ਡੇਂਗੂ ਦੇ ਨਾਲ ਸਵਾਈਨ ਫਲੂ ਮਾਨਸਾ ਵਾਸੀਆਂ ਲਈ ‘ਖਤਰੇ ਦੀ ਘੰਟੀ’

11/15/2018 3:46:39 AM

ਮਾਨਸਾ, (ਜੱਸਲ)- ਮੌਸਮ ਦੀ ਖਰਾਬੀ ਆਉਣ  ਤੇ ਪਰਾਲੀ ਸਾੜਨ ਨਾਲ ਵਾਤਾਵਰਣ ਦੂਸ਼ਿਤ ਹੋਣ ਸਦਕਾ ਹੁਣ ਡੇਂਗੂ  ਦੇ ਨਾਲ ਸਵਾਈਨ ਫਲੂ ਦੀ ਬੀਮਾਰੀ ਮਾਨਸਾ ਵਾਸੀਆਂ ਲਈ ਖਤਰੇ ਦੀ ਘੰਟੀ ਬਣ ਰਹੀ ਹੈ ਕਿਉਂਕਿ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਸ਼ਹਿਰ ਅੰਦਰ ਡੇਂਗੂ ਦੇ 915 ਮਰੀਜ਼ ਤੇ 2008 ਸ਼ੱਕੀ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ  ਸਵਾਈਨ ਫਲੂ ਦੀ ਬੀਮਾਰੀ ਨੇ ਵੀ ਦਸਤਕ ਦੇ ਦਿੱਤੀ ਹੈ। ਇਸ ਬੀਮਾਰੀ ਦਾ ਇਕ ਮਰੀਜ਼ ਗੰਭੀਰ ਹਾਲਤ ’ਚ ਸਾਹਮਣੇ ਆਉਣ ’ਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ। ਉਸ ਨੂੰ ਸਿਵਲ ਹਸਪਤਾਲ ਨੇ ਤੁਰੰਤ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ  ਹੈ। ਇਸ ਤੋਂ ਪਹਿਲਾਂ ਬੀਤੇ ਮਹੀਨੇ ਜ਼ਿਲੇ ਅੰਦਰ ਡੇਂਗੂ ਦਾ ਇਕ ਪਾਜ਼ੀਟਿਵ ਮਰੀਜ਼ ਅਤੇ 166 ਸ਼ੱਕੀ  ਮਰੀਜ਼ ਸਾਹਮਣੇ ਆਏ ਸੀ ਅਤੇ 265 ਸਥਾਨਾਂ ਤੋਂ ਭਾਰੀ ਮਾਤਰਾ ਡੇਂਗੂ ਦਾ ਲਾਰਵਾ ਵੀ ਮਿਲਿਆ ਸੀ।  ਇਸ ਮਾਮਲੇ ਨੂੰ ਲੈ ਕੇ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਦਿਖਾਈ ਦੇ ਰਿਹਾ ਹੈ ਅਤੇ ਡੇਂਗੂ ਦਾ ਲਾਰਵਾ ਨਸ਼ਟ ਕਰਵਾਇਆ ਜਾ ਰਿਹਾ ਹੈ।
 ਸਹਾਇਕ ਸਿਵਲ ਸਰਜਨ ਨੇ ਲਿਆ ਸਿਵਲ ਹਸਪਤਾਲ ਦਾ ਜਾਇਜ਼ਾ
 ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਡੇਂਗੂ ਅਤੇ ਸਵਾਈਨ ਫਲੂ ਦੀਆਂ ਬੀਮਾਰੀਆਂ ਬਾਰੇ ਅੱਜ ਸਿਵਲ ਹਸਪਤਾਲ ਮਾਨਸਾ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਸਿਵਲ ਹਸਪਤਾਲ ਦੇ ਸਮੂਹ ਵਾਰਡਾਂ ਦੀ ਚੈਕਿੰਗ ਵੀ ਕੀਤੀ। ਇਕ ਸਵਾਈਨ ਫਲੂ ਦਾ ਕੇਸ ਸਾਹਮਣੇ ਆਇਆ, ਜਿਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਸਿਵਲ ਹਸਪਤਾਲ ਦੀਆਂ ਡਾਕਟਰੀ ਟੀਮਾਂ ਨੂੰ ਮਰੀਜ਼ਾਂ ਦੇ ਇਲਾਜ ਲਈ ਸੇਵਾਵਾਂ ’ਚ ਤੇਜ਼ੀ ਲਿਆਉਣ ਦੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਅਜਿਹੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਸਿਹਤ ਵਿਭਾਗ ਦੇ ਧਿਆਨ ’ਚ ਲਿਆਂਦਾ ਜਾਵੇ। ਉਨ੍ਹਾਂ ਪ੍ਰਾਈਵੇਟ ਹਸਪਤਾਲਾਂ/ਆਰ. ਐੱਮ. ਪੀ. ਡਾਕਟਰਾਂ ਨੂੰ ਸਖਤ ਹਦਾਇਤ ਕੀਤੀ ਕਿ ਜੇਕਰ ਕੋਈ ਅਜਿਹਾ ਮਰੀਜ਼ ਸਾਹਮਣੇ  ਆਉਂਦਾ ਹੈ ਤਾਂ ਉਸ ਦੀ ਰਿਪੋਰਟ ਸਿਹਤ ਵਿਭਾਗ ਨੂੰ ਹਰ ਹਾਲਤ ਦਿੱਤੀ ਜਾਵੇ ਨਹੀਂ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ-ਦੁਆਲਾ ਪੂਰੀ ਤਰ੍ਹਾਂ ਸਾਫ ਰੱਖਣ।

