ਸਰਟੀਫਿਕੇਟ ਨਾ ਦੇਣ ’ਤੇ ਕਾਲਜ ਖਿਲਾਫ ਵਿਦਿਆਰਥੀਆਂ ਨੇ ਕੀਤਾ ਰੋਸ ਮਾਰਚ

11/21/2018 7:06:35 AM

ਬਠਿੰਡਾ, (ਸੁਖਵਿੰਦਰ)- ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਦਲਿਤ ਵਿਦਿਆਰਥੀਆਂ ਨੂੰ 2 ਸਾਲਾਂ ਤੋਂ ਬਾਅਦ ਵੀ ਬੀ. ਐੱਡ. ਦੇ ਸਰਟੀਫਿਕੇਟ ਜਾਰੀ ਨਾ ਕਰਨ ਵਾਲੇ ਨਿੱਜੀ ਕਾਲਜ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਉਕਤ ਨਿੱਜੀ ਕਾਲਜ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਗੁੱਸਾ ਕੱਢਿਆ। ਇਸ ਮੌਕੇ ਯੂਨੀਅਨ ਦੀ ਸੂਬਾ ਅਹੁਦੇਦਾਰ ਗਗਨ ਸੰਗ੍ਰਾਮੀ ਨੇ ਦੱਸਿਆ ਕਿ ਉਕਤ ਦਲਿਤ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਨੇ 2016 ’ਚ ਉਕਤ ਕਾਲਜ ਵਿਚ ਦਾਖਿਲਾ ਲਿਆ ਸੀ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਉਕਤ ਕੈਟਾਗਿਰੀ ਦੇ ਵਿਦਿਆਰਥੀਆਂ ਦੀ ਫੀਸ ਮੁਆਫ ਹੁੰਦੀ ਹੈ ਪਰ ਇਸਦੇ ਬਾਵਜੂਦ ਕਾਲਜ ਪ੍ਰਬੰਧਕਾਂ ਵਲੋਂ ਪ੍ਰਤੀ ਵਿਦਿਆਰਥੀ 16 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਨੇ ਪੂਰੀ ਪ੍ਰੀਖਿਆ ਫੀਸ ਭਰੀ ਹੋਈ ਹੈ ਪਰ ਉਨ੍ਹਾਂ ਨੂੰ ਉਸਦੀ ਵੀ ਕੋਈ ਰਸੀਦ ਨਹੀਂ ਦਿੱਤੀ ਗਈ। ਜ਼ਿਲਾ ਪ੍ਰਧਾਨ ਸੰਗੀਤਾ ਰਾਣੀ ਨੇ ਕਿਹਾ ਕਿ ਇਸ ਤਰ੍ਹਾਂ ਵਿਦਿਆਰਥੀਆਂ ਦੇ ਅਸਲ ਸਰਟੀਫਿਕੇਟ ਜਾਰੀ ਨਾ ਕਰਨਾ ਕਾਨੂੰਨੀ ਜੁਰਮ ਹੈ। ਇਸ ਸਬੰਧ ’ਚ ਕਈ ਵਾਰ ਭਲਾਈ ਵਿਭਾਗ ਨੂੰ ਸੂਚਿਤ ਕੀਤਾ ਗਿਆ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਉਕਤ ਵਿਦਿਆਰਥੀਆਂ ਦੇ ਸਰਟੀਫਿਕੇਟ ਤੁਰੰਤ ਜਾਰੀ ਨਾ ਕੀਤੇ ਗਏ ਤਾਂ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ ਕੀਤਾ ਜਾਵੇਗਾ।