ਨੌਜਵਾਨ ਕਰਦਾ ਸੀ ਤੰਗ, ਲੜਕੀ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖੁਦਕੁਸ਼ੀ

09/16/2019 10:13:15 AM

ਪਟਿਆਲਾ (ਬਲਜਿੰਦਰ)—ਪਿੰਡ ਸਿਊਣਾ ਦੀ ਵਸਨੀਕ 21 ਸਾਲਾ ਗਗਨ ਕੌਰ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਥਾਣਾ ਤ੍ਰਿਪੜੀ ਦੇ ਏ. ਐੱਸ. ਆਈ. ਚਰਨ ਸਿੰਘ ਨੇ ਦੱਸਿਆ ਕਿ ਖੁਦਕੁਸ਼ੀ ਕਰਨ ਵਾਲੀ ਗਗਨ ਕੌਰ ਦੇ ਪਰਿਵਾਰ ਨੇ ਥਾਣਾ ਤ੍ਰਿਪੜੀ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਮ੍ਰਿਤਕਾ ਦੀ ਮਾਤਾ ਹਰਬੰਸ ਕੌਰ ਦੇ ਬਿਆਨਾਂ 'ਤੇ ਮੁਲਜ਼ਮ ਵਿਸ਼ਾਲ ਵਾਸੀ ਮੱਦੋਮਾਜਰਾ ਖਿਲਾਫ਼ ਸ਼ਿਕਾਇਤ ਦਰਜ ਕਰ ਲਈ ਗਈ ਹੈ।

ਏ. ਐੱਸ. ਆਈ. ਨੇ ਦੱਸਿਆ ਕਿ ਗਗਨ ਕੌਰ ਆਪਣੇ ਮਾਤਾ-ਪਿਤਾ, 2 ਭੈਣਾਂ ਅਤੇ 2 ਭਰਾਵਾਂ ਨਾਲ ਰਹਿੰਦੀ ਸੀ। ਘਰ ਦਾ ਗੁਜ਼ਾਰਾ ਚਲਾਉਣ ਲਈ ਛੋਟੀ ਬਾਰਾਂਦਰੀ ਵਿਖੇ ਪ੍ਰਾਈਵੇਟ ਕੰਮ ਕਰਦੀ ਸੀ। ਇਥੇ ਮੁਲਜ਼ਮ ਵਿਸ਼ਾਲ ਅਕਸਰ ਉਸ ਨੂੰ ਰਾਹ ਵਿਚ ਆਉਂਦੇ-ਜਾਂਦੇ ਵੇਲੇ ਵਿਆਹ ਲਈ ਦਬਾਅ ਬਣਾਉਂਦਾ ਸੀ। ਗਗਨ ਕੌਰ ਦੇ ਇਨਕਾਰ ਕਰਨ ਤੋਂ ਬਾਅਦ ਫੋਨ ਕਰ ਕੇ ਉਸ ਨੂੰ ਦੁਖੀ ਕਰਨ ਲੱਗਾ। ਗਗਨ ਕੌਰ ਦੇ ਵਾਰ-ਵਾਰ ਇਨਕਾਰ ਕਰਨ ਤੋਂ ਬਾਅਦ ਵੀ ਮੁਲਜ਼ਮ ਵਿਸ਼ਾਲ ਨਹੀਂ ਸੁਧਰਿਆ। 14 ਸਤੰਬਰ ਰਾਤ 12 ਵਜੇ ਤੋਂ ਬਾਅਦ ਗਗਨ ਕੌਰ ਨੇ ਜ਼ਹਿਰੀਲੀ ਵਸਤੂ ਖਾ ਲਈ। ਗਗਨ ਕੌਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਗਗਨ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।

Shyna

This news is Content Editor Shyna