ਖੰਡ ਮਿੱਲ ਤੇ ਧਾਗਾ ਮਿੱਲ ''ਚ ਪਈ ਕਿਸਾਨਾਂ ਦੀ ਹਿੱਸੇਦਾਰੀ ਵਿਆਜ ਸਮੇਤ ਮੋੜੀ ਜਾਵੇ : ਰਾਜੇਵਾਲ

01/19/2017 11:48:42 AM

ਬੁਢਲਾਡਾ (ਬਾਂਸਲ, ਮਨਚੰਦਾ) - ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇਕੱਤਰਤਾ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਜਸਵੀਰ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਜ਼ਿਲੇ ਭਰ ਦੇ ਸਾਰੇ ਬੈਂਕਾਂ ਵਿਚ ਕੈਸ਼ ਸਬੰਧੀ ਕਿਸਾਨਾਂ ਦੀ ਬਹੁਤ ਹੀ ਖੱਜਲ ਖੁਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੈਂਕਾਂ ਅੱਗੇ ਲੱਗੀਆਂ ਲਾਈਨਾਂ ਵਿਚ ਕੋਈ ਵੀ ਅਮੀਰ ਘਰਾਣਾ ਕਿਧਰੇ ਵੀ ਨਜ਼ਰ ਨਹੀਂ ਆਉਂਦਾ ਸਗੋਂ ਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰ ਹੀ ਨੋਟਬੰਦੀ ਕਾਰਨ ਬੈਂਕਾਂ ਅੱਗੇ ਲਾਈਨਾਂ ਵਿਚ ਲੱਗ ਰਹੇ ਹਨ। ਕਿਸਾਨ ਆਗੂ ਇੰਦਰਜੀਤ ਨੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਖੇਤੀ ਦੇ ਲਾਗਤ ਮੁੱਲ ਨਾਲ ਡਾ. ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜ਼ਿਆਂ ''ਤੇ ਲੀਕ ਮਾਰਨਾ ਵੀ ਜ਼ਰੂਰੀ ਹੋ ਗਿਆ ਹੈ।

 ਬਲਾਕ ਪ੍ਰਧਾਨ ਸਾਧੂ ਸਿੰਘ ਕੁਲਾਣਾ ਨੇ ਕਿਹਾ ਕਿ ਬੁਢਲਾਡਾ ਦੀ ਸ਼ੂਗਰ ਮਿੱਲ ਅਤੇ ਮਾਨਸਾ ਦੀ ਧਾਗਾ ਮਿੱਲ ਲੰਬੇ ਸਮੇਂ ਤੋਂ ਬੰਦ ਹੋ ਕੇ ਰਹਿ ਗਈਆਂ ਹਨ, ਜਿਨ੍ਹਾਂ ਨੂੰ ਅੱਗੇ ਪੁੱਡਾ ਰਾਹੀਂ ਕਾਲੋਨੀਆ ਵਿਚ ਵੰਡ ਕੇ ਰੱਖ ਦਿੱਤਾ ਹੈ ਪਰ ਕਿਸਾਨਾਂ ਦੀ ਇਨ੍ਹਾਂ ਦੋਵੇਂ ਮਿੱਲਾਂ ਵਿਚ ਹਿੱਸੇਦਾਰੀ ਅਜੇ ਵੀ ਬਾਕੀ ਖੜ੍ਹੀ ਹੈ। ਇਸ ਮੌਕੇ ਬੁਲਾਰਿਆਂ ਵਲੋਂ ਦੋਵੇਂ ਮਿੱਲਾਂ ਵਿਚ ਪਈ ਕਿਸਾਨਾਂ ਦੀ ਹਿੱਸੇਦਾਰੀ ਤੁਰੰਤ ਕਿਸਾਨਾਂ ਨੂੰ ਵਿਆਜ ਸਮੇਤ ਵਾਪਸ ਕਰਨ, ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਰੋਕਥਾਮ, ਬਿਜਲੀ ਬਿੱਲਾਂ ''ਤੇ ਲਾਇਆ ਗਿਆ ਗਊ ਸੈਸ ਤੁਰੰਤ ਖਤਮ ਕੀਤੇ ਜਾਣ ਦੀ ਮੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਬਾਬੂ ਸਿੰਘ ਲਾਂਬਾ, ਲਾਭ ਸਿੰਘ, ਲਖਵਿੰਦਰ ਸਿੰਘ, ਜੋਗਿੰਦਰ ਸਿੰਘ, ਕਾਲਾ ਸਿੰਘ, ਰਾਜ ਸਿੰਘ ਅਤੇ ਕਿਸਾਨ ਆਗੂ ਦਰਸ਼ਨ ਸਿੰਘ ਵੀ ਸ਼ਾਮਲ ਸਨ।