ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀ ਗ੍ਰਿਫਤਾਰ

02/08/2020 2:50:01 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ 4 ਵੱਖ-ਵੱਖ ਕੇਸਾਂ ਵਿਚ 25 ਗ੍ਰਾਮ ਚਿੱਟਾ, 48 ਬੋਤਲਾਂ ਸ਼ਰਾਬ, 1200 ਨਸ਼ੀਲੀਆਂ ਗੋਲੀਆਂ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ 1 ਵਿਅਕਤੀ ਫਰਾਰ ਹੋ ਗਿਆ। ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਥਾਣਾ ਭਵਾਨੀਗੜ੍ਹ ਦੇ ਪੁਲਸ ਅਧਿਕਾਰੀ ਕ੍ਰਿਪਾਲ ਸਿੰਘ ਜਦੋਂ ਚੈਕਿੰਗ ਦੌਰਾਨ ਬੱਸ ਸਟੈਂਡ ਭੱਟੀਵਾਲ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਨਾਰਾਇਣਗੜ੍ਹ ਪਾਸਿਓਂ ਸੁਖਜਿੰਦਰ ਸਿੰਘ ਵਾਸੀ ਅਰਕ ਅਤੇ ਬਲਵਿੰਦਰ ਕੌਰ ਵਾਸੀ ਜੌਲੀਆਂ ਪੈਦਲ ਆਉਣਗੇ, ਜਿਨ੍ਹਾਂ ਕੋਲ ਭਾਰੀ ਮਾਤਰਾ ਵਿਚ ਨਸ਼ੀਲਾ ਪਦਾਰਥ ਹੈ। ਸੂਚਨਾ ਦੇ ਅਧਾਰ 'ਤੇ ਰੇਡ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰਕੇ 25 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ।

ਇਸੇ ਤਰ੍ਹਾਂ ਨਾਲ ਸੀ. ਆਈ. ਏ. ਸਟਾਫ ਬਹਾਦਰ ਸਿੰਘ ਵਾਲਾ ਦੇ ਪੁਲਸ ਅਧਿਕਾਰੀ ਗਿਆਨ ਸਿੰਘ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਲਹਿਰਾ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਹਰਜੀਤ ਸਿੰਘ ਵਾਸੀ ਪਿੰਡ ਹਰਿਆਉ ਹਰਿਆਣਾ ਨਸ਼ੀਲੀਆਂ ਗੋਲੀਆਂ ਲਿਆ ਕੇ ਪਿੰਡਾਂ ਵੱਲ ਸਪਲਾਈ ਕਰਦਾ ਹੈ। ਉਹ ਅੱਜ ਵੀ ਅਸੀਨ ਵਾਸੀ ਖਾਈ ਥਾਣਾ ਲਹਿਰਾ ਨਾਲ ਨਸ਼ੀਲੀਆਂ ਗੋਲੀਆਂ ਲੈਣ ਲਈ ਗਿਆ ਹੋਇਆ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸੂਚਨਾ ਦੇ ਆਧਾਰ 'ਤੇ ਉਕਤ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 1200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤਾ ਗਿਆ ਅਤੇ ਥਾਣਾ ਲਹਿਰਾ ਵਿਚ ਕੇਸ ਦਰਜ ਕੀਤਾ।

ਇਕ ਹੋਰ ਮਾਮਲੇ ਵਿਚ ਥਾਣਾ ਸ਼ੇਰਪੁਰ ਦੇ ਹੌਲਦਾਰ ਓਂਕਾਰ ਸਿੰਘ ਨੇ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਸੰਦੀਪ ਸਿੰਘ ਵਾਸੀ ਬੜੀ ਦੇ ਘਰ ਰੇਡ ਕਰਕੇ ਉਸ ਨੂੰ ਕਾਬੂ ਕਰਦੇ ਹੋਏ 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਥਾਣਾ ਸ਼ੇਰਪੁਰ ਦੇ ਪੁਲਸ ਅਧਿਕਾਰੀ ਸੁਖਪਾਲ ਸਿੰਘ ਜਦੋਂ ਰਾਮਗੜ੍ਹ ਛੰਨਾ ਰੋਡ ਸ਼ੇਰਪੁਰ ਮੌਜੂਦ ਸੀ ਤਾਂ ਉਨ੍ਹਾਂ ਨੂੰ ਬਿਨਾਂ ਨੰਬਰੀ ਸਕੂਟਰੀ 'ਤੇ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਸਕੂਟਰੀ ਵਿਚੋਂ 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਦੋਸ਼ੀ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਬੜੀ ਵਜੋਂ ਹੋਈ ਹੈ। ਉਸ ਵਿਰੁੱਧ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

cherry

This news is Content Editor cherry