ਤਨਖਾਹ ’ਚ ਕਟੌਤੀ ਖਿਲਾਫ ਅਧਿਆਪਕਾਂ ਨੇ ਕੀਤਾ ਹਲਕਾ ਵਿਧਾਇਕ ਕਾਕਾ ਲੋਹਗੜ੍ਹ ਦੀ ਕੋਠੀ ਦਾ ਘਿਰਾਓ

11/14/2018 1:28:30 AM

ਧਰਮਕੋਟ, (ਸਤੀਸ਼)- ਅਧਿਆਪਕਾਂ ਦੀ ਤਨਖਾਹ  ’ਚ ਕਟੌਤੀ  ਖਿਲਾਫ਼ ਤੇ ਸਮੂਹ ਕੱਚੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ’ਤੇ ਪੱਕੇ ਕਰਵਾਉਣ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ 7 ਅਕਤੂਬਰ ਤੋਂ ਪਟਿਆਲਾ ਵਿਖੇ ਚੱਲ ਰਹੇ ਪੱਕੇ ਮੋਰਚੇ ਦੇ 38 ਦਿਨਾਂ ਬਾਅਦ ਵੀ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਜਾਂ ਅਧਿਕਾਰੀ ਵੱਲੋਂ ਉਨ੍ਹਾਂ  ਦੀਆਂ ਮੰਗਾਂ  ਦੇ ਹੱਲ ਕਰਨ ਦੀ ਬਜਾਏ ਉਲਟਾ ਸੰਘਰਸ਼ ਕਰ ਰਹੇ ਅਧਿਆਪਕਾਂ ਦੀਆਂ ਧੱਕੇ ਨਾਲ ਬਦਲੀਆਂ ਕਰਨ ਦੇ ਰੋਸ ਵਜੋਂ ਸੂਬਾ ਪੱਧਰੀ ਫੈਸਲੇ ਅਨੁਸਾਰ ਸਮੂਹ ਮੁਲਾਜ਼ਮ ਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਂਝਾ ਅਧਿਆਪਕ ਮੋਰਚਾ ਵੱਲੋਂ ਅੱਜ ਧਰਮਕੋਟ ਤੋਂ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਦੀ ਕੋਠੀ ਦਾ ਘਿਰਾਓ ਕੀਤਾ ਗਿਆ। 
ਇਸ ਮੌਕੇ ਆਗੂਆਂ ਬੂਟਾ ਸਿੰਘ ਭੱਟੀ, ਜੱਜਪਾਲ ਬਾਜੇ ਕੇ, ਸਰਬਨ ਮਣੂਕੇ, ਅਮਰਦੀਪ ਸਿੰਘ ਅਤੇ ਗੁਰਮੀਤ ਸਿੰਘ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਦੀਆਂ ਤਨਖਾਹਾਂ ’ਤੇ ਜਬਰੀ ਕੱਟ ਲਾ ਕੇ ਸਰਕਾਰ  ਅਧਿਆਪਕਾਂ ਨੂੰ ਆਰਥਿਕ ਤੇ ਮਾਨਸਿਕ ਸੰਕਟ ’ਚ ਸੁੱਟ ਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੀ ਹੈ, ਜਿਸ ਨੂੰ ਸਮੂਹ ਮੁਲਾਜ਼ਮ ਤੇ ਸੰਘਰਸ਼ੀ ਜਥੇਬੰਦੀਆਂ ਕਦੇ ਵੀ ਮਨਜ਼ੂਰ ਨਹੀਂ ਕਰਨਗੀਆਂ। ਇਸ ਸਮੇਂ ਅਧਿਆਪਕ ਆਗੂਅਾਂ ਨੇ ਕਿਹਾ ਕਿ ਇਕ ਪਾਸੇ ਕਾਂਗਰਸ ਸਰਕਾਰ ਘਰ-ਘਰ ਨੌਕਰੀ ਦੇਣ ਦਾ ਢੌਂਗ ਰਚ ਰਹੀ ਹੈ, ਦੂਜੇ ਪਾਸੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਮਹੀਨੇ ਤੋਂ ਵੱਧ ਸਮਾਂ ਪਟਿਆਲਾ ’ਚ ਪੱਕਾ ਮੋਰਚਾ ਲਾਈ ਬੈਠੇ ਅਧਿਆਪਕਾਂ ਦੀ ਸਾਰ ਨਹੀਂ ਲੈ ਰਹੀ, ਜਿਸ ਨੂੰ ਲੈ ਕੇ ਸਮੂਹ ਅਧਿਆਪਕ ਵਰਗ ਤੇ ਮੁਲਾਜ਼ਮਾਂ ’ਚ ਰੋਸ ਪਾਇਆ ਜਾ ਰਿਹਾ ਹੈ। 
18 ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੀ ਚਿਤਾਵਨੀ
 ਸਿੱਖਿਆ ਮੰਤਰੀ ਦੀ ਕੋਠੀ ਅੰਮ੍ਰਿਤਸਰ ਦਾ ਸਮੂਹ ਮੁਲਾਜ਼ਮ ਤੇ ਜਨਤਕ ਜਥੇਬੰਦੀਆਂ  ਨਾਲ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ  ਵਿਧਾਇਕ ਲੋਹਗਡ਼੍ਹ ਨੂੰ  ਮੰਗ-ਪੱਤਰ ਦਿੱਤਾ ਗਿਆ। ਇਸ  ਸਮੇਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਨੇ ਧਰਨੇ ’ਤੇ ਬੈਠੇ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕੇ ਉਹ ਅਧਿਆਪਕਾਂ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਪੰਜਾਬ ਕੋਲ ਜਾ ਕੇ ਅਧਿਆਪਕਾਂ ਦਾ ਮਸਲਾ ਹੱਲ ਕਰਵਾਉਣਗੇ । 
ਇਸ ਮੌਕੇ ਸੁਖਦੇਵ ਸਿੰਘ ਕੋਕਰੀ ਕਲਾਂ, ਗੁਰਮੀਤ ਸਿੰਘ, ਮੰਗਾ ਸਿੰਘ ਵੇਰੋਕੇ, ਪ੍ਰਗਟਜੀਤ ਕਿਸ਼ਨਪੁਰਾ, ਸੋਹਨ ਸਿੰਘ, ਰਣਜੀਤ ਸਿੰਘ, ਜਗਪ੍ਰੀਤ ਕੈਲਾ, ਤੇਜਵੰਤ ਸਿੰਘ, ਅਮਨਦੀਪ ਮਸੀਕੇ, ਜਸਪ੍ਰੀਤ ਗਗਨ ਆਦਿ  ਅਧਿਆਪਕ ਹਾਜ਼ਰ ਸਨ।