ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ

02/29/2020 8:03:48 PM

ਭਵਾਨੀਗੜ,(ਵਿਕਾਸ) : ਇੱਥੇ ਸੰਗਰੂਰ-ਪਟਿਆਲਾ ਮੁੱਖ ਸੜਕ 'ਤੇ ਪਿੰਡ ਘਾਬਦਾ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ ਮੋਟਰਸਾਇਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਹਾਦਸੇ ਸਬੰਧੀ ਪੁਲਸ ਨੇ ਕਾਰ ਅਤੇ ਟਰੈਕਟਰ ਟਰਾਲੀ ਦੇ ਚਾਲਕਾਂ ਖਿਲਾਫ਼ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਹਾਦਸੇ ਸਬੰਧੀ ਅਨਿਲ ਕੁਮਾਰ ਵਾਸੀ ਸੰਗਰੂਰ ਨੇ ਦੱਸਿਆ ਕਿ ਸ਼ਨੀਵਾਰ ਉਸ ਦਾ ਪਿਤਾ ਸੱਤਪਾਲ (52) ਮੋਟਰਸਾਇਕਲ 'ਤੇ ਪਟਿਆਲਾ ਤੋਂ ਸੰਗਰੂਰ ਵੱਲ ਆ ਰਿਹਾ ਸੀ ਤੇ ਇਸ ਦੌਰਾਨ ਮੁੱਖ ਸੜਕ 'ਤੇ ਪਿੰਡ ਘਾਬਦਾ ਨੇੜੇ ਜਦੋਂ ਉਸਦਾ ਪਿਤਾ ਅੱਗੇ ਜਾ ਰਹੇ ਟਰੈਕਟਰ-ਟਰਾਲੀ ਨੂੰ ਕ੍ਰਾਸ ਕਰਨ ਲੱਗਾ ਤਾਂ ਸੰਗਰੂਰ ਵੱਲੋਂ ਆ ਰਹੀ ਇਕ ਸਵਿਫਟ ਕਾਰ ਨਾਲ ਉਸ ਦੀ ਟੱਕਰ ਹੋ ਗਈ। ਜਿਸ ਕਰਕੇ ਉਸ ਦਾ ਪਿਤਾ ਮੋਟਰਸਾਇਕਲ ਸਮੇਤ ਸੜਕ 'ਤੇ ਡਿੱਗ ਪਿਆ ਤੇ ਟਰੈਕਟਰ ਦੀ ਲਪੇਟ 'ਚ ਆ ਜਾਣ ਕਾਰਣ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਸਬੰਧੀ ਕਾਰਵਾਈ ਕਰ ਰਹੇ ਥਾਣਾ ਸਦਰ ਸੰਗਰੂਰ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੱਤਪਾਲ ਦੇ ਲੜਕੇ ਅਨਿਲ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਕਾਰ ਚਾਲਕ ਗੁਰਪ੍ਰੀਤ ਸਿੰਘ ਵਾਸੀ ਸੰਗਰੂਰ ਸਮੇਤ ਟਰੈਕਟਰ ਚਾਲਕ ਅਮਰੀਕ ਦਾਸ ਵਾਸੀ ਰਟੋਲਾਂ ਵਿਰੁੱਧ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।