ਵਿਆਹ ਵਾਲੇ ਲਾੜੇ ਦੇ ਪਿਤਾ ਕੋਲੋਂ ਲੁਟੇਰਾ ਸਾਢੇ 3 ਲੱਖ ਰੁਪਏ ਅਤੇ ਸੋਨੇ ਦੇ ਗਹਿਣਿਆਂ ਨਾਲ ਭਰਿਆ ਬੈਗ ਖੋਹ ਕੇ ਫਰਾਰ

02/24/2022 10:40:15 AM

ਫ਼ਿਰੋਜ਼ਪੁਰ (ਕੁਮਾਰ) : ਵਿਆਹ ਵਾਲੇ ਦਿਨ ਘੋੜੀ ਕੱਢ ਰਹੇ ਲਾੜੇ ਦੇ ਪਿਤਾ ਤੋਂ ਇਕ ਕੇਸਧਾਰੀ ਮੋਟਰਸਾਈਕਲ ਸਵਾਰ ਲੁਟੇਰਾ ਕਰੀਬ ਸਾਢੇ 3 ਲੱਖ ਰੁਪਏ ਦੀ ਨਕਦੀ ਅਤੇ ਗਹਿਣਿਆ ਨਾਲ ਭਰਿਆ ਹੋਇਆ ਬੈਗ ਖੋਹ ਕੇ ਫਰਾਰ ਹੋ ਗਿਆ। ਲਾੜੇ ਦੇ ਪਿਤਾ ਨੇ ਘਟਨਾ ਦੀ ਸੂਚਨਾ ਤੁਰੰਤ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੂੰ ਦਿੱਤੀ ਪਰ ਪੁਲਸ ਚੋਣ ਪ੍ਰਬੰਧਾਂ ’ਚ ਜੁਟੀ ਹੋਣ ਕਾਰਨ ਅਜੇ ਤੱਕ ਲੁਟੇਰੇ ਨੂੰ ਫੜਿਆ ਨਹੀਂ ਜਾ ਸਕਿਆ, ਜਦਕਿ ਲੁਟੇਰੇ ਦੀ ਫੋਟੋ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ।

ਇਹ ਵੀ ਪੜ੍ਹੋ : ਟਰਾਲੇ ਦੀ ਲਪੇਟ ’ਚ ਆਉਣ ਨਾਲ ਇਕ ਲੜਕੀ ਦੀ ਮੌਤ, ਦੂਜੀ ਜ਼ਖਮੀ

ਰਾਜੇਸ਼ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਆਹ ਸੀ ਅਤੇ ਜਦੋਂ ਮੱਲਵਾਲ ਰੋਡ ’ਤੇ ਇਕ ਪੈਲੇਸ ’ਚ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ ਤਾਂ ਉਨ੍ਹਾਂ ਵੱਲੋਂ ਘੋੜੀ ਕੱਢੀ ਜਾ ਰਹੀ ਸੀ ਤੇ ਸ਼੍ਰੀ ਰਘੂਨਾਥ ਮੰਦਰ ਵਿਚ ਮੱਥਾ ਟੇਕਿਆ ਜਾਣਾ ਸੀ, ਘੋੜੀ ਕੱਢਦੇ ਸਮੇਂ ਲਾੜੇ ਦੇ ਸਾਰੇ ਰਿਸ਼ਤੇਦਾਰ ਅਤੇ ਦੋਸਤ ਨੱਚਣ ਵਿਚ ਲੱਗੇ ਹੋਏ ਸਨ ਅਤੇ ਸਾਰਿਆਂ ਦੇ ਪਿੱਛੇ ਲਾੜੇ ਦਾ ਪਿਤਾ ਸੀ, ਜਿਸ ਕੋਲ ਇਕ ਬੈਗ ਸੀ, ਜਿਸ ਵਿਚ ਕਰੀਬ ਸਾਢੇ ਤਿੰਨ ਲੱਖ ਰੁਪਏ ਅਤੇ ਕਰੀਬ 24 ਗ੍ਰਾਮ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਸੀ। ਮੰਦਰ ਤੋਂ ਥੋੜੀ ਦੂਰ ਇਕ ਕੇਸਧਾਰੀ ਲੁਟੇਰਾ ਮੋਟਰਸਾਈਕਲ ’ਤੇ ਆਇਆ ਤੇ ਲਾੜੇ ਦੇ ਪਿਤਾ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ। ਪਰਿਵਾਰ ਨੇ ਦੱਸਿਆ ਕਿ 4 ਦਿਨ ਬੀਤ ਜਾਣ ’ਤੇ ਵੀ ਅਜੇ ਤੱਕ ਲੁਟੇਰੇ ਦਾ ਕੋਈ ਸੁਰਾਗ ਨਹੀਂ ਲੱਗਾ ਹੈ, ਜਦਕਿ ਉਹ ਵਾਰ-ਵਾਰ ਥਾਣੇ ਦੇ ਚੱਕਰ ਲਗਾ ਰਹੇ ਹਨ।

ਇਹ ਵੀ ਪੜ੍ਹੋ : ਚੋਣਾਂ ਖ਼ਤਮ ਹੁੰਦਿਆਂ ਹੀ ਚੋਰਾਂ ਨੇ ਫਿਰ ਅੱਤ ਮਚਾਉਣੀ ਕੀਤੀ ਸ਼ੁਰੂ,  12 ਟਰੈਕਟਰਾਂ ਦੀਆਂ ਬੈਟਰੀਆਂ ਚੋਰੀ

ਦੂਜੇ ਪਾਸੇ ਥਾਣਾ ਸਦਰ ਫਿਰੋਜ਼ਪੁਰ ਦੇ ਇੰਚਾਰਜ ਸਰਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਲੁਟੇਰਿਆ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲਸ ਜਲਦੀ ਹੀ ਲੁਟੇਰੇ ਨੂੰ ਕਾਬੂ ਕਰ ਲਵੇਗੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Anuradha

This news is Content Editor Anuradha