ਪੁਲਸ ਨੇ ਨਸ਼ਿਆਂ ਵਿਰੁੱਧ ਸੈਮੀਨਾਰ ਕੀਤੇ ਸ਼ੁਰੂ

09/17/2019 9:30:24 PM

ਮਾਨਸਾ, (ਸੰਦੀਪ ਮਿੱਤਲ)- ਪੰਜਾਬ ਪੁਲਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਿੱਥੇ ਮਾਨਸਾ ਜ਼ਿਲੇ 'ਚ ਵੱਡੇ ਪੱਧਰ ਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾਈ ਜਾ ਰਹੀ ਹੈ ਉਥੇ ਹੀ ਹੁਣ ਜ਼ਿਲੇ ਨੂੰ 100 ਪ੍ਰਤੀਸ਼ਤ ਨਸ਼ਾ ਮੁਕਤ ਕਰਨ ਦੇ ਇਰਾਦੇ ਨਾਲ ਵੱਖ ਵੱਖ ਥਾਵਾਂ 'ਤੇ ਸੈਮੀਨਾਰ ਕਰਵਾ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਮਾਨਸਾ ਜ਼ਿਲੇ 'ਚ ਵੱਖ ਵੱਖ ਥਾਵਾਂ ਤੇ ਨਸ਼ਿਆਂ ਵਿਰੁੱਧ ਕਰਵਾਏ ਸੈਮੀਨਾਰਾਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਨਸ਼ੇ ਤੋਂ ਪ੍ਰਭਾਵਿਤ ਅਗਰ ਕੋਈ ਵੀ ਵਿਅਕਤੀ ਨਸ਼ੇ ਛੱਡਣਾ ਚਾਹੁੰਦਾ ਹੈ ਤਾਂ ਉਹ ਬੇਝਿਜਕ ਹੋ ਕੇ ਪੁਲਸ ਕੋਲ ਆਵੇ, ਜਿਸ ਨੂੰ ਨਸ਼ਾ ਛੁਡਾਉ ਕੇਂਦਰਾਂ ਵਿਖੇ ਭਰਤੀ ਕਰਵਾ ਕੇ ਉਸ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਜਿੱਥੇ ਸਰੀਰ 'ਚ ਮਾੜੇ ਪ੍ਰਭਾਵ ਪਾਉਂਦਾ ਹੈ ਉਥੇ ਹੀ ਨਸ਼ੇ ਦਾ ਆਦੀ ਵਿਅਕਤੀ ਜਲਦ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈ, ਜਿਸ ਨੂੰ ਮੁੱਖ ਰਖਦਿਆਂ ਹਰ ਇਕ ਇਨਸਾਨ ਨੂੰ ਨਸ਼ਿਆਂ ਖਿਲਾਫ਼ ਅਜਿਹੇ ਵਿਅਕਤੀ ਨੂੰ ਜਾਗਰੂਕ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਮਾਨਸਾ ਜ਼ਿਲੇ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਤੇ ਜ਼ਿਲੇ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਪੜ੍ਹਾਈ ਵੱਲ ਆਕਰਸ਼ਿਤ ਹੋ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆ ਦਾ ਧੰਦਾ ਕਰਨ ਵਾਲੇ ਅਨਸਰਾ, ਪ੍ਰਭਾਵਿਤ ਵਿਆਕਤੀਆ ਅਤੇ ਅਪਰਾਧੀ ਬਿਰਤੀ ਵਾਲੇ ਵਿਆਕਤੀਆਂ ਵਿਰੁੱਧ ਖੁੱਲ ਕੇ ਪੁਲਸ ਨੂੰ ਇਤਲਾਹ ਦੇਣ। ਕੋਈ ਵੀ ਵਿਆਕਤੀ ਕਿਸੇ ਵੀ ਤਰਾ ਦੀ ਸੂਚਨਾਂ ਉਨ੍ਹਾਂ ਨੂੰ ਮਿਲ ਕੇ ਦੇ ਸਕਦਾ ਹੈ ਜਾਂ ਟੈਲੀਫੋਨ ਤੇ ਵੀ ਦੱਸ ਸਕਦਾ ਹੈ, ਜਿਸਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲੇ ਦੀਆਂ ਤਿੰਨੇ ਸਬ ਡਵੀਜਨਾਂ ਵਿਖੇ ਅਧਿਕਾਰੀਆਂ ਵਲੋਂ ਵੱਖ ਵੱਖ ਥਾਵਾਂ ਤੇ ਹੁਣ ਤੱਕ ਕੁੱਲ 34 ਸੈਮੀਨਾਰ ਆਯੋਜਿਤ ਕਰਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਸੈਮੀਨਾਰਾਂ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ।

Bharat Thapa

This news is Content Editor Bharat Thapa