ਮਕਾਨ ਦੀ ਰਜਿਸਟਰੀ ਨਾ ਕਰਵਾਉਣ ’ਤੇ 1 ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ

09/04/2018 4:30:23 AM

ਮਲੋਟ, (ਜੁਨੇਜਾ)- ਥਾਣਾ ਸਿਟੀ ਮਲੋਟ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ, ਜਿਸ ਨੇ ਮਕਾਨ ਦੀ ਸਾਈ ਲੈ ਕੇ ਅਤੇ ਰਜਿਸਟਰੀ ਕਰਵਾਉਣ ਤੋਂ ਪਹਿਲਾਂ ਮਕਾਨ ਆਪਣੇ ਪੁੱਤਰ ਦੇ ਨਾਂ ’ਤੇ ਕਰਵਾ ਦਿੱਤਾ।  ਇਸ ਸਬੰਧੀ ਰਾਮਜੀ ਦਾਸ ਪੁੱਤਰ ਮੋਹਨ ਲਾਲ ਵਾਸੀ ਆਦਰਸ਼ ਨਗਰ, ਮਲੋਟ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਉਸ ਨੇ ਵਿਜੈ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਤਹਿਸੀਲ ਰੋਡ ਗਲੀ ਡੀ. ਐੱਸ. ਪੀ. ਕਸ਼ਮੀਰ ਸਿੰਘ ਵਾਲੀ ਨਾਲ ਇਕ ਮਕਾਨ ਦਾ ਸੌਦਾ 15 ਲੱਖ ਵਿਚ ਕਰ ਕੇ 4 ਮਾਰਚ, 2016 ਨੂੰ  ਉਸ ਨੂੰ ਸਾਈ ਵਜੋਂ 3 ਲੱਖ ਰੁਪਏ ਦੀ ਰਾਸ਼ੀ ਚੈੱਕ ਨੰਬਰ 005007 ਰਾਹੀਂ ਦਿੱਤੀ, ਜਿਸ ਦੀ ਰਜਿਸਟਰੀ 3 ਫਰਵਰੀ, 2017 ਨੂੰ ਹੋਣੀ ਸੀ। ਬਾਅਦ ’ਚ ਜਦੋਂ ਉਹ ਨਿਸ਼ਚਿਤ ਮਿਤੀ ’ਤੇ ਰਜਿਸਟਰੀ ਕਰਵਾਉਣ ਗਿਆ ਤਾਂ ਵਿਜੈ ਕੁਮਾਰ ਹਾਜ਼ਰ ਨਹੀਂ ਹੋਇਆ।  ਇਸ ਮਾਮਲੇ ’ਤੇ ਉਹ ਵਿਜੈ ਕੁਮਾਰ ਦੇ ਘਰ ਉਲਾਂਭਾ ਦੇਣ ਗਿਆ ਤਾਂ ਉਸ ਨਾਲ ਗਏ ਗਵਾਹਾਂ ਸਾਹਮਣੇ ਉਸ ਨੇ ਕਿਹਾ ਕਿ ਇਹ ਪ੍ਰਾਪਰਟੀ ਉਸ ਨੇ ਆਪਣੇ ਬੇਟੇ ਅਾਕਾਸ਼ਦੀਪ ਦੇ ਨਾਂ ਟਰਾਂਸਫਰ ਕਰ ਦਿੱਤੀ ਹੈ ਅਤੇ ਉਸ ਨੇ ਠੱਗੀ ਮਾਰਨੀ ਸੀ, ਉਹ ਮਾਰ ਲਈ। 
ਸ਼ਿਕਾਇਤਕਰਤਾ ਅਨੁਸਾਰ ਉਸ ਨੇ ਪਟਵਾਰੀ ਤੋਂ ਤਸਦੀਕ ਕੀਤਾ ਤਾਂ ਪਤਾ ਲੱਗਾ ਕਿ ਵਿਜੈ ਕੁਮਾਰ ਨੇ 11 ਮਾਰਚ, 2016 ਨੂੰ ਇਹ ਜਗ੍ਹਾ ਆਪਣੇ ਬੇਟੇ ਦੇ ਨਾਂ ਕਰਵਾ ਲਈ ਸੀ। ਪੁਲਸ ਨੇ ਮਾਮਲੇ ਦੀ ਜਾਂਚ ਉਪਰੰਤ ਪਾਇਆ ਕਿ ਵਿਜੈ ਕੁਮਾਰ ਨੇ ਸਾਈ ਲੈ ਕੇ ਰਜਿਸਟਰੀ ਕਰਵਾਉਣ ਦੀ ਬਜਾਏ ਠੱਗੀ ਮਾਰਨ ਦੀ ਨਿਅਤ ਨਾਲ ਉਕਤ ਮਕਾਨ ਆਪਣੇ ਪੁੱਤਰ ਦੇ ਨਾਂ ਕਰਵਾ ਦਿੱਤੀ।