ਪੰਜਾਬ ਪੁਲਸ ਦੇ ਜਵਾਨਾਂ ’ਤੇ ਲਾਗੂ ਨਾ ਹੋਈ ਹਫ਼ਤਾਵਾਰੀ ‘ਛੁੱਟੀ’ ਸਕੀਮ

07/30/2021 12:10:07 PM

ਮੋਗਾ (ਗੋਪੀ ਰਾਊਕੇ): 24 ਘੰਟੇ ਲੋਕ ਸੇਵਾ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਲੰਮੇਂ ਸਮੇਂ ਤੋਂ ਹਫ਼ਤਾਵਾਰੀ ‘ਛੁੱਟੀ’ ਦੀ ਸਕੀਮ ਦੇ ਘੇਰੇ ਹੇਠਾਂ ਲਿਆਉਣ ਦੀ ਯੋਜਨਾ ਤਾਂ ਹੈ ਪਰ ਇਹ ਛੁੱਟੀ ਸਿਸਟਮ ਲਾਗੂ ਨਹੀਂ ਹੋ ਸਕਿਆ ਹੈ। ਭਾਵੇਂ ਪੁਲਸ ਜਵਾਨ ਅਣਅਧਿਕਾਰਤ ਤੌਰ ’ਤੇ ‘ਫਰਲੋ’ ਨਾਲ ਆਪਣੇ ਘਰੇਲੂ ਕੰਮ ਨਿਪਟਾਉਂਦੇ ਹਨ,ਪਰ ਪੱਕੀ ਛੁੱਟੀ ਨਾ ਮਿਲਣ ਕਰਕੇ ਪੁਲਸ ਮੁਲਾਜ਼ਮ ਬੇਹੱਦ ਕੰਮ ਦੇ ਬੋਝ ਹੇਠਾਂ ਕੰਮ ਕਰਦੇ ਹਨ। ਦੂਜੇ ਪਾਸੇ ਏ. ਡੀ. ਜੀ. ਪੀ. (ਵੈੱਲਫ਼ੇਅਰ) ਵੱਲੋਂ ਹੁਣ ਜ਼ਿਲ੍ਹਾ/ਯੂਨਿਟਾਂ ’ਚ ਤਾਇਨਾਤ ਮੁਲਾਜ਼ਮਾਂ ਕੋਲੋਂ ਹੁਣ ਨਿਰਧਾਰਿਤ ਸਮੇਂ ਤੋਂ ਵੱਧ ਡਿਊਟੀ ਲੈਣ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਪੰਜਾਬ ਪੁਲਸ ਮੁਖੀ ਦਿਨਕਰ ਗੁਪਤਾ ਵੱਲੋਂ ਜਨਵਰੀ 2020 ਤੋਂ ਮੁਲਾਜ਼ਮਾਂ ਦੀ ਤਾਇਨਾਤੀ 8 ਘੰਟਿਆਂ ਲਈ ਸ਼ਿਫਟਾਂ ਦੇ ਆਧਾਰ ਉੱਤੇ ਕਰ ਕੇ ਨਿਯਮਿਤ ਹਫਤਾਵਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ।

ਏ.ਡੀ.ਜੀ.ਪੀ. (ਵੈੱਲਫ਼ੇਅਰ) ਵੱਲੋਂ 26 ਜੁਲਾਈ ਨੂੰ ਪੰਜਾਬ ਸਰਕਾਰ ਗ੍ਰਹਿ ਅਤੇ ਨਿਆਂ ਵਿਭਾਗ ਵੱਲੋਂ 21 ਮਈ 2018 ਨੂੰ ਜਾਰੀ ਪੱਤਰ ਦੇ ਹਵਾਲੇ ਨਾਲ ਪੰਜਾਬ ਪੁਲਸ ਸਮੂਹ ਦਫ਼ਤਰ ਮੁਖੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਕੇਵਲ ਐਮਰਜੈਂਸੀ ਹਾਲਾਤਾਂ ਨੂੰ ਛੱਡ ਕੇ ਮੁਲਾਜ਼ਮਾਂ ਕੋਲੋਂ ਡਿਊਟੀ ਆਵਰਜ਼ ਤੋਂ ਵੱਧ ਕੰਮ ਨਾ ਲਿਆ ਜਾਵੇ। ਉਨ੍ਹਾਂ ਜਾਰੀ ਪੱਤਰ ’ਚ ਸਪੱਸ਼ਟ ਕੀਤਾ ਕਿ ਜ਼ਿਲ੍ਹਾ/ਯੂਨਿਟਾਂ ’ਚ ਤਾਇਨਾਤ ਮੁਲਾਜ਼ਮਾਂ ਕੋਲੋਂ ਨਿਰਧਾਰਿਤ ਸਮੇਂ ਤੋਂ ਵੱਧ ਡਿਊਟੀ ਲਈ ਜਾਂਦੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਚਿੰਤਾ ਇਸ ਗੱਲ ਦੀ ਹੈ ਕਿ ਜੇ ਇਸ ਫ਼ਰਲੋ ਪ੍ਰਣਾਲੀ ਦੀ ਥਾਂ ਕੋਈ ਨਵਾਂ ਸਿਸਟਮ ਲਾਗੂ ਹੋਣ ਨਾਲ ਹੋਰ ਗੁੰਝਲਾਂ ਪੈਦਾ ਹੋਣਗੀਆਂ ਅਤੇ ਵਧੇਰੇ ਜਵਾਨ ਡਿਊਟੀ ਤੋਂ ਗ਼ੈਰ ਹਾਜ਼ਰ ਹੋਣ ਦਾ ਖਦਸ਼ਾ ਹੈ।
ਦਰਅਸਲ, ਵੱਡੀ ਗਿਣਤੀ ਵਿਚ ਪੁਲਸ ਜਵਾਨ ਸਿਆਸੀ ਆਗੂਆਂ, ਅਫਸਰਸ਼ਾਹੀ ਆਦਿ ਨਾਲ ਸੁਰੱਖਿਆ ਗਾਰਡ ਵਜੋਂ ਤਾਇਨਾਤ ਹਨ। ਹਰਿਆਣਾ ’ਚ ਪਹਿਲਾਂ ਹਫਤਾਵਾਰੀ ਛੁੱਟੀ ਲਾਗੂ ਕੀਤੀ ਗਈ ਸੀ, ਪਰ ਪੰਜਾਬ ਕਿਉਂਕਿ ਸਰਹੱਦੀ ਸੂਬਾ ਹੈ, ਇਸ ਲਈ ਇੱਥੇ ਅਜਿਹੇ ਫੈਸਲੇ ਬਹੁਤ ਸੋਚ-ਸਮਝ ਕੇ ਲਏ ਜਾਂਦੇ ਹਨ। ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤ ਦੌਰਾਨ ਜਵਾਨਾਂ ਦੀ ਘਾਟ ਦੀ ਸਮੱਸਿਆ ਤੋਂ ਬਚਣਾ ਬਹੁਤ ਜ਼ਰੂਰੀ ਹੈ।

