ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੇ ਸਿੱਖਿਆ ਦੇ ਨਿੱਜੀਕਰਨ, ਵਪਾਰੀਕਰਨ ਅਤੇ ਕੇਂਦਰੀਕਰਨ ਨੂੰ ਕੀਤਾ ਰੱਦ

09/05/2020 5:21:33 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ): ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਵਲੋਂ ਆਲ ਇੰਡੀਆ ਸਿੱਖਿਆ ਅਧਿਕਾਰ ਮੰਚ ਦੇ ਸੱਦੇ ਤਹਿਤ ਸੰਗਰੂਰ ਜ਼ਿਲ੍ਹੇ 'ਚ ਵੀ ਕੇਂਦਰ ਸਰਕਾਰ ਵਲੋਂ ਜਾਰੀ ਰਾਸ਼ਟਰੀ ਸਿੱਖਿਆ ਨੀਤੀ-2020 ਨੂੰ ਨਿੱਜੀਕਰਨ, ਵਪਾਰੀਕਰਨ, ਕੇਂਦਰੀਕਰਨ, ਸਾਮਰਾਜੀਕਰਨ ਅਤੇ ਭਗਵਾਂਕਰਨ ਪੱਖੀ ਕਰਾਰ ਦਿੰਦਿਆਂ ਅਧਿਆਪਕਾਂ ਵਲੋਂ ਰਾਸ਼ਟਰੀ ਸਿੱਖਿਆ ਨੀਤੀ ਰੱਦ”ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਤਹਿਤ ਜ਼ਿਲ੍ਹੇ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਵੱਖ-ਵੱਖ ਥਾਵਾਂ 'ਤੇ ਹੱਥਾਂ 'ਚ ਸਿੱਖਿਆ ਨੀਤੀ ਦੇ ਵਿਰੋਧ 'ਚ ਤਖਤੀਆਂ ਫੜ੍ਹ ਕੇ ਰੋਸ ਪ੍ਰਗਟਾਇਆ। 

ਡੀ.ਟੀ.ਐੱਫ. ਦੇ ਮੇਘ ਰਾਜ, ਕੁਲਦੀਪ ਸਿੰਘ ਅਤੇ ਅਧਿਆਪਕ ਆਗੂਆਂ ਦਲਜੀਤ ਸਫੀਪੁਰ, ਸੁਖਵਿੰਦਰ ਗਿਰ, ਰਘਵੀਰ ਭਵਾਨੀਗੜ੍ਹ, ਅਮਨ ਵਿਸ਼ਿਸਟ, ਵਿਕਰਮਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ-2020 ਰਾਹੀਂ ਜਮਹੂਰੀ ਸਿੱਖਿਆ ਪ੍ਰਬੰਧ, ਬਹੁਪੱਖੀ ਸੱਭਿਆਚਾਰ ਦੀ ਮਾਨਤਾ, ਧਰਮ-ਨਿਰਪੱਖਤਾ ਅਤੇ ਆਧੁਨਿਕ ਵਿਗਿਆਨਕ ਸੋਚ ਸਮੇਤ ਅਗਾਂਹਵਧੂ ਵਿਚਾਰਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਦਿੱਤੀ ਗਈ ਹੈ।ਕੇਂਦਰੀਕਰਨ ਦੀ ਨੀਤੀ ਨੂੰ ਅੱਗੇ ਵਧਾਉਂਦਿਆਂ ਕੇਂਦਰੀ ਸੰਗਠਨਾਂ ਨੂੰ ਹੋਰ ਵਧੇਰੇ ਫੈਸਲਾਕੁੰਨ ਬਣਾਇਆ ਜਾ ਰਿਹਾ ਹੈ। ਸਿੱਖਿਆ ਨੀਤੀ 'ਚ 'ਮਿਥਿਹਾਸ ਨੂੰ ਇਤਹਾਸ ਬਣਾ ਕੇ ਪੇਸ਼ ਕਰਨ' ਅਤੇ 'ਪੁਰਾਤਨ ਭਾਰਤ ਨੂੰ ਅੱਜ ਨਾਲੋਂ ਮਹਾਨ ਦੱਸਣ ਵਾਲੀ' ਗੈਰ ਵਿਗਿਆਨਕ ਵਿਚਾਰਧਾਰਾ ਨੂੰ ਤਰਜੀਹ ਦਿੱਤੀ ਗਈ ਹੈ।ਸਿੱਖਿਆ ਨੀਤੀ ਅਨੁਸਾਰ ਸਿਲੇਬਸ ਘਟਾਉਣ ਦੇ ਨਾਂ ਹੇਠ ਵਿਭਿੰਨਤਾ, ਲੋਕਤੰਤਰ, ਰਾਸ਼ਟਰਵਾਦ ਅਤੇ ਮਨੁੱਖੀ ਹੱਕਾਂ ਵਰਗੇ ਜਰੂਰੀ ਵਿਸ਼ਿਆਂ ਨੂੰ ਪੁਸਤਕਾਂ 'ਚੋਂ ਹਟਾਉਣ ਦਾ ਕਾਰਜ ਕੋਵਿਡ-19 ਦੀ ਆੜ 'ਚ ਕੀਤਾ ਜਾ ਰਿਹਾ ਹੈ। 

