ਦਲਿਤ ਭਾਈਚਾਰੇ ਦੇ ਲੋਕਾਂ ਨੇ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਵਿਰੁੱਧ ਕੀਤੀ ਨਾਅਰੇਬਾਜ਼ੀ

06/25/2020 5:19:43 PM

ਭਵਾਨੀਗੜ੍ਹ(ਕਾਂਸਲ) - ਨੇੜਲੇ ਪਿੰਡ ਘਰਾਚੋਂ ਵਿਖੇ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿੰਡ ਦੇ ਦਲਿਤ ਭਾਈਚਾਰੇ ਵੱਲੋਂ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਤੋਂ ਪਿੰਡ ਤੱਕ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ, ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਪ੍ਰਸਾਸ਼ਨ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਕਥਿਤ ਡੰਮੀ ਬੋਲੀ ਨੂੰ ਤੁਰੰਤ ਰੱਦ ਕਰਕੇ ਅਸਲ ਹੱਕਦਾਰਾਂ ਨੂੰ ਘੱਟ ਰੇਟ 'ਤੇ ਜ਼ਮੀਨ ਦਿੱਤੀ ਜਾਵੇ।

 ਇਸ ਮੌਕੇ ਜਾਣਕਾਰੀ ਦਿੰਦਿਆਂ ਜਮੀਨ ਪ੍ਰਾਪਤੀ ਸੰਘਰਸ ਕਮੇਟੀ ਦੇ ਇਕਾਈ ਪ੍ਰਧਾਨ ਗੁਰਚਰਨ ਸਿੰਘ ਅਤੇ ਚਰਨਜੀਤ ਕੌਰ ਨੇ ਦੱਸਿਆ ਕਿ ਤਪਦੀ ਗਰਮੀ ਅਤੇ ਮੋਹਲੇਧਾਰ ਬਰਸਾਤਾਂ ਵਿਚ ਪਿਛਲੇ ਇੱਕ ਮਹੀਨੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਪਿੰਡ ਦੇ ਦਲਿਤ ਭਾਈਚਾਰੇ ਦੇ ਲੋਕ ਆਪਣੇ ਹਿੱਸੇ ਦੀ ਜ਼ਮੀਨ ਦੀ ਡੰਮੀ ਬੋਲੀ ਰੱਦ ਕਰਵਾਕੇ ਸਾਂਝੀ ਖੇਤੀ ਲਈ ਜ਼ਮੀਨ ਪ੍ਰਾਪਤ ਕਰਨ ਲਈ ਤੀਜੇ ਹਿੱਸੇ ਦੀ ਜ਼ਮੀਨ ਵਿਚ ਮੋਰਚਾ ਲਗਾਕੇ ਬੈਠੇ ਹਨ। ਪਰ ਪ੍ਰਸ਼ਾਸਨ ਵੱਲੋਂ ਸਿਆਸੀ ਦਬਾਅ ਹੇਠ ਕੰਮ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਪਿੰਡ ਦੇ ਕੁਝ ਕਾਂਗਰਸੀ ਚੌਧਰੀਆਂ ਅਤੇ ਪੰਚਾਇਤ ਮੈਂਬਰਾਂ ਵੱਲੋਂ ਪ੍ਰਸਾਸ਼ਨ ਨਾਲ ਮਿਲਕੇ ਕਥਿਤ ਡੰਮੀ ਬੋਲੀ ਕਰਵਾਕੇ ਪਿਛਲੇ ਪੰਜ ਸਾਲਾਂ ਤੋਂ ਸਾਂਝੀ ਖੇਤੀ ਕਰਦੇ ਆ ਰਹੇ ਹਨ।

74 ਪਰਿਵਾਰਾਂ ਦੇ ਹੱਕਾਂ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਕਾਂਗਰਸੀ ਚੌਧਰੀਆਂ ਦੇ ਚਹੇਤਿਆਂ ਨੂੰ ਸਾਰੀ ਜ਼ਮੀਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਖੇਤ ਵਿਚ ਇਕੱਠੇ ਹੋਏ ਸੈਂਕੜੇ ਵਿਅਕਤੀਆਂ ਜਿਸ ਵਿਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਿਲ ਸਨ ਵੱਲੋਂ ਆਪਣੇ ਸਿਰ ਉੱਪਰ ਕਾਲੀਆਂ ਪੱਟਆਂ ਬੰਨ੍ਹ ਕੇ ਆਪਣੇ ਹਿੱਸੇ ਵਾਲੀ ਜ਼ਮੀਨ ਤੋਂ ਪਿੰਡ ