ਨਸ਼ੇ ਲਈ ਬਦਨਾਮ ਹੋ ਚੁੱਕੇ ਮੁਹੱਲਾ ਵਾਸੀਆਂ ਨੇ ਕੈਬਨਿਟ ਮੰਤਰੀ ਦੀ ਹਾਜ਼ਰੀ ''ਚ ਨਸ਼ਾ ਨਾ ਵੇਚਣ ਦਾ ਲਿਆ ਪ੍ਰਣ

07/04/2023 9:46:00 PM

ਮਲੋਟ (ਸ਼ਾਮ ਜੁਨੇਜਾ) : ਪੁਲਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਚਲਾਈ ਜ਼ੋਰਦਾਰ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਮਲੋਟ ਸ਼ਹਿਰ 'ਚ ਨਸ਼ਾ ਵਿਕਰੀ ਲਈ ਬਦਨਾਮ ਹੋ ਚੁੱਕੇ ਵਾਰਡਾਂ 'ਚੋਂ ਇਕ ਖੇਤਰ ਦੇ ਲੋਕਾਂ ਨੇ ਅੱਜ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਪੁਲਸ ਅਧਿਕਾਰੀਆਂ ਦੀ ਹਾਜ਼ਰੀ 'ਚ ਪ੍ਰਣ ਲਿਆ ਕਿ ਉਹ ਭਵਿੱਖ ਵਿੱਚ ਨਸ਼ਾ ਵੇਚਣ ਤੋਂ ਤੌਬਾ ਕਰਦੇ ਹਨ। 

ਇਹ ਵੀ ਪੜ੍ਹੋ : ਬੇਕਾਬੂ ਟਰੱਕ ਨੇ ਸੜਕ ਕਿਨਾਰੇ ਖੜ੍ਹੀਆਂ ਔਰਤਾਂ ਨੂੰ ਦਰੜਿਆ, 2 ਦੀ ਮੌਤ

ਮਲੋਟ ਦੇ ਵਾਰਡ ਨੰਬਰ 16 ਵਿਖੇ ਨਸ਼ੇ ਦੀ ਵਿਕਰੀ ਵਿਰੁੱਧ ਪੁਲਸ ਵੱਲੋਂ ਕੀਤੀ ਜਾ ਰਹੀ ਲਗਾਤਾਰ ਕਾਰਵਾਈ ਅਤੇ ਸਮਾਜ ਸੇਵੀਆਂ ਵੱਲੋਂ ਦਿੱਤੀ ਪ੍ਰੇਰਣਾ ਤੋਂ ਬਾਅਦ 50 ਦੇ ਕਰੀਬ ਪਰਿਵਾਰਾਂ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਹਾਜ਼ਰੀ 'ਚ ਨਸ਼ਾ ਵੇਚਣ ਅਤੇ ਸੇਵਨ ਨਾ ਕਰਨ ਦਾ ਪ੍ਰਣ ਲਿਆ ਹੈ। ਇਸ ਮੌਕੇ ਸ਼੍ਰੀਚੰਦ ਨਗਰ ਛੱਜਘੜ ਮੁਹੱਲਾ ਦੇ ਵਸਨੀਕਾਂ ਨਿੰਮੋ ਦੇਵੀ, ਅਰਜੀਤੋ ਬਾਈ, ਆਰਤੀ ਰਾਣੀ, ਬੱਬੀ ਦੇਵੀ, ਦਰਸ਼ਨਾ ਦੇਵੀ, ਸੋਨੂੰ, ਤਰਸੇਮ ਕੁਮਾਰ, ਸ਼ਾਮ ਲਾਲ, ਸੋਹਨ ਲਾਲ, ਰਮੇਸ਼ ਕੁਮਾਰ ਤੇ ਮੱਖਣ ਸਮੇਤ ਦਰਜਨਾਂ ਪਰਿਵਾਰਾਂ ਦੇ ਆਗੂਆਂ ਨੇ ਲਿਖਤੀ ਤੌਰ 'ਤੇ ਪੱਤਰ ਦੇ ਕੇ ਵਾਅਦਾ ਕੀਤਾ ਕਿ ਉਹ ਨਾ ਨਸ਼ਾ ਵੇਚਣਗੇ ਤੇ ਨਾ ਹੀ ਨਸ਼ਾ ਕਰਨਗੇ, ਜੇਕਰ ਕੋਈ ਨਸ਼ਾ ਵੇਚੇਗਾ ਤਾਂ ਪੁਲਸ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਸਮਾਜ ਵੱਲੋਂ 1 ਲੱਖ ਰੁਪਏ ਜੁਰਮਾਨਾ ਲਾਇਆ ਜਾਵੇਗਾ।

ਇਹ ਵੀ ਪੜ੍ਹੋ : ਖਸਤਾਹਾਲ ਸੜਕ ਕਾਰਨ ਵਾਪਰਿਆ ਹਾਦਸਾ, ਬੱਸ ਵੱਲੋਂ ਦਰੜੇ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਨਸ਼ੇ ਸਾਡੇ ਸਮਾਜ ਲਈ ਚੁਣੌਤੀ ਹਨ ਅਤੇ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਗੰਭੀਰ ਉਪਰਾਲੇ ਕਰ ਰਹੀ ਹੈ ਪਰ ਇਸ ਲੜਾਈ ਵਿੱਚ ਜਿੱਤ ਲੋਕਾਂ ਦੀ ਸੰਪੂਰਨ ਭਾਗੀਦਾਰੀ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਨਸ਼ਾ ਇਕ ਬਿਮਾਰੀ ਹੈ ਅਤੇ ਹੋਰ ਬਿਮਾਰੀਆਂ ਵਾਂਗ ਹੀ ਇਸ ਦਾ ਇਲਾਜ ਸੰਭਵ ਹੈ। ਪੰਜਾਬ ਸਰਕਾਰ ਵੱਲੋਂ ਨਸ਼ੇ ਤੋਂ ਪੀੜਤਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਅਤੇ ਇਲਾਜ ਕਰਵਾਉਣ ਵਾਲੇ ਦੀ ਪਛਾਣ ਵੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ।

ਇਹ ਵੀ ਪੜ੍ਹੋ : ਪਰਿਵਾਰ ਵਾਲੇ ਵਿਆਹ ਨੂੰ ਨਾ ਮੰਨੇ ਤਾਂ ਪ੍ਰੇਮੀ ਜੋੜੇ ਨੇ ਚੁੱਕ ਲਿਆ ਖੌਫ਼ਨਾਕ ਕਦਮ, ਪਾਰਕ ਪਹੁੰਚੇ ਲੋਕਾਂ ਦੇ ਉੱਡੇ ਹੋਸ਼

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਬੱਚੇ ਨਸ਼ੇ ਤੋਂ ਪੀੜਤ ਹਨ, ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦੇ ਨਸ਼ਾ ਮੁਕਤੀ ਕੇਂਦਰ ਤੱਕ ਲਿਆਂਦਾ ਜਾਵੇ। ਲੋਕ ਪੁਲਸ ਨੂੰ ਸਹਿਯੋਗ ਦੇਣ ਅਤੇ ਨਸ਼ੇ ਦੇ ਮਾੜੇ ਕੰਮ 'ਚ ਲੱਗੇ ਲੋਕਾਂ ਦੀ ਇਤਲਾਹ ਪੁਲਸ ਨੂੰ ਦੇਣ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਅਤੇ ਸਮਾਜ ਅੰਦਰ ਢੁੱਕਵੇਂ ਮੌਕੇ ਨਾ ਮਿਲਣ ਕਰਕੇ ਔਰਤਾਂ ਵੀ ਇਸ ਪਾਸੇ ਲੱਗੀਆਂ ਹੋਈਆਂ ਹਨ ਪਰ ਉਹ ਔਰਤਾਂ ਦੇ ਰੁਜ਼ਗਾਰ ਲਈ ਢੁੱਕਵੇਂ ਕਦਮ ਚੁੱਕਣਗੇ। ਵੱਡੀ ਗਿਣਤੀ 'ਚ ਲੋਕਾਂ ਨੇ ਉਤਸ਼ਾਹ ਨਾਲ ਨਸ਼ਿਆਂ ਖ਼ਿਲਾਫ਼ ਇਸ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕੀਤੀ। ਇਸ ਮੌਕੇ ਡੀਐੱਸਪੀ ਬਲਾਕਾਰ ਸਿੰਘ, ਐੱਸਐੱਚਓ ਨਵਪ੍ਰੀਤ ਸਿੰਘ, ਸਤਗੁਰ ਦੇਵ ਪੱਪੀ  ਵੀ ਹਾਜ਼ਰ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh