ਪੇਂਡੂ ਚੌਕੀਦਾਰਾਂ ’ਚ ਸਰਕਾਰ ਖ਼ਿਲਾਫ਼ ਉੱਭਰਿਆ ਰੋਸ, ਦਿੱਤੀ ਤਿੱਖੇ ਸੰਘਰਸ਼ ਦੀ ਚਿਤਾਵਨੀ

08/28/2021 9:55:49 PM

 ਭਵਾਨੀਗੜ੍ਹ (ਵਿਕਾਸ) : ਆਜ਼ਾਦ ਪੇਂਡੂ ਚੌਂਕੀਦਾਰ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਨੇ ਸੂਬਾ ਪ੍ਰਧਾਨ ਸਤਗੁਰ ਸਿੰਘ ਮਾਝੀ ਦੀ ਅਗਵਾਈ ਹੇਠ ਅੱਜ ਇੱਥੇ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਐਸੋਸੀਏਸ਼ਨ ਦੇ ਆਗੂਆਂ ਨੇ ਪੰਜਾਬ ਸਰਕਾਰ ਉਪਰ ਪੇਂਡੂ ਚੌਕੀਦਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਅਤੇ ਹੋਰ ਬਦਇੰਤਜ਼ਾਮੀਆਂ ਦੇ ਵੀ ਦੋਸ਼ ਲਾਏ। ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਤਗੁਰ ਸਿੰਘ ਮਾਝੀ ਅਤੇ ਸਰਪ੍ਰਸਤ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਕਿਹਾ ਕਿ ਪੰਜਾਬ ਦੇ ਚੌਕੀਦਾਰ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਚੌਕੀਦਾਰ ਲੰਬੇ ਸਮੇਂ ਤੋਂ ਹਰਿਆਣਾ ਪੈਟਰਨ ਉਪਰ ਚੌਕੀਦਾਰਾਂ ਨੂੰ ਤਨਖਾਹਾਂ, ਹੋਰ ਭੱਤੇ ਅਤੇ ਸਹੂਲਤਾਂ ਦੇਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਕਰਨ ਦੀ ਬਜਾਏ ਉਨ੍ਹਾਂ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨਸਾਫ ਲੈਣ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਚੌਕੀਦਾਰਾਂ ਨੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਆਪਣੀ ਅਪੀਲ ਦਾਇਰ ਕੀਤੀ, ਜਿਸ ਦੌਰਾਨ ਜਦੋਂ ਮਾਣਯੋਗ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਇਸ ਸਬੰਧੀ ਜਵਾਬ ਮੰਗਿਆ ਤਾਂ ਪੰਜਾਬ ਸਰਕਾਰ ਦਾ ਜਵਾਬੀ ਦਾਅਵਾ ਬੜਾ ਹੀ ਹੈਰਾਨ ਕਰਨ ਵਾਲਾ ਸੀ, ਜਿਸ ’ਚ ਸਰਕਾਰ ਨੇ ਪੂਰੀ ਤਰ੍ਹਾਂ ਆਪਣਾ ਪੱਲਾ ਹੀ ਝਾੜ ਦਿੱਤਾ ਕਿ ਇਹ ਤਾਂ ਸਾਡੇ ਮੁਲਾਜ਼ਮ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਹੈਰਾਨ ਕਰਨ ਵਾਲੀ ਅਗਲੀ ਗੱਲ ਇਹ ਹੈ ਕਿ ਪਹਿਲਾਂ ਸਰਕਾਰ ਵੱਲੋਂ ਚੌਕੀਦਾਰਾਂ ਅਤੇ ਨੰਬਰਦਾਰਾਂ ਦੀ ਤਨਖਾਹ ਇਕੋ ਖਾਤੇ ’ਚ ਪਾਈ ਜਾਂਦੀ ਸੀ ਪਰ ਹੁਣ ਮਾਣਯੋਗ ਅਦਾਲਤ ’ਚ ਪੱਲਾ ਝਾੜਨ ਤੋਂ ਬਾਅਦ ਸਰਕਾਰ ਵੱਲੋਂ ਪਿਛਲੇ ਕਰੀਬ 8 ਮਹੀਨਿਆਂ ਤੋਂ ਉਕਤ ਖਾਤੇ ’ਚ ਚੌਕੀਦਾਰਾਂ ਦੀ ਤਨਖਾਹ ਹੀ ਨਹੀਂ ਪਾਈ ਗਈ, ਜਿਸ ਕਾਰਨ ਚੌਕੀਦਾਰ ਤਨਖਾਹ ਤੋਂ ਵੀ ਵਾਂਝੇ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦੋਂ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਅਧਿਕਾਰੀਆਂ ਦਾ ਆਖਣਾ ਸੀ ਕਿ ਤੁਹਾਡੇ ਖਾਤੇ ਸਹੀ ਨਹੀਂ ਹਨ, ਇਸ ਲਈ ਤੁਸੀਂ ਆਪਣੇ ਖਾਤੇ ਦਰੁੱਸਤ ਕਰਵਾਓ। ਉਨ੍ਹਾਂ ਕਿਹਾ ਕਿ ਪੇਂਡੂ ਚੌਕੀਦਾਰ ਪੰਜਾਬ ਦੇ ਤਿੰਨ ਵਿਭਾਗਾਂ ਮਾਲ ਵਿਭਾਗ, ਪੁਲਸ ਅਤੇ ਅਦਾਲਤੀ ਸੰਮਨ ਵੰਡਣ ਦਾ ਕੰਮ ਕਰਦੇ ਹਨ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਪੇਂਡੂ ਚੌਕੀਦਾਰਾਂ ਨੂੰ ਵਰਦੀਆਂ, ਟਾਰਚ, ਸੋਟੀ ਅਤੇ ਸਾਈਕਲ ਤੋਂ ਇਲਾਵਾ ਹੋਰ ਲੋੜੀਂਦਾ ਸਾਮਾਨ ਸਿਰਫ ਦਸਤਾਵੇਜ਼ਾਂ ’ਚ ਹੀ ਦਿੱਤਾ ਜਾਂਦਾ ਹੈ, ਜਦਕਿ ਪਿਛਲੇ ਲੰਬੇ ਸਮੇਂ ਤੋਂ ਚੌਕੀਦਾਰਾਂ ਨੂੰ ਅਸਲ ’ਚ ਇਸ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਮਿਲ ਰਹੀ। ਉਨ੍ਹਾਂ ਦੋਸ਼ ਲਗਾਇਆ ਇਸ ਤਰ੍ਹਾਂ ਇਥੇ ਵੀ ਕਥਿਤ ਤੌਰ ’ਤੇ ਵੱਡਾ ਘਪਲਾ ਹੋ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਰਕਾਰ ਨੇ ਜੇਕਰ ਚੌਕੀਦਾਰਾਂ ਦੀਆਂ ਮੰਗਾਂ ਪੂਰੀਆਂ ਨਾ ਕੀਤਾ ਤਾਂ ਐਸੋਸੀਏਸ਼ਨ ਵੱਲੋਂ ਜਲਦ ਹੀ ਤਹਿਸੀਲ ਪੱਧਰ ਉਪਰ ਅਣਮਿੱਥੇ ਸਮੇਂ ਲਈ ਰੋਸ ਧਰਨੇ ਸ਼ੁਰੂ ਕੀਤੇ ਜਾਣਗੇ ਅਤੇ ਇਸ ਦੀ ਸ਼ੁਰੂਆਤ ਭਵਾਨੀਗੜ੍ਹ ਤਹਿਸੀਲ ਤੋਂ ਕੀਤੀ ਜਾਵੇਗੀ। ਇਸ ਮੌਕੇ ਅਜੈਬ ਸਿੰਘ ਬਾਲਦ ਸੂਬਾ ਮੀਤ ਪ੍ਰਧਾਨ, ਚਰਨਾ ਸਿੰਘ ਖਜ਼ਾਨਚੀ, ਰਾਮ ਲਾਲ ਸਮਾਣਾ, ਨਛੱਤਰ ਸਿੰਘ ਸੂਬਾ ਮੈਂਬਰ, ਲੱਡੂ ਸਿੰਘ, ਤਾਰਾ ਸਿੰਘ, ਲਾਲ ਸਿੰਘ, ਜੱਗਾ ਸਿੰਘ ਸਮੇਤ ਵੱਡੀ ਗਿਣਤੀ ’ਚ ਮੈਂਬਰ ਮੌਜੂਦ ਸਨ।

Manoj

This news is Content Editor Manoj