ਕਣਕ ਖਰੀਦਣ ਨੂੰ ਲੈ ਕੇ ਕਿਸਾਨਾਂ ਅਤੇ ਅਧਿਕਾਰੀਆਂ ''ਚ ਖਿੱਚੋਤਾਣ

04/21/2019 6:06:59 PM

ਜਲਾਲਾਬਾਦ (ਸੇਤੀਆ) ਖਰਾਬ ਮੌਸਮ ਦੇ ਕਾਰਣ ਮੰਡੀਆਂ ਵਿੱਚ ਆ ਰਹੀ ਕਣਕ ਦੇ ਮਾਪਦੰਡਾਂ ਤੇ ਵੱਖ-ਵੱਖ ਖਰੀਦ ਏਜੰਸੀਆਂ ਨੇ ਸਵਾਲ ਖੜੇ ਕੀਤੇ ਹਨ ਅਤੇ ਨੇੜਲੇ ਭਵਿੱਖ ਵਿੱਚ ਕਣਕ ਦੀ ਸਹੀ ਕਵਾਲਿਟੀ ਆਉਣ ਤੇ ਖਰੀਦ ਨੂੰ ਸੁਚਾਰੂ ਕੀਤੇ ਜਾਣ ਦੀ ਗੱਲ ਕੀਤੀ ਹੈ। ਇਸ ਸੰਬੰਧੀ ਵਿੱਚ ਖਰੀਦ ਏਜੰਸੀਆਂ ਵੇਅਰਹਾਊਸ, ਪਨਗ੍ਰੇਨ, ਮਾਰਕਫੈਡ, ਪੰਜਾਬ ਐਗਰੋ, ਪਨਸਪ ਅਤੇ ਐਫਸੀਆਈ ਦੇ ਅਧਿਕਾਰੀਆਂ ਵਲੋਂ ਮਾਰਕੀਟ ਕਮੇਟੀ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਮਾਰਕੀਟ ਕਮੇਟੀ ਸਕੱਤਰ ਬਲਜਿੰਦਰ ਸਿੰਘ, ਆੜਤੀਆ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਮੁਖੀਜਾ, ਚੰਦਰ ਪ੍ਰਕਾਸ਼ ਖੈਰੇਕੇ, ਸ਼ਾਮ ਸੁੰਦਰ ਮੈਣੀ, ਅਨਿਲਦੀਪ ਸਿੰਘ ਨਾਗਪਾਲ, ਅਸ਼ੋਕ ਸ਼ੱਕਰਸੁਦਾ, ਕਾਲੀ ਦੂਮੜਾ, ਸਚਿਨ ਮਿੱਢਾ, ਏਐਫਐਸਓ ਚਰਨਜੀਤ ਸਿੰਘ, ਮੰਡੀ ਸੁਪਰਵਾਈਜਰ ਦਿਲੋਰ ਚੰਦ, ਗੁਰਵਿੰਦਰ ਸਿੰਘ ਕਿਸਾਨ ਯੂਨੀਅਨ ਅਤੇ ਹੋਰ ਆਗੂ ਮੌਜੂਦ ਸਨ।
ਇਥੇ ਦੱਸਣਯੋਗ ਹੈ ਕਿ 13 ਅਪ੍ਰੈਲ ਦੇ ਆਸ-ਪਾਸ ਜਲਾਲਾਬਾਦ ਅਤੇ ਫੋਕਲ ਪਵਾਇੰਟਾਂ ਤੇ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਕਣਕ ਵਿੱਚ ਨਮੀਂ ਦੀ ਮਾਤਰਾ ਵੱਧ ਹੋਣ ਅਤੇ ਮਾਪਦੰਡਾਂ ਅਨੁਸਾਰ ਕਵਾਲਿਟੀ ਨਾ ਹੋਣ ਕਾਰਣ ਖਰੀਦ ਏਜੰਸੀਆਂ ਕਣਕ ਦੀ ਖਰੀਦ ਕਰਨ ਤੋਂ ਗੁਰੇਜ ਕਰ ਰਹੀਆਂ ਹਨ ਅਤੇ ਮਾਰਕੀਟ ਕਮੇਟੀ ਦੇ ਆਂਕੜੇ ਮੁਤਾਬਿਕ ਸਿਰਫ 90 ਕਵਿੰਟਲ ਹੀ ਕਣਕ ਦੀ ਖਰੀਦ ਪਨਗ੍ਰੇਨ ਵਲੋਂ ਕੀਤੀ ਗਈ ਹੈ ਜਦਕਿ ਮੰਡੀ ਵਿੱਚ ਕਣਕ ਦੀ ਆਮਦ ਲਗਭਗ 3 ਲੱਖ ਗੱਟਾ ਲੋਕਲ ਮੰਡੀ ਤੇ ਹੋ ਚੁੱਕੀ ਹੈ ਅਤੇ ਫੋਕਲ ਪਵਾਇੰਟਾਂ ਤੇ ਅਲੱਗ ਆਮਦ ਹੈ। । ਉਧਰ ਕਣਕ ਦੀ ਵੱਧ ਰਹੀ ਆਮਦ ਦੇ ਕਾਰਣ ਮੰਡੀ ਵਿੱਚ ਜਗ੍ਹਾਂ ਦੀ ਕਮੀ ਮਹਿਸੂਸ ਹੋਣ ਲੱਗੀ ਹੈ ਅਤੇ ਆੜਤੀਏ ਕਣਕ ਨੂੰ ਸ਼ੈਲਰਾਂ ਅਤੇ ਹੋਰ ਪ੍ਰਾਇਵੇਟ ਥਾਵਾਂ ਇੱਕ ਵਾਰ ਸੱਟਣ ਲਈ ਮਜਬੂਰ ਹਨ। ਉਧਰ ਖਰੀਦ ਨਾ ਕਾਰਣ ਆੜ•ਤੀਆ ਅਤੇ ਕਿਸਾਨਾਂ ਦਾ ਗੁੱਸਾ ਵਧਦਾ ਵੇਖ ਮਾਰਕੀਟ ਕਮੇਟੀ 
ਸਕੱਤਰ ਵਲੋਂ ਐਤਵਾਰ ਬਾਅਦ ਦੁਪਿਹਰ ਮੀਟਿੰਗ ਬੁਲਾਈ ਗਈ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਾਰਣ ਦੱਸਣ ਲਈ ਕਿਹਾ ਗਿਆ। ਇਸ ਮੀਟਿੰਗ ਵਿੱਚ ਖਰੀਦ ਏਜੰਸੀਆਂ ਨੇ ਸਾਫ ਕੀਤਾ ਕਿ ਮੰਡੀ ਵਿੱਚ 13 ਅਪ੍ਰੈਲ ਤੋਂ ਲੈ ਕੇ 20 ਅਪ੍ਰੈਲ ਤੱਕ ਆਉਣ ਵਾਲੀ ਕਣਕ ਵਿੱਚ 16 ਪ੍ਰਤੀਸ਼ਤ ਤੋਂ ਲੈ ਕੇ 25 ਪ੍ਰਤੀਸ਼ਤ ਤੱਕ ਨਮੀ ਹੈ ਅਤੇ ਸਰਕਾਰੀ ਮਾਪਦੰਡਾਂ ਅਨੁਸਾਰ 12 ਪ੍ਰਤੀਸ਼ਤ ਨਮੀ ਵਾਲੀ ਕਣਕ ਦੀ ਖਰੀਦ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਏਜੰਸੀਆਂ ਜੋ ਕਣਕ ਦਾ ਭੁਗਤਾਨ ਐਫਸੀਆਈ ਨੂੰ ਕਰਨਾ ਹੈ ਉਸਦੇ ਮਾਪਦੰਡ ਡਿਸਕਲਰ 2 ਪ੍ਰਤੀਸ਼ਤ, ਬਾਕੀ ਫਸਲਾਂ ਦੇ ਦਾਣੇ ਜਿਵੇਂ ਜੌਂ ਜਾਂ ਹੋਰ 2 ਪ੍ਰਤੀਸ਼ਤ ਅਤੇ ਬਾਕੀ ਬ੍ਰੋਕਨ, ਬਰੀਕ ਦਾਣੇ 6 ਪ੍ਰਤੀਸ਼ਤ ਐਫਸੀਆਈ ਨੇ ਲੈਣੇ ਹਨ ਜਦਕਿ ਮੰਡੀ ਵਿੱਚ ਇਨ ਮਾਪਦੰਡਾਂ ਤੋਂ ਜਿਆਦਾ ਕਣਕ ਦੀ ਕਵਾਲਿਟੀ ਖਰਾਬ ਸਾਹਮਣੇ ਆ ਰਹੀ ਹੈ। 
ਸਮੁੱਚੀਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਉੱਚ ਅਧਿਕਾਰੀਆਂ ਅਤੇ ਐਸਡੀਐਮ ਨੂੰ ਮੰਗ ਪੱਤਰ ਸੌਂਪਿਆ ਹੈ ਜਿਸ ਵਿੱਚ ਨਮੀ, ਖਰਾਬ ਕਣਕ ਦੀ ਖਰੀਦ ਨੂੰ ਲੈ ਕੇ ਉਨ੍ਹਾਂ ਤੇ ਦਬਾਅ ਬਣਾਇਆ ਜਾਂਦਾ ਹੈ ਅਤੇ ਦੁਰਵਿਵਹਾਰ ਦਾ ਵੀ ਸਾਮ•ਣਾ ਕਰਨਾ ਪੈਂਦਾ ਹੈ। ਉ ਕਿਹਾ ਕਿ ਖਰੀਦ ਏਜੰਸੀਆਂ ਕਿਸੇ ਦਬਾਅ ਹੇਠ ਕਣਕ ਦੀ ਖਰੀਦ ਨਹੀਂ ਕਰਨਗੀਆਂ। ਇਸ ਤੋਂ ਇਲਾਵਾ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਡੀ ਵਿੱਚ ਗਿੱਲੀ ਕਣਕ ਦੀ ਆਮਦ ਤੇ ਰੋਕ ਲਗਾਈ ਜਾਵੇ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਜਾਵੇ ਕਿ ਗਿੱਲੀ ਕਣਕ ਮੰਡੀਆਂ ਵਿੱਚ ਨਾ ਲੈ ਕੇ ਆਉਣ। ਇਸ ਤੋਂ ਇਲਾਵਾ ਏਜੰਸੀਆਂ ਨੇ ਮੰਗ ਕੀਤੀ ਕਿ ਇਸ ਸਾਲ ਦੀ ਕਣਕ ਖਰਾਬ ਹੋ ਚੁੱਕੀ ਹੈ ਉਸਨੂੰ ਯੂਆਰਐਸ-1 ਅਤੇ 100 ਪ੍ਰਤੀਸ਼ਤ  ਲਸਟਰ ਲਾਸ਼ ਘੋਸ਼ਿਤ ਕੀਤਾ ਜਾਵੇ ਅਤੇ ਨਾਲ ਹੀ ਐਫਸੀਆਈ ਮਹਿਕਮੇ ਨਾਲ ਸੀਜਨ 2019-20 ਦੀ ਕਣਕ ਨੂੰ ਜਲਦ ਤੋਂ ਜਲਦ ਡਿਸਪੈਚ ਕੀਤਾ ਜਾਵੇ ਅਤੇ ਕਣਕ ਦੀ ਕਵਾਲਿਟੀ ਅਤੇ ਘਾਟ ਲਈ ਏਜੰਸੀ ਦੇ ਅਧਿਕਾਰੀਆਂ ਨੂੰ ਜਿੰਮੇਵਾਰ ਨਾ ਠਹਿਰਾਇਆ ਜਾਵੇ। ਉਧਰ ਜਦੋਂ ਖਰੀਦ ਏਜੰਸੀਆਂ ਵਲੋਂ ਮੰਡੀ ਵਿੱਚ ਆਈ ਕਣਕ ਦਾ ਮੁਆਇਨਾ ਕੀਤਾ ਗਿਆ ਤਾਂ ਮੰਡੀ ਵਿੱਚ ਕੋਈ ਢੇਰੀ ਖਰੀਦਣਯੋਗ ਨਹੀਂ ਪਾਈ ਗਈ। ਇਸ ਸੰਬੰਧੀ ਜਦੋਂ ਮਾਰਕੀਟ ਕਮੇਟੀ ਸਕੱਤਰ ਬਲਜਿੰਦਰ ਸਿੰਘ ਨੇ ਆੜ•ਤੀਆ ਅਤੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸੋਮਵਾਰ ਤੱਕ ਇਸ ਦਾ ਹੱਲ ਕੱਢ ਲਿਆ ਜਾਵੇਗਾ ਅਤੇ ਕਣਕ ਦੀ ਖਰੀਦ ਸ਼ੁਚਾਰੂ ਰੂਪ ਵਿੱਚ ਚਲਾਈ ਜਾਵੇਗੀ।  ਉਧਰ ਕਿਸਾਨ ਯੂਨੀਅਨ ਆਗੂ ਅਤੇ ਆੜ•ਤੀਆ ਨੇ ਚੇਤਾਵਨੀ ਦਿੱਤੀ ਕਿ ਜੇਕਰ ਸੋਮਵਾਰ 12 ਵਜੇ ਤੱਕ ਕਣਕ ਦੀ ਖਰੀਦ ਸੁਚਾਰੂ ਨਹੀਂ ਕੀਤੀ ਗਈ ਤਾਂ ਫਾਜਿਲਕਾ ਫਿਰੋਜਪੁਰ ਰੋਡ ਜਾਮ ਕੀਤਾ ਜਾਵੇਗਾ ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

satpal klair

This news is Content Editor satpal klair