ਪੁਲੀ ਪਾਉਣ ਲਈ ਪੁੱਟੀ ਗਈ ਸੜਕ ਨੇ ਲਈ 3 ਧੀਆਂ ਦੇ ਪਿਓ ਦੀ ਜਾਨ

09/01/2021 12:11:05 PM

ਮੋਗਾ (ਅਜ਼ਾਦ ): ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਬੰਬੀਹਾ ਭਾਈ-ਸਾਹੋਕੇ ਦਰਮਿਆਨ ਹੋਏ ਸੜਕ ਹਾਦਸੇ ’ਚ ਬਸੰਤ ਸਿੰਘ ਉਰਫ ਬਿੱਟੂ (30), ਜੋ ਤਿੰਨ ਧੀਆਂ ਦਾ ਪਿਤਾ ਸੀ, ਦੀ ਮੌਤ ਹੋ ਗਈ, ਜਦਕਿ ਉਸ ਦਾ ਚਚੇਰਾ ਭਰਾ ਸੁਖਪਾਲ ਸਿੰਘ ਮਾਮੂਲੀ ਜ਼ਖ਼ਮੀ ਹੋ ਗਿਆ। ਹਾਦਸੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਰਾਜ ਸਿੰਘ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਗਈ। ਪੁਲਸ ਅਨੁਸਾਰ ਬਸੰਤ ਸਿੰਘ ਉਰਫ ਬਿੱਟੂ, ਜੋ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਆਪਣੇ ਚਚੇਰੇ ਭਰਾ ਸਤਪਾਲ ਸਿੰਘ ਦੇ ਨਾਲ ਗਿੰਦਰ ਸਿੰਘ ਨਿਵਾਸੀ ਪਿੰਡ ਸਾਹੋਕੇ ਦੇ ਘਰ ਸੁਨੇਹਾ ਦੇਣ ਲਈ ਆਪਣੇ ਮੋਟਰਸਾਈਕਲ ’ਤੇ ਜਾ ਰਹੇ ਸੀ। ਰਸਤੇ ਵਿਚ ਪੁਲੀ ਪਾਉਣ ਲਈ ਸੜਕ ਪੁੱਟੀ ਹੋਈ ਸੀ। ਹਨੇਰਾ ਹੋਣ ਕਾਰਣ ਉਨ੍ਹਾਂ ਨੂੰ ਪਤਾ ਨਾ ਲੱਗ ਸਕਿਆ ਤੇ ਉਨ੍ਹਾਂ ਦਾ ਮੋਟਰਸਾਈਕਲ ਉਸ ’ਚ ਜਾ ਡਿੱਗਾ, ਜਿਸ ਨਾਲ ਬਸੰਤ ਸਿੰਘ ਦੀ ਮੌਤ ਹੋ ਗਈ। ਬਸੰਤ ਸਿੰਘ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਭਰਾ ਦੇ ਪਰਿਵਾਰ ਨੂੰ ਵੀ ਪਾਲ ਰਿਹਾ ਸੀ।

ਸਹਾਇਕ ਥਾਣੇਦਾਰ ਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਚਚੇਰੇ ਭਰਾ ਸੁਖਪਾਲ ਸਿੰਘ ਦੇ ਬਿਆਨਾਂ ਦੇ ਅਧੀਨ ਧਾਰਾ 174 ਦੀ ਕਾਰਵਾਈ ਕਰਨ ਦੇ ਬਾਅਦ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਸਾਂ ਦੇ ਹਵਾਲੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੁੱਟੀ ਗਈ ਸੜਕ ’ਤੇ ਨਾ ਤਾਂ ਕੋਈ ਚਾਨਣ ਦਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਨਾ ਹੀ ਸੜਕ ਨੂੰ ਦੋਨਾਂ ਪਾਸਿਆਂ ਤੋਂ ਬੰਦ ਕੀਤਾ ਸੀ, ਜਿਸ ਨਾਲ ਆਉਣ ਜਾਣ ਵਾਲਿਆਂ ਨੂੰ ਸੜਕ ਵਿਚਕਾਰ ਪਾਈ ਜਾ ਰਹੀ ਪੁਲੀ ਕਾਰਨ ਪੁੱਟੀ ਗਈ ਸੜਕ ਦਾ ਪਤਾ ਲੱਗ ਸਕੇ। ਪਿੰਡ ਦੇ ਲੋਕ ਮੰਗ ਕਰ ਰਹੇ ਸਨ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮ੍ਰਿਤਕ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਕਿਉਂਕਿ ਮ੍ਰਿਤਕ ਨੌਜਵਾਨ ਦੋ ਪਰਿਵਾਰਾਂ ਨੂੰ ਪਾਲ ਰਿਹਾ ਸੀ, ਜਿਸ ਦੀ ਮੌਤ ਹੋਣ ਨਾਲ ਉਕਤ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਲੋਕ ਇਹ ਵੀ ਮੰਗ ਕਰ ਰਹੇ ਸਨ। ਇਸ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਦਾ ਪਤਾ ਲਾਇਆ ਜਾਵੇ ਅਤੇ ਅਣਗਹਿਲੀ ਕਰਨ ਵਾਲਿਆ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

Shyna

This news is Content Editor Shyna