ਇੰਸਪੈਕਟਰ ਤੱਕ ਦੇ ਰੈਂਕ ਦੇ ਨਾਨਗਜ਼ਟਿਡ ਅਧਿਕਾਰੀਆਂ ਨੂੰ ਇਸ ਵੇਲੇ 24 ਘੰਟੇ ਕੰਮ ਕਰਨ ਬਦਲੇ ਹਰ ਸਾਲ ਇਕ ਮਹੀਨੇ ਦੀ ਤਨਖਾਹ ਵਾਧੂ ਮਿਲਦੀ ਹੈ, ਪਰ ਜੇ ਹਫ਼ਤਾਵਾਰੀ ਛੁੱਟੀ ਦਾ ਸਿਸਟਮ ਲਾਗੂ ਹੋਣ ਨਾਲ ਵਾਧੂ ਤਨਖਾਹ ਮਿਲਣੀ ਵੀ ਬੰਦ ਹੋ ਸਕਦੀ ਹੈ। ਸੋਸ਼ਲ ਮੀਡੀਆ ਉੱਤੇ ਸੁਆਲ ਚੁੱਕੇ ਜਾ ਰਹੇ ਹਨ ਕਿ ਏ. ਡੀ. ਜੀ. ਪੀ. (ਵੈੱਲਫ਼ੇਅਰ ਅਤੇ ਰੂਲਜ਼) ਤਾਂ ਸਰਕਾਰ ਨੇ ਲਗਾ ਦਿੱਤੇ, ਪਰ ਕਿਸੇ ਅਧਿਕਾਰੀ ਨੇ ਮੁਲਾਜ਼ਮਾਂ ਦੀਆਂ ਦੁੱਖ ਤਕਲੀਫਾਂ ਤਾਂ ਕੀ ਸੁਣਨੀਆਂ ਸਨ, ਸਗੋਂ ਪੰਜਾਬ ਪੁਲਸ ਲਈ ਅੰਗਰੇਜ਼ਾਂ ਵੇਲੇ ਦੇ ਬਣੇ ਕਾਨੂੰਨਾਂ ’ਚ ਵੀ ਹੁਣ ਤੱਕ ਕੋਈ ਸੋਧ ਨਹੀਂ ਹੋਈ।ਇਸੇ ਦੌਰਾਨ ਹੀ ਪੁਲਸ ਵਿਭਾਗ ਦੀ ਮਹਿਲਾ ਮੁਲਾਜ਼ਮ ਨੂੰ ਵੀ ਮਰਦ ਮੁਲਾਜ਼ਮ ਦੇ ਬਰਾਬਰ ਡਿਊਟੀ ਕਰਨੀ ਪੈਂਦੀ ਹੈ ਅਤੇ ਛੁੱਟੀ ਨਾ ਮਿਲਣ ਕਰ ਕੇ ਮਹਿਲਾ ਮੁਲਾਜ਼ਮ ਵੀ ਆਪਣੇ ਪਰਿਵਾਰਾਂ ਨੂੰ ਸਹੀ ਸਮਾਂ ਨਹੀਂ ਦੇ ਸਕਦੀਆਂ ਹਨ ਅਤੇ ਹਫ਼ਤਾਵਾਰੀ ਛੁੱਟੀ ਨਾ ਮਿਲਣ ਕਰ ਕੇ ਘਰੇਲੂ ਕੰਮ ਵੀ ਨਿਪਟਾਉਣੇ ਔਖੇ ਹਨ। ਪੁਲਸ ਮੁਲਾਜ਼ਮਾਂ ਦਾ ਬੇਵਕਤੀ ਖਾਣਾ-ਪੀਣਾ, ਸੌਣਾ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ।

Shyna

This news is Content Editor Shyna