ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

09/28/2019 5:48:52 PM

ਮੋਗਾ (ਆਜ਼ਾਦ)—ਪਿੰਡ ਗਗੜਾ ਨਿਵਾਸੀ ਕਿਸਾਨ ਸੁਰਜੀਤ ਸਿੰਘ (45) ਵੱਲੋਂ ਆਰਥਕ ਤੰਗੀ ਅਤੇ ਸਿਰ 'ਤੇ ਕਰਜ਼ਾ ਹੋਣ ਕਾਰਣ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਹੌਲਦਾਰ ਸਤਨਾਮ ਵੱਲੋਂ ਮ੍ਰਿਤਕ ਦੀ ਪਤਨੀ ਭੁਪਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ। ਹੌਲਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਚਾਰ ਬੱਚਿਆਂ ਦਾ ਪਿਉ ਸੀ ਅਤੇ ਉਸ ਕੋਲ ਦੋ-ਢਾਈ ਏਕੜ ਦੇ ਕਰੀਬ ਜ਼ਮੀਨ ਵੀ ਸੀ।

ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਦੁਪਹਿਰ 3 ਵਜੇ ਦੇ ਕਰੀਬ ਖੇਤਾਂ 'ਚ ਗਿਆ ਹੋਇਆ ਸੀ ਪਰ ਵਾਪਸ ਘਰ ਨਹੀਂ ਆਇਆ, ਜਦੋਂ ਅਸੀਂ 7 ਵਜੇ ਦੇ ਕਰੀਬ ਖੇਤਾਂ 'ਚ ਗਏ ਤਾਂ ਸੁਰਜੀਤ ਉਥੇ ਡਿੱਗਿਆ ਪਿਆ ਹੋਇਆ ਸੀ, ਜਿਸ ਦੀ ਹਾਲਤ ਬਹੁਤ ਖਰਾਬ ਸੀ, ਜਿਸ ਨੂੰ ਅਸੀਂ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਸ ਨੇ ਦਮ ਤੋੜ ਦਿੱਤਾ। ਉਸ ਦਾ ਪਤੀ ਪਹਿਲਾਂ ਆਟਾ ਚੱਕੀ ਦਾ ਕੰਮ ਕਰਦਾ ਸੀ ਪਰ ਤਿੰਨ ਲੱਖ ਰੁਪਏ ਦੇ ਕਰੀਬ ਕਰਜ਼ਾ ਹੋਣ ਕਾਰਣ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਅਸੀਂ ਕਈ ਵਾਰ ਉਸ ਨੂੰ ਸਮਝਾਉਣ ਦਾ ਵੀ ਯਤਨ ਕੀਤਾ, ਇਸੇ ਕਾਰਣ ਉਸ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਹੌਲਦਾਰ ਸਤਨਾਮ ਸਿੰਘ ਨੇ ਕਿਹਾ ਕਿ ਸੁਰਜੀਤ ਸਿੰਘ ਦੀ ਲਾਸ਼ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।

Shyna

This news is Content Editor Shyna