼ੋਰਟ ਤੋਂ ਆਪਰੇਟ ਕਰ ਰਹੀ ਹੈ ਨੂੰ ਅਜੇ ਆਪਣਾ ਐਮਰਜੈਂਸੀ ਨੰਬਰ 101 ਅਲਾਟ ਨਹੀਂ ਹੋਇਆ ਹੈ। ਫਿਲਹਾਲ ਖਰੜ ਅੰਦਰ ਜੇਕਰ ਕੋਈ ਵਿਅਕਤੀ ਐਮਰਜੈਂਸੀ ਦੌਰਾਨ ਫਾਇਰ ਬਿਗ੍ਰੇਡ ਦੀ ਮਦਦ ਲੈਣਾ ਚਾਹੁੰਦਾ ਹੈ ਤਾਂ ਇਸ ਦੇ ਲਈ 0160-2280101 ਨੰਬਰ 'ਤੇ ਸੂਚਿਤ ਕੀਤਾ ਜਾ ਸਕਦਾ ਹੈ।

KamalJeet Singh

This news is Content Editor KamalJeet Singh