ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਸੁਧਾਰ ਲਈ ਪੰਜਾਬ ਸਰਕਾਰ ਨੇ ਲੱਭਿਆ ਨਵਾਂ ਰਾਹ

10/18/2022 2:06:08 PM

ਚੰਡੀਗੜ੍ਹ (ਸ਼ਰਮਾ) : ਵਿਰਾਸਤ ਵਿਚ ਮਿਲੇ ਕੰਗਾਲ ਖ਼ਜ਼ਾਨੇ ਦੇ ਬਾਵਜੂਦ ਆਪਣੇ ਚੋਣ ਵਾਅਦੇ ਅਨੁਸਾਰ ਸਿੱਖਿਆ ਅਤੇ ਸਿਹਤ ਦੇ ਸੁਧਾਰ ਲਈ ਲੋੜੀਂਦੇ ਫੰਡ ਜੁਟਾਉਣ ਦਾ ਪੰਜਾਬ ਸਰਕਾਰ ਨੇ ਰਾਹ ਲੱਭ ਲਿਆ ਹੈ। ਇਸ ਗੱਲ ਦਾ ਸੰਕੇਤ ਬੀਤੇ ਦਿਨ ਇਕ ਸਵਾਲ ਦੇ ਜਵਾਬ ਵਿਚ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦਿੱਤਾ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜਦੋਂ ਪ੍ਰਵਾਸੀ ਭਾਰਤੀ ਸੂਬੇ ਵਿਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਅੱਗੇ ਆਉਣ ਲਈ ਤਿਆਰ ਹਨ ਤਾਂ ਇਸ ਵਿਚ ਅੜਿੱਕੇ ਕੀ ਹਨ। ਜੌੜਾਮਾਜਰਾ ਨੇ ਕਿਹਾ ਕਿ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਹੈ ਅਤੇ ਸਰਕਾਰ ਵਲੋਂ ਇਸ ਕੰਮ ਲਈ ਇਕ ਟਰੱਸਟ ਬਣਾਇਆ ਜਾਵੇਗਾ, ਜਿਸ ਵਿਚ ਐੱਨ.ਆਰ.ਆਈ. ਤੋਂ ਇਲਾਵਾ ਹੋਰ ਨਾਗਰਿਕ ਵੀ ਯੋਗਦਾਨ ਪਾ ਸਕਦੇ ਹਨ। ਫੰਡ ਪ੍ਰਬੰਧਨ ਵਿਚ ਪਾਰਦਰਸ਼ਿਤਾ ਲਈ ਟਰੱਸਟ ਦਾ ਗਠਨ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਦੀ ਗੁੰਜਾਇਸ਼ ਨਾ ਰਹੇ। ਵਿਸਥਾਰਪੂਰਵਕ ਜਾਣਕਾਰੀ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਮੁੱਖ ਮੰਤਰੀ ਭਗਵੰਤ ਮਾਨ ਹੀ ਦੱਸਣਗੇ, ਮੈਂ ਸਿਰਫ਼ ਸੰਕੇਤ ਦਿੱਤਾ ਹੈ।

ਇਹ ਵੀ ਪੜ੍ਹੋ : ਦੇਸ਼ ’ਚ 5ਜੀ ਸੇਵਾ ਸ਼ੁਰੂ ਹੋਣ ’ਤੇ ਪੰਜਾਬ ਦੇ ਡੀ. ਜੀ. ਪੀ. ਦਾ ਅਲਰਟ, ਲੋਕਾਂ ਨੂੰ ਦਿੱਤੀ ਵੱਡੀ ਚਿਤਾਵਨੀ

ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੀ ਸਫ਼ਲਤਾ ਤੋਂ ਬਾਅਦ ਸਰਕਾਰ ਨੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਇਕ ਹੋਰ ਵੱਡਾ ਫ਼ੈਸਲਾ ਲਿਆ ਹੈ, ਜਿਸ ਨਾਲ ਸਾਰੇ ਸੀ. ਐੱਚ. ਸੀਜ਼ (ਕਮਿਊਨਿਟੀ ਹੈਲਥ ਸੈਂਟਰ) ਅਤੇ ਪੀ. ਐੱਚ. ਸੀਜ਼ (ਪ੍ਰਾਇਮਰੀ ਹੈਲਥ ਸੈਂਟਰਾਂ) ਨੂੰ ਆਮ ਆਦਮੀ ਕਲੀਨਿਕ ਦੇ ਪੈਟਰਨ ਵਜੋਂ ਵਿਕਸਿਤ ਕੀਤਾ ਜਾਵੇਗਾ। ਹੁਣ ਇਥੇ ਕਈ ਤਰ੍ਹਾਂ ਦੀਆਂ ਦਵਾਈਆਂ ਅਤੇ ਟੈਸਟਿੰਗ ਸੁਹੂਲਤਾਵਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਪਟਿਆਲਾ ’ਚ ਵਾਪਰਿਆ ਵੱਡਾ ਹਾਦਸਾ, ਕਾਰ ਸਵਾਰ ਕੁੜੀ-ਮੁੰਡੇ ਦੀ ਮੌਤ, ਦੇਖੋ ਰੌਂਗਟੇ ਖੜ੍ਹੇ ਕਰਦੀਆਂ ਤਸਵੀਰਾਂ

