ਰਾਮਬਾਗ ਰੋਡ ਦੀ ਸਡ਼ਕ ਪਿਛਲੇ 6 ਮਹੀਨਿਆਂ ’ਚ ਤਿੰਨ ਵਾਰ ਧਸੀ

01/18/2019 1:47:08 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਸ਼ਹਿਰ ਦੀਆਂ ਸਡ਼ਕਾਂ ਦਾ ਬੁਰਾ ਹਾਲ ਹੈ। ਥਾਂ-ਥਾਂ ’ਤੇ ਸ਼ਹਿਰ ਦੀਆਂ ਸਡ਼ਕਾਂ ਟੁੱਟੀਆਂ ਪਈਆਂ ਹਨ। ਇਥੋਂ ਤੱਕ ਕਿ ਮੁੱਖ ਬਾਜ਼ਾਰਾਂ ਦੀਆਂ ਸਡ਼ਕਾਂ ਵੀ ਪਿਛਲੇ ਕਈ ਵਰ੍ਹਿਆਂ ਤੋਂ ਟੁੱਟੀਆਂ ਪਈਆਂ ਹਨ। ਇਸਦੇ ਬਾਵਜੂਦ  ਸਡ਼ਕਾਂ ਦਾ ਨਿਰਮਾਣ ਨਹੀਂ ਕੀਤਾ ਜਾ ਰਿਹਾ। ਸ਼ਹਿਰ ਵਾਸੀ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਧਰਨੇ ਪ੍ਰਦਰਸ਼ਨ ਵੀ ਕਰ ਚੁੱਕੇ ਹਨ। ਸ਼ਹਿਰ ਦੀਆਂ ਸਡ਼ਕਾਂ ਧਸ ਰਹੀਆਂ ਹਨ। ਅੱਜ ਫਿਰ ਤੋਂ ਰਾਮਬਾਗ ਰੋਡ ਦੀ ਸਡ਼ਕ ਧਸ ਗਈ, ਜਿਸ ਦੇ ਵਿਰੋਧ ’ਚ ਉਥੋਂ ਦੇ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਪਿਛਲੇ 6 ਮਹੀਨਿਆਂ ਤੋਂ ਇਹ ਸਡ਼ਕ ਤਿੰਨ ਵਾਰ ਧਸ ਚੁੱਕੀ ਹੈ। ਪ੍ਰਸ਼ਾਸਨ ਖਾਨਾਪੂਰਤੀ ਲਈ ਇਥੇ ਮਿੱਟੀ ਪਵਾ ਦਿੰਦਾ ਹੈ। ਇਕ ਮਹੀਨੇ ’ਚ ਹੀ ਇਹ ਸਡ਼ਕ ਦੋ ਵਾਰ ਧਸ ਚੁੱਕੀ ਹੈ। ਜੇਕਰ ਪ੍ਰਸ਼ਾਸਨ ਨੇ ਕੋਈ ਠੋਸ ਹੱਲ ਨਾ ਕੱਢਿਆ ਤਾਂ ਸਾਨੂੰ ਮਜਬੂਰ ਹੋ ਕੇ ਰੋਡ ਜਾਮ ਕਰ ਕੇ ਧਰਨਾ ਦੇਣਾ ਪਵੇਗਾ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿਚ ਯੂਥ ਕਾਂਗਰਸ ਦੇ ਆਗੂ ਵੀ ਹਾਜ਼ਰ ਸਨ। 
ਵੱਡੇ ਹਾਦਸੇ ਦੇ ਇੰਤਜ਼ਾਰ ’ਚ ਪ੍ਰਸ਼ਾਸਨ 
 ਗੱਲਬਾਤ ਕਰਦਿਆਂ ਯੂਥ ਕਾਂਗਰਸ ਦੇ ਆਗੂ ਅਰੁਣ ਬੱਤਾ ਅਤੇ ਵਪਾਰ ਮੰਡਲ ਦੇ ਮੀਤ ਪ੍ਰਧਾਨ ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਇਹ ਰੋਡ ਤਿੰਨ ਵਾਰ ਧਸ ਚੁੱਕੀ ਹੈ। ਰੋਡ ਧਸ ਜਾਣ ਨਾਲ ਉਥੇ ਦੋ-ਤਿੰਨ ਗੱਡੀਆਂ ਵੀ ਇਸ ਵਿਚ ਧਸ ਚੁੱਕੀਆਂ ਹਨ।  ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਬਡ਼ੀ ਮੁਸ਼ਕਲ ਨਾਲ ਇਨ੍ਹਾਂ ਗੱਡੀਆਂ ਨੂੰ ਇਸ ਟੋਏ ਤੋਂ ਬਾਹਰ ਕੱਢਿਆ ਸੀ, ਹੋਰ ਵੀ ਕਈ ਵਾਹਨ ਚਾਲਕ ਇਸ ਟੋਏ ਕਾਰਨ ਹਾਦਸਾਗ੍ਰਸਤ ਹੋ ਕੇ ਸੱਟਾਂ ਖਾ ਚੁੱਕੇ ਹਨ। ਅਜਕੱਲ ਧੁੰਧ ਦਾ ਮੌਸਮ ਚੱਲ ਰਿਹਾ ਹੈ। ਦੇਰ ਰਾਤ ਜਾਂ ਸਵੇਰ ਸਮੇਂ ਇਸ ਟੋਏ ਦਾ ਪਤਾ ਨਹੀਂ ਲੱਗਦਾ। ਇਸ ਰੋਡ ’ਤੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੈ। ਟੋਏ ਕਾਰਨ ਇਥੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ। 
 ਪਾਣੀ ਦੀ ਲੀਕੇਜ ਹੋ ਜਾਣ ਕਾਰਨ ਪੈਦਾ ਹੁੰਦੀ ਹੈ ਸਮੱਸਿਆ
ਦੁਕਾਨਦਾਰ ਗੁਰਵਿੰਦਰ ਸਿੰਘ, ਵਿੱਕੀ ਭੱਠਲ ਨੇ ਕਿ ਕਿਹਾ ਕਿ ਜਿਸ ਥਾਂ ’ਤੇ ਸਡ਼ਕ ਧਸ ਰਹੀ ਹੈ, ਉਥੇ ਪਾਣੀ ਦੀ ਲੀਕੇਜ ਹੋ ਰਹੀ ਹੈ। ਪਤਾ ਨਹੀਂ ਕਿਹਡ਼ੀ ਪਾਈਪ ਲੀਕ ਕਰ ਰਹੀ ਹੈ। ਇਸ ਸਬੰਧੀ ਅਸੀਂ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਕਹਿ ਚੁੱਕੇ ਹਾਂ ਪਰ ਉਨ੍ਹਾਂ ਵੱਲੋਂ ਇਸ ਸਮੱਸਿਆ ਦੀ ਜਡ਼੍ਹ ਨੂੰ ਲੱਭ ਕੇ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪਾਣੀ ਸਾਡੀਆਂ ਦੁਕਾਨਾਂ ਦੀਆਂ ਨੀਂਹਾਂ ਵਿਚ ਪੈ ਰਿਹਾ ਹੈ, ਜਿਸ ਕਾਰਨ ਸਾਰੀਆਂ ਦੁਕਾਨਾਂ ਵੀ ਡਿੱਗਣ ਦਾ ਖਤਰਾ ਹੈ। ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮਿਲ ਕੇ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਪਾਣੀ ਦੀ ਲੀਕੇਜ ਕਿਥੋਂ ਹੋ ਰਹੀ ਹੈ। ਫਿਰ ਹੀ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਹੋ ਸਕਦਾ ਹੈ। 
 ਕੀ ਕਹਿੰਦੇ ਹਨ ਨਗਰ ਕੌਂਸਲ ਦੇ ਪ੍ਰਧਾਨ 
 ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਸ਼ੋਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਅਧਿਕਾਰੀਆਂ ਦੀ ਡਿਊਟੀ ਲਾ ਰਹੇ ਹਨ ਕਿ ਉਥੇ ਸਡ਼ਕ ਵਾਰ-ਵਾਰ ਕਿਉਂ ਧਸ ਰਹੀ ਹੈ। ਕਿਸੇ ਥਾਂ ’ਤੇ ਕੋਈ ਪਾਈਪ ਲੀਕ ਕਰ ਰਹੀ ਹੈ। ਜੇ. ਸੀ. ਬੀ. ਮਸ਼ੀਨ ਰਾਹੀਂ ਸਡ਼ਕ ਨੂੰ ਖੋਦ ਕੇ ਇਸ ਸਮੱਸਿਆ ਦੀ ਜਡ਼੍ਹ ਦਾ ਪਤਾ ਲਾਇਆ ਜਾਵੇਗਾ। ਜਲਦੀ ਹੀ ਇਸ ਸਮੱਸਿਆ ਨੂੰ ਦੂਰ ਕਰ ਦਿੱਤਾ ਜਾਵੇਗਾ। 

KamalJeet Singh

This news is Content Editor KamalJeet Singh