ਅਧਿਆਪਕ ਆਗੂਆਂ ਨਿਰਭੈ ਸਿੰਘ, ਮੈਡਮ ਸ਼ਿਵਾਲੀ ਗਿਰ, ਕਰਮਜੀਤ ਨਦਾਮਪੁਰ  ਨੇ ਕਿਹਾ ਕਿ ਨਿੱਜੀਕਰਨ ਦੀ ਨੀਤੀ ਤਹਿਤ ਜਨਤਕ ਖੇਤਰ ਦੀ ਆਕਾਰ-ਘਟਾਈ ਨੂੰ ਸਕੂਲਾਂ ਦੀ ਮਰਜਿੰਗ ਰਾਹੀਂ ਨੇਪਰੇ ਚਾੜਣ ਲਈ 'ਕੰਪਲੈਕਸ ਸਕੂਲ' ਦਾ ਸੰਕਲਪ ਲਿਆਂਦਾ ਗਿਆ ਹੈ। ਨੌਕਰੀਆਂ ਅਤੇ ਨਿਗੁਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਕੱਚੇ ਅਧਿਆਪਕਾਂ 'ਤੇ ਵਲੰਟੀਅਰਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਬਾਰੇ ਕੋਈ ਫੈਸਲਾ ਨਹੀਂ ਦਿੱਤਾ ਗਿਆ। ਇਸ 'ਚ ਅਧਿਆਪਕਾਂ ਨੂੰ ਕਾਰਗੁਜ਼ਾਰੀ ਦੇ ਨਾਂ 'ਤੇ ਤਰੱਕੀ ਬੰਦ ਕਰਨ ਅਤੇ ਸਵੈ ਇੱਛਾ ਨਾਲ ਬਦਲੀ ਕਰਵਾਉਣ ਦਾ ਅਧਿਕਾਰ ਰੱਦ ਕਰਨ ਵਰਗੀਆਂ ਸਖ਼ਤ ਮਦਾਂ ਵੀ ਸ਼ਾਮਲ ਹਨ। ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਥਾਂ ਦੇਸੀ-ਵਿਦੇਸ਼ੀ ਸਰਮਾਏਦਾਰਾਂ ਰਾਹੀਂ ਵੱਡੀਆਂ ਬਹੁ ਅਨੁਸ਼ਾਸਨੀ ਸੰਸਥਾਵਾਂ ਖੋਲ੍ਹਣ ਦੇ ਫੈਸਲੇ ਕਰਕੇ ਲੋਕਾਂ ਦੀ ਆਰਥਿਕ ਅਤੇ ਸਮਾਜਿਕ ਲੁੱਟ ਦਾ ਰਾਹ ਹੋਰ ਪੱਧਰਾ ਕਰ ਦਿੱਤਾ ਗਿਆ ਹੈ। ਜਿਸ ਕਾਰਨ ਅਧਿਆਪਕ ਵਰਗ ਵਲੋਂ ਇਸ ਸਿੱਖਿਆ ਨੀਤੀ ਨੂੰ ਰੱਦ ਕੀਤਾ ਗਿਆ ਹੈ। ਇਸ ਮੌਕੇ ਵੱਖ ਵੱਖ ਥਾਈ ਅਧਿਆਪਕ ਆਗੂ ਸੁਖਪਾਲ ਸਫੀਪੁਰ, ਮਨਜੀਤ ਲਹਿਰਾ, ਕਰਮਜੀਤ ਕੋਹਰੀਆਂ, ਰਮਨ ਲਹਿਰਾ, ਯਾਦਵਿੰਦਰ ਧੂਰੀ, ਗੁਰਦੀਪ ਚੀਮਾ ਆਦਿ ਮੌਜੂਦ ਰਹੇ।

Shyna

This news is Content Editor Shyna