ਅਣਪਛਾਤੇ ਵਿਅਕਤੀਆਂ ਨੇ ਦਿੱਤਾ ਚੋਰੀ ਦੀਆਂ 2 ਘਟਨਾਵਾਂ ਨੂੰ ਅੰਜਾਮ

03/27/2019 4:33:31 PM

ਕੋਟਕਪੂਰਾ (ਨਰਿੰਦਰ) - ਬੀਤੀ ਰਾਤ ਸਥਾਨਕ ਸ਼ਹਿਰ ਦੀਆਂ 2 ਵੱਖ-ਵੱਖ ਥਾਵਾਂ 'ਤੇ ਚੋਰੀ ਹੋ ਜਾਣ ਦੀ ਸੂਚਨਾ ਮਿਲੀ ਹੈ। ਚੋਰੀ ਦੀਆਂ ਇਹ ਘਟਨਾਵਾਂ ਅੱਧੀ ਰਾਤ 2:15 ਵਜੇ ਦੇ ਕਰੀਬ ਵਾਪਰੀਆਂ ਦੱਸੀਆਂ ਜਾ ਰਹੀਆਂ ਹਨ। ਸਥਾਨਕ ਬਠਿੰਡਾ ਰੋਡ 'ਤੇ ਸਥਿਤ ਵਰਾਇਟੀ ਜਨਰਲ ਸਟੋਰ ਦੁਕਾਨ ਦੇ ਮਾਲਕ ਅਸ਼ਵਨੀ ਗੁਪਤਾ ਨੇ ਦੱਸਿਆ ਕਿ ਉਹ ਬੀਤੀ ਰਾਤ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਪਰ ਰਾਤ ਕਰੀਬ 3 ਕੁ ਵਜੇ ਪੁਲਸ ਮੁਲਾਜ਼ਮਾਂ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਤੇ ਚੋਰੀ ਹੋ ਗਈ ਹੈ।ਜਦ ਉਨ੍ਹਾਂ ਦੁਕਾਨ 'ਤੇ ਆ ਕੇ ਵੇਖਿਆ ਤਾਂ ਦੁਕਾਨ ਦਾ ਸ਼ਟਰ ਚੁੱਕਿਆ ਹੋਇਆ ਸੀ ਅਤੇ ਚੋਰ ਦੁਕਾਨ 'ਚੋਂ ਖੰਡ, ਘਿਓ, ਚਾਹ-ਪਤੀ, ਰਿਫਾਇੰਡ, ਸਰਫ ਅਤੇ ਕਰਿਆਨੇ ਦਾ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਸਨ, ਜਿਸ ਦੀ ਕੀਮਤ 35-40 ਹਜ਼ਾਰ ਰੁਪਏ ਬਣਦੀ ਹੈ। 

ਇਸੇ ਤਰ੍ਹਾਂ ਸਥਾਨਕ ਦੇਵੀ ਵਾਲਾ ਰੋਡ 'ਤੇ ਸਥਿਤ ਹਰੀ ਰਾਮ ਟਾਇਰ ਸਰਵਿਸ ਤੋਂ ਵੀ ਟਾਇਰ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਦੁਕਾਨ ਦੇ ਮਾਲਕ ਨੱਥੂ ਰਾਮ ਨੇ ਦੱਸਿਆ ਕਿ ਚੋਰ ਦੁਕਾਨ 'ਚੋਂ ਇਨੋਵਾ ਦੇ 4, ਆਲਟੋ ਦੇ 2, ਬੁਲੇਰੋ ਦੇ 2, ਸਵਿਫਟ ਦਾ 1 ਅਤੇ ਮੋਟਰਸਾਈਕਲ ਦੇ 4 ਟਾਇਰ ਆਦਿ ਚੋਰੀ ਕਰਕੇ ਲੈ ਗਏ ਹਨ, ਜਿਨ੍ਹਾਂ ਦੀ ਕੀਮਤ 1 ਲੱਖ ਰੁਪਏ ਦੇ ਕਰੀਬ ਬਣਦੀ ਹੈ। ਅਸ਼ਵਨੀ ਗੁਪਤਾ ਨੇ ਦੱਸਿਆ ਕਿ ਬਠਿੰਡਾ ਰੋਡ 'ਤੇ ਇਕ ਦੁਕਾਨ ਦੇ ਬਾਹਰ ਲੱਗੇ ਕੈਮਰਿਆਂ ਦੀ ਫੁਟੇਜ਼ ਤੋਂ ਪ੍ਰਤੀਤ ਹੁੰਦਾ ਹੈ ਕਿ ਇਨੋਵਾ ਗੱਡੀ 'ਤੇ ਆਏ ਕੁੱਝ ਵਿਅਕਤੀਆਂ ਵਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ। ਦੋਵਾਂ ਦੁਕਾਨਦਾਰਾਂ ਨੇ ਚੋਰੀ ਦੀਆਂ ਘਟਨਾਵਾਂ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ ।

rajwinder kaur

This news is Content Editor rajwinder kaur