ਟਿਕਟਾਂ ਦੀ ਵੰਡ ਮੌਕੇ ''ਆਪ'' ''ਚ ਹੋਈ ਖਰੀਦੋ-ਫਰੋਖਤ ਨੂੰ ਸਾਬਤ ਕਰ ਸਕਦਾ : ਖਹਿਰਾ

12/06/2018 1:40:05 AM

ਭਵਾਨੀਗੜ੍ਹ,(ਵਿਕਾਸ)— ਇਨਸਾਫ਼ ਮਾਰਚ ਦੀ ਤਿਆਰੀ ਸਬੰਧੀ ਅੱਜ ਪਿੰਡ ਘਰਾਚੋਂ ਵਿਖੇ ਪਹੁੰਚੇ ਵਿਰੋਧੀ ਧਿਰ ਦੇ ਸਾਬਕਾ ਆਗੂ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ 8 ਦਸੰਬਰ ਨੂੰ ਸ਼ੁਰੂ ਕੀਤੇ ਜਾਣ ਵਾਲੇ ਇਨਸਾਫ਼ ਮਾਰਚ ਦੇ ਤਹਿਤ 54 ਪਿੰਡਾਂ 'ਚੋਂ ਹੁੰਦੇ ਹੋਏ 180 ਕਿਲੋਮੀਟਰ ਦੀ ਪੈਦਲ ਯਾਤਰਾ ਕਰਨਗੇ । ਖਹਿਰਾ ਨੇ ਕਿਹਾ ਕਿ ਉਹ ਆਪਣੇ ਸਹਿਯੋਗੀਆਂ ਨਾਲ ਇਨ੍ਹਾਂ 9 ਦਿਨਾਂ ਦੇ ਇਨਸਾਫ ਮਾਰਚ ਦੌਰਾਨ ਸੂਬੇ ਦੇ ਲੋਕਾਂ ਨੂੰ ਲਾਮਬੰਦ ਕਰਨਗੇ। ਇਸ ਮੌਕੇ ਪੱਤਰਕਾਰਾਂ ਵਲੋਂ ਚੋਣਾਂ ਦੌਰਾਨ 'ਆਪ' ਵਿੱਚ ਟਿਕਟਾਂ ਦੀ ਵੰਡ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਖਹਿਰਾ ਨੇ ਕਿਹਾ ਕਿ ਚੋਣਾਂ ਸਮੇਂ 'ਆਪ' ਦੀ ਦਿੱਲੀ ਦੀ ਲੀਡਰਸ਼ਿਪ ਨੇ ਸ਼ਰੇਆਮ ਪੈਸੇ ਲੈ ਕੇ ਟਿਕਟਾਂ ਦੀ ਵੰਡ ਕੀਤੀ ਸੀ।

ਉਨ੍ਹਾਂ ਦਾਅਵਾ ਕੀਤਾ ਕਿ ਇਸ ਗੱਲ ਦਾ ਸਬੂਤ ਇਕ ਵਿਧਾਇਕ ਵੀ ਦੇ ਸਕਦਾ ਹੈ, ਨਾਲ ਹੀ ਖਹਿਰਾ ਨੇ ਸਵਾਲ ਕੀਤਾ ਕਿ ਜੇਕਰ ਉਹ ਇਸ ਗੱਲ ਨੂੰ ਪੰਜਾਬ ਦੀ ਜਨਤਾ ਸਾਹਮਣੇ ਸਾਬਤ ਕਰ ਦਿੰਦੇ ਹਨ ਤਾਂ ਕਿ ਭਗਵੰਤ ਮਾਨ 'ਆਪ' 'ਚੋਂ ਅਸਤੀਫਾ ਦੇਣ ਦੀ ਹਿੰਮਤ ਕਰਨਗੇ? ਇਸ ਤੋਂ ਪਹਿਲਾਂ ਖਹਿਰਾ ਨੇ ਕੈਪਟਨ ਸਰਕਾਰ 'ਤੇ ਵਰਦਿਆਂ ਕਿਹਾ ਕਿ 100 ਕਰੋੜ ਦੀਆਂ ਗੱਡੀਆਂ ਖ੍ਰੀਦਣ ਲਈ ਸਰਕਾਰ ਕੋਲ ਪੈਸੇ ਤਾਂ ਜ਼ਰੂਰ ਹਨ ਪਰ ਕਿਸਾਨਾਂ ਦੇ ਕਰਜ਼ ਮੁਆਫ ਕਰਨ ਵੇਲੇ ਸਰਕਾਰ ਖਜ਼ਾਨਾ ਖਾਲੀ ਹੋਣ ਦੀ ਗੱਲ ਕਰਦੀ ਹੈ। ਉਨ੍ਹਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕਰਦਿਆਂ ਕਿਹਾ ਕਿ ਵਧੀਆ ਹੋਵੇਗਾ ਕਿ ਜੇਕਰ ਸਿੱਧੂ ਅੱਜ ਹੀ ਕਾਂਗਰਸ ਪਾਰਟੀ ਦਾ ਤਿਆਗ ਕਰਕੇ ਕੇ ਉਨ੍ਹਾਂ ਨਾਲ ਆ ਜਾਣ ਕਿਉਂਕਿ ਕਾਂਗਰਸ ਪਾਰਟੀ 'ਚ ਚੰਗਾ ਕੰਮ ਕਰਨ ਵਾਲਿਆਂ ਦੀ ਕਦੇ ਵੀ ਕਦਰ ਨਹੀਂ ਪੈਂਦੀ। ਅਖੀਰ 'ਚ ਉਨ੍ਹਾਂ ਲੋਕਾਂ ਨੂੰ ਇਨਸਾਫ਼ ਮਾਰਚ 'ਚ ਵੱਧ ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ । ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਪਿਰਮਲ ਸਿੰਘ ਧੌਲਾ, ਹਰਪ੍ਰੀਤ ਬਾਜਵਾ, ਗੁਰਦੇਵ ਦੁੱਲਟ, ਕੁਲਦੀਪ ਸਿੰਘ ਕਾਕਾ, ਗੁਰਪ੍ਰੀਤ ਘਰਾਚੋਂ, ਬਬਲਾ ਬਾਲਦ, ਰਜਿੰਦਰ ਦਿਉਲ, ਕ੍ਰਿਸ਼ਨ ਝਨੇੜੀ ਆਦਿ ਹਾਜ਼ਰ ਸਨ।