ਦੋ ਹੋਰ ਪ੍ਰਯੋਗਸ਼ਾਲਾਵਾਂ ਖੋਲ੍ਹਣ ਦਾ ਫ਼ੈਸਲਾ

ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈਆਂ ਅਤੇ ਉਤਪਾਦਾਂ ਵਿਚ ਮਿਲਾਵਟਖੋਰੀ ਦੇ ਮਾਮਲਿਆਂ ਤੇ ਸੈਂਪਲਾਂ ਵਿਚ ਵਿਭਾਗ ਵਲੋਂ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਸੈਂਪਲ ਭਰਨ ਵਿਚ ਹੋਰ ਤੇਜ਼ੀ ਆਵੇਗੀ। ਉਨ੍ਹਾਂ ਮੰਨਿਆ ਕਿ ਭਰੇ ਗਏ ਸੈਂਪਲਾਂ ਦੀ ਟੈਸਟ ਰਿਪੋਰਟ ਆਉਣ ਵਿਚ ਦੇਰੀ ਹੋ ਰਹੀ ਹੈ ਕਿਉਂਕਿ ਇਸ ਸਮੇਂ ਸੂਬੇ ਵਿਚ ਖਰੜ ਵਿਚ ਇਕ ਹੀ ਲੈਬਾਰਟਰੀ ਹੈ। ਆਉਣ ਵਾਲੇ ਸਮੇਂ ਵਿਚ ਸੂਬੇ ਵਿਚ ਦੋ ਹੋਰ ਪ੍ਰਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਜਾਣਗੀਆਂ।

ਤਿੰਨੇ ਮੈਡੀਕਲ ਕਾਲਜਾਂ ’ਚ ਡਾਕਟਰਾਂ ਦੇ ਖ਼ਾਲੀ ਅਹੁਦੇ ਜਲਦੀ ਭਰੇ ਜਾਣਗੇ

ਸੂਬੇ ਵਿਚ ਡਾਕਟਰਾਂ ਦੀ ਘਾਟ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸੂਬੇ ਦੇ ਤਿੰਨੇ ਮੈਡੀਕਲ ਕਾਲਜਾਂ ਵਿਚ ਖ਼ਾਲੀ ਪਈਆਂ ਡਾਕਟਰਾਂ ਦੀਆਂ 600 ਅਸਾਮੀਆਂ ਵਾਕ-ਇਨ-ਇੰਟਰਵਿਊ ਰਾਹੀਂ ਜਲਦੀ ਹੀ ਭਰੀਆਂ ਜਾਣਗੀਆਂ ਤਾਂ ਜੋ ਮਰੀਜ਼ਾਂ ਦਾ ਸਹੀ ਇਲਾਜ ਹੋ ਸਕੇ, ਉਨ੍ਹਾਂ ਨੂੰ ਰੈਫ਼ਰ ਕਰਨ ਦੀ ਲੋੜ ਨਾ ਪਵੇ। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਅਗਲੇ 8-10 ਦਿਨਾਂ ਵਿਚ ਫ਼ੈਸਲਾ ਕਰ ਲਿਆ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਮਾਵਾਂ ਦੀ ਮੌਤ ਦਰ 2018-19 ਵਿਚ 129 ਤੋਂ ਘਟ ਕੇ 114 ਰਹਿ ਗਈ ਹੈ। ਡੇਂਗੂ ਅਤੇ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਕਾਫ਼ੀ ਕਮੀ ਆਈ ਹੈ। ਇਸ ਦੀ ਗਿਣਤੀ ਪਿਛਲੇ ਸਾਲ 23500 ਤੋਂ ਘਟ ਕੇ ਇਸ ਵਾਰ 3446 ਰਹਿ ਗਈ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal