ਸਤਲੁਜ ਦਰਿਆ ਦੇ ਏਰੀਏ ’ਚ ਪੁਲਸ ਦੀ ਰੇਡ, 23 ਹਜ਼ਾਰ ਲੀਟਰ ਲਾਹਨ ਬਰਾਮਦ

01/20/2021 2:35:54 PM

ਫਿਰੋਜ਼ਪੁਰ (ਕੁਮਾਰ): ਥਾਣਾ ਸਦਰ ਫਿਰੋਜ਼ਪੁਰ ਅਤੇ ਆਬਕਾਰੀ ਵਿਭਾਗ ਦੀ ਟੀਮ ਨੇ ਏ.ਐੱਸ.ਆਈ. ਬਲਜੀਤ ਸਿੰਘ ਦੀ ਅਗਵਾਈ ਹੇਠ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਅਲੀ ਕੇ ਦੇ ਏਰੀਆ ਵਿਚ ਰੇਡ ਕਰਦੇ ਹੋਏ 23 ਹਜ਼ਾਰ ਲੀਟਰ ਲਾਹਨ ਬਰਾਮਦ ਕੀਤੀ ਹੈ। ਇਸ ਬਰਾਮਦਗੀ ਨੂੰ ਲੈ ਕੇ ਪੁਲਸ ਵੱਲੋਂ ਥਾਣਾ ਸਦਰ ਫਿਰੋਜ਼ਪੁਰ ਵਿਚ ਭਜਨ ਸਿੰਘ, ਦਾਰਾ, ਕਾਲੀ ਅਤੇ ਤਰਸੇਮ ਸਿੰਘ ਦੇ ਖ਼ਿਲਾਫ਼ ਆਬਕਾਰੀ ਐਕਟ ਤਹਿਤ 
ਮੁਕੱਦਮਾ ਦਰਜ ਕੀਤਾ ਗਿਆ ਹੈ। 

ਇਹ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਨਾਮਜ਼ਦ ਦੋਸ਼ੀ ਪੁਲਸ ਨੂੰ ਦੇਖ ਕੇ ਫਰਾਰ ਹੋ ਗਏ, ਜਿਨ੍ਹਾਂ ਨੂੰ ਗਿ੍ਰਫ਼ਤਾਰ ਕਰਨ ਲਈ ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਨਾਮਜ਼ਦ ਚਾਰਂੋ ਵਿਅਕਤੀ ਨਾਜਾਇਜ਼ ਸ਼ਰਾਬ ਤਿਆਰ ਕਰਨ ਅਤੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਸ ਸਮੇਂ ਸਤਲੁਜ ਦਰਿਆ ਦੇ ਏਰੀਆ ਵਿਚ ਪਿੰਡ ਅਲੀ ਕੇ ਵਿਚ ਇਕ ਦਰਗਾਹ ਦੇ ਕੋਲ ਸਰਕੰਡਿਆਂ ਦੀ ਆੜ ਵਿਚ ਤਰਪਾਲਾਂ ’ਚ ਨਾਜਾਇਜ਼ ਸ਼ਰਾਬ ਤਿਆਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੂਚਨਾ ਦੇ ਆਧਾਰ ’ਤੇ ਜਦ ਪੁਲਸ ਪਾਰਟੀ ਨੇ ਦੱਸੀ ਜਗ੍ਹਾ ’ਤੇ ਰੇਡ ਕੀਤੀ ਤਾਂ ਉਥੋਂ 23000 ਲੀਟਰ ਲਾਹਨ ਬਰਾਮਦ ਹੋਈ।

Shyna

This news is Content Editor Shyna