ਸੰਗਰੂਰ : ਦੁਕਾਨਦਾਰਾਂ ਦੇ ਹੱਕ ’ਚ ਨਿੱਤਰੀਆਂ ਕਿਸਾਨ ਜਥੇਬੰਦੀਆਂ ਨੂੰ ਨਹੀਂ ਮਿਲਿਆ ਹੁੰਗਾਰਾ

05/08/2021 3:19:51 PM

ਭਵਾਨੀਗੜ੍ਹ (ਕਾਂਸਲ, ਵਿਕਾਸ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਲਾਕਡਾਊਨ ਦੇ ਵਿਰੋਧ ਵਿੱਚ ਤੇ ਵਪਾਰੀ ਵਰਗ ਦੇ ਹੱਕ 'ਚ ਰੈਲੀ ਕਰਦਿਆਂ ਸਮੂਹ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ ਪਰ ਕੋਰੋਨਾ ਸਬੰਧੀ ਸਰਕਾਰ ਵੱਲੋਂ ਜਾਰੀ ਨਵੇਂ ਹੁਕਮਾਂ ਦੇ ਚੱਲਦਿਆਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨਾ ਖੋਲ੍ਹ ਕੇ ਪ੍ਰਸ਼ਾਸਨ ਦਾ ਸਾਥ ਦਿੱਤਾ। ਸ਼ਹਿਰ ਦੀ ਨਵੀਂ ਅਨਾਜ ਮੰਡੀ ’ਚ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂ ਜਗਤਾਰ ਸਿੰਘ ਕਾਲਾਝਾੜ, ਮਨਜੀਤ ਸਿੰਘ ਘਰਾਚੋਂ, ਅਜੈਬ ਸਿੰਘ ਲੱਖੇਵਾਲ, ਹਰਜਿੰਦਰ ਸਿੰਘ ਘਰਾਚੋਂ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਰਣਧੀਰ ਸਿੰਘ ਭੱਟੀਵਾਲ, ਭਰਭੂਰ ਸਿੰਘ ਮਾਝੀ ਅਤੇ ਕੁਲਵਿੰਦਰ ਬੇਗਮ ਭੜੋ ਨੇ ਕਿਹਾ ਕਿ ਸਰਕਾਰ ਕੋਰੋਨਾ ਵਾਇਰਸ ਦੀ ਆੜ ਹੇਠ ਛੋਟੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਦੇ ਕਾਰੋਬਾਰਾਂ ਨੂੰ ਠੱਪ ਕਰਨਾ ਚਾਹੁੰਦੀ ਹੈ ਪਰ ਕਿਸਾਨ ਇਸ ਮੁੱਦੇ 'ਤੇ ਵਪਾਰੀ ਵਰਗ ਤੇ ਦੁਕਾਨਾਦਾਰ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ।

ਇਸ ਲਈ ਉਹ ਦੁਕਾਨਦਾਰਾਂ, ਰੇਹੜੀ ਫੜ੍ਹੀ ਲਗਾਉਣ ਵਾਲੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਲਾਕਡਾਊਨ ਦੌਰਾਨ ਆਪਣੇ ਕਾਰੋਬਾਰਾਂ ਨੂੰ ਚੱਲਦਾ ਰੱਖਿਆ ਜਾਵੇ, ਅਜਿਹਾ ਨਾ ਹੋਵੇ ਕਿ ਅਸੀਂ ਕੋਰੋਨਾ ਤੋਂ ਪਹਿਲਾਂ ਭੁੱਖਮਰੀ ਦਾ ਸ਼ਿਕਾਰ ਹੋ ਜਾਈਏ। ਸ਼ਹਿਰ ਦੀ ਅਨਾਜ ਮੰਡੀ ਤੋਂ ਕਿਸਾਨਾਂ ਦਾ ਵੱਡਾ ਹਜੂਮ ਰੈਲੀ ਦੇ ਰੂਪ ਵਿੱਚ ਮਾਰਚ ਕਰਦਾ ਹੋਇਆ ਬਾਜ਼ਾਰਾਂ ’ਚ ਪਹੁੰਚਿਆ। ਹਾਲਾਂਕਿ ਇਸ ਦੌਰਾਨ ਕਿਸੇ ਵੀ ਦੁਕਾਨਦਾਰ ਨੇ ਆਪਣੀ ਦੁਕਾਨ ਨਹੀਂ ਖੋਲ੍ਹੀ। ਦੁਕਾਨਦਾਰਾਂ ਦਾ ਇੱਕ ਵਫ਼ਦ ਕਿਸਾਨਾਂ ਦੀ ਰੈਲੀ ’ਚ ਪਹੁੰਚਿਆ, ਜਿਨ੍ਹਾਂ ਨੇ ਦੁਕਾਨਦਾਰਾਂ ਦਾ ਸਾਥ ਦੇਣ ਲਈ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕੀਤਾ। ਓਧਰ ਕਿਸਾਨਾਂ ਦੇ ਅੱਜ ਦੇ ਉਲੀਕੇ ਪ੍ਰੋਗਰਾਮ ਨੂੰ ਲੈ ਕੇ ਸਵੇਰ ਤੋਂ ਹੀ ਡੀ.ਐੱਸ.ਪੀ. ਭਵਾਨੀਗੜ੍ਹ ਸੁਖਰਾਜ ਸਿੰਘ ਘੁੰਮਣ ਦੀ ਨਿਗਰਾਨੀ ਤੇ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਸ ਬਲ ਤੇ ਕਮਾਂਡੋ ਦੇ ਜਵਾਨ ਸ਼ਹਿਰ ’ਚ ਤਾਇਨਾਤ ਰਹੇ।

ਇਸ ਮੌਕੇ ਡੀ.ਐੱਸ.ਪੀ. ਘੁੰਮਣ ਨੇ ਕਿਹਾ ਕਿ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੇ ਸਮਝਦਾਰੀ ਦਾ ਸਬੂਤ ਦਿੰਦਿਆਂ ਕਿਸਾਨਾਂ ਦੀ ਕਾਲ ’ਤੇ ਆਪਣੀਆਂ ਦੁਕਾਨਾਂ ਨਹੀਂ ਖੋਲ੍ਹੀਆਂ। ਉਨ੍ਹਾਂ ਕਿਹਾ ਕਿ ਦੁਕਾਨਾਦਾਰਾਂ ਨੇ ਕੋਵਿਡ ਦੇ ਮੱਦੇਨਜ਼ਰ ਸਰਕਾਰ ਦੀਆਂ ਗਾਈਡਲਾਈਨਜ਼ ਦੀ ਇੰਨ-ਬਿੰਨ ਪਾਲਣਾ ਕਰ ਕੇ ਪ੍ਰਸ਼ਾਸਨ ਦਾ ਭਰਪੂਰ ਸਾਥ ਦਿੱਤਾ ਹੈ।
 

Manoj

This news is Content Editor Manoj