 ਸਿਹਤ ਵਿਭਾਗ ਦੇ ਕਦਮ
 ਸਿਹਤ ਵਿਭਾਗ  ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਗਠਿਤ ਕਰ ਕੇ ਹਾਈਰਿਸਕ ਐਲਾਨੇ ਖੇਤਰਾਂ ’ਚ ਡੇਂਗੂ ਦੇ ਲਾਰਵੇ ਨੂੰ ਖਤਮ ਕਰਵਾਉਣ ਲਈ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਟੀਮਾਂ ਹਾਈਰਿਸਕ ਖੇਤਰ ਭੱਠਾ ਬਸਤੀ, ਲੱਲੂਆਣਾ ਰੋਡ, ਪ੍ਰੋਫੈਸਰ ਕਾਲੋਨੀ, ਚੁਗਲੀ ਘਰ ਵਿਚ ਜਾ ਕੇ ਡੇਂਗੂ ਦਾ ਲਾਰਵਾ ਚੈੱਕ ਕਰ ਰਹੀਆਂ ਹਨ ਅਤੇ ਇਸ ਚੈਕਿੰਗ ਦੌਰਾਨ ਲਾਰਵਾ ਖਤਮ ਕਰਨ ਲਈ ਘਰਾਂ ’ਚ ਗੰਦਗੀ ਵਾਲੇ ਸਥਾਨਾਂ ਤੇ ਸਪਰੇਅ ਵੀ ਕਰ ਰਹੀਆਂ ਹਨ। ਹੁਣ ਤੱਕ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ਤੋਂ 265 ਸਥਾਨਾਂ ’ਤੇ  ਡੇਂਗੂ ਦਾ ਲਾਰਵਾ ਮਿਲਿਆ ਹੈ, ਜਿਸ ’ਚ ਅੱਜ 3 ਨਵੇਂ ਸਥਾਨਾਂ ਤੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਸ਼ਹਿਰ ਵਾਸੀਆਂ ਨੂੰ ਇਨ੍ਹਾਂ ਬੀਮਾਰੀਆਂ ਪ੍ਰਤੀ ਚੌਕਸ ਵੀ ਕੀਤਾ ਜਾ ਰਿਹਾ ਹੈ। ਜ਼ਿਲਾ ਐਪੀਡੀਮੋਲੋਜਿਸਟ ਸੰਤੋਸ਼ ਭਾਰਤੀ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਵੱਲੋਂ ਪੂਰੇ ਸ਼ਹਿਰ ਅੰਦਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਹਰ ਰੋਜ਼ 60 ਤੋਂ 70 ਘਰਾਂ ਅੰਦਰ-ਬਾਹਰ  ਚੈਕਿੰਗ ਵੀ ਕੀਤੀ ਜਾ ਰਹੀ ਹੈ।  
 ਮਾਨਸਾ ਸ਼ਹਿਰ ਦੇ ਵਾਸੀ ਰਾਮ ਸਿੰਘ ਅੌਲਖ, ਗੋਬਿੰਦ ਗਰਗ, ਰਾਜਾ ਫੱਤਾ, ਕਰਮਜੀਤ ਸੋਨੀ, ਅੰਮਿਤ ਰਡ਼ ਵਾਲੇ, ਕੁਲਵੰਤ ਰਾਏ ਸੈਕਟਰੀ, ਅਸ਼ੋਕ ਕੁਮਾਰ ਨੇ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਤੋਂ ਮੰਗ ਕੀਤੀ ਹੈ ਕਿ ਕਾਲੀ ਮਾਤਾ ਦੇ ਮੰਦਰ ਕੋਲ ਇਕ ਪਲਾਟ ’ਚ  ਪਾਣੀ ਭਰਿਆ ਰਹਿੰਦਾ ਹੈ। ਉਸ ’ਚ ਲਗਾਤਾਰ ਪਾਣੀ ਖਡ਼੍ਹਨ ਕਾਰਨ ਗੰਦਗੀ ਤੇ ਬਦਬੋ ਫੈਲਣ ਦੇ ਨਾਲ ਡੇਂਗੂ ਦੇ ਲਾਰਵੇ ਦਾ ਘਰ ਬਣ ਚੁੱਕਾ ਹੈ। ਇਸ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ ਖੂਹ ਵਾਲੀ ਗਲੀ ਦੇ ਵਾਸੀ ਜੀਵਨ ਜਿੰਦਲ ਸੀ. ਏ. ਦਾ ਕਹਿਣਾ ਹੈ ਕਿ ਇਸ ਗਲੀ ’ਚ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ। ਇਹ ਗਲੀ ਪੂਰਨ ਤੌਰ ਨਰਕ ਦਾ ਨਮੂਨਾ ਬਣ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਤੇ ਨਗਰ ਕੌਂਸਲ ਮਾਨਸਾ ਦੇ ਕਈ ਵਾਰ ਧਿਆਨ ’ਚ ਲਿਆਉਣ ’ਤੇ ਕੋਈ ਅਸਰ ਨਹੀਂ ਪਿਆ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਅੰਦਰ ਫੈਲ ਰਹੀਆਂ ਡੇਂਗੂ ਵਰਗੀਆਂ ਬੀਮਾਰੀਆਂ ਨੂੰ ਰੋਕਣ ਲਈ ਇਸ ਗਲੀ ’ਚ ਗੰਦਗੀ ਦੇ ਢੇਰ ਤੁਰੰਤ ਉਠਾਏ ਜਾਣ।