10 ਦੀ ਬਜਾਏ ਸਵੇਰੇ 9 ਵਜੇ ਖੁੱਲ੍ਹ ਰਹੇ ਨੇ ਸਕੂਲ

01/12/2019 6:28:08 AM

ਪਟਿਆਲਾ, (ਪ੍ਰਤਿਭਾ)- ਸਵੇਰੇ ਕਡ਼ਾਕੇ ਦੀ ਠੰਡ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਨੇ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਕਰ ਦਿੱਤਾ ਸੀ। ਇਸ ਨਿਰਦੇਸ਼ ਨੂੰ ਜਾਰੀ ਹੋਇਅਾਂ ਹਫਤੇ ਤੋਂ ਵੱਧ ਸਮਾਂ ਹੋ ਚੁੱਕਾ ਹੈ। ਇਸ ਦੇ ਬਾਵਜੂਦ ਸ਼ਹਿਰ ਦੇ ਪ੍ਰਾਈਵੇਟ ਸਕੂਲ ਇਹ ਹੁਕਮ ਮੰਨਣ ਲਈ ਤਿਆਰ ਨਹੀਂ ਹਨ। ਆਪਣੀ ਮਨਮਰਜ਼ੀ ਨਾਲ ਸਕੂਲਾਂ ਦਾ ਸਮਾਂ ਤੈਅ ਕੀਤਾ ਗਿਆ ਹੈ। ਕੋਈ ਸਕੂਲ ਸਵੇਰੇ 9 ਵਜੇ ਲੱਗ ਰਿਹਾ ਹੈ, ਕੋਈ 9.30 ਵਜੇ। ਇੰਨਾ ਹੀ ਨਹੀਂ, ਸਿੱਖਿਆ ਵਿਭਾਗ ਅਥਾਰਟੀ ਨੂੰ ਵੀ ਇਸ ਬਾਰੇ ਜਾਣਕਾਰੀ ਨਹੀਂ ਹੈ। ਅਜਿਹੇ ਵਿਚ ਸਵੇਰ ਦੀ ਠੰਡ ਵਿਚ ਨੰਨ੍ਹੇ ਬੱਚੇ 9 ਵਜੇ ਸਕੂਲ ਪੁੱਜਣ ਲਈ ਮਜਬੂਰ ਹਨ। ਇਸ ਤਰ੍ਹਾਂ ਦਾ ਮਾਮਲਾ ਅਰਬਨ ਅਸਟੇਟ ਫੇਜ਼-1 ਕੋਲ ਸਥਿਤ ਭਾਈ ਰਾਮ ਕ੍ਰਿਸ਼ਨ ਸਕੂਲ ਦਾ ਹੈ। ਸਕੂਲ ਦਾ ਸਮਾਂ 10 ਦੀ ਬਜਾਏ ਸਵੇਰੇ 9 ਵਜੇ ਦਾ ਹੀ ਹੈ। ਅਰਬਨ ਅਸਟੇਟ ਫੇਜ਼-1 ਦੇ ਨਾਲ ਲਗਦੇ ਇਕ ਹੋਰ ਪ੍ਰਾਈਵੇਟ ਸਕੂਲ ਨੇ ਵੀ ਸਕੂਲ ਲਾਉਣ ਦਾ ਸਮਾਂ ਨਹੀਂ ਬਦਲਿਆ। ਅਜਿਹੇ ਵਿਚ ਪਰੇਸ਼ਾਨੀ ਦੂਰ ਤੋਂ ਆਉਣ ਵਾਲੇ ਬੱਚਿਆਂ ਨੂੰ ਝੱਲਣੀ ਪੈਂਦੀ ਹੈ। 
 ਸ਼ਾਮ ਨੂੰ ਬੱਚੇ ਲੇਟ ਹੋ ਜਾਂਦੇ ਹਨ : ਮਹੰਤ ਚਮਕੌਰ ਸਿੰਘ
 ਭਾਈ ਰਾਮ ਕ੍ਰਿਸ਼ਨ ਸਕੂਲ ਦੇ ਸੰਸਥਾਪਕ ਮਹੰਤ ਚਮਕੌਰ ਸਿੰਘ ਨੇ ਕਿਹਾ ਕਿ ਵਿਦਿਆਰਥੀ ਕਾਫੀ ਦੂਰ-ਦਰਾਜ ਤੋਂ ਆਉਂਦੇ ਹਨ। ਛੁੱਟੀ ਦੇ ਸਮੇਂ ਸ਼ਾਮ ਨੂੰ ਉਹ ਲੇਟ ਹੋ ਜਾਂਦੇ ਹਨ। ਇਸ ਲਈ ਸਮਾਂ ਨਹੀਂ ਬਦਲਿਆ। ਹੁਣ ਤਾਂ ਸਕੂਲ ਨੇ 15 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਹਨ। 
 ਚੈੱਕ ਕਰਵਾ ਕੇ ਫਿਰ ਤੋਂ ਲੈਟਰ ਭੇਜ ਦਿੰਦੇ ਹਾਂ : ਡੀ. ਈ. ਓ.
 ਇਸ ਮਾਮਲੇ ਸਬੰਧੀ ਡੀ. ਈ. ਓ. ਕੁਲਭੂਸ਼ਣ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਨਜ਼ਰ ਵਿਚ ਇਹ ਮਾਮਲਾ ਨਹੀਂ ਸੀ। ਚੈੈੱਕ ਕਰਵਾ ਕੇ ਇਨ੍ਹਾਂ ਸਕੂਲਾਂ ਨੂੰ ਫਿਰ ਤੋਂ ਵਿਭਾਗ ਅਥਾਰਟੀ ਦਾ ਲੈਟਰ ਭੇਜ ਦਿੰਦੇ ਹਾਂ। ਜੇਕਰ ਫਿਰ ਵੀ  ਗੱਲ  ਨਹੀਂ ਮੰਨੀ  ਜਾਂਦੀ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। 

KamalJeet Singh

This news is Content Editor KamalJeet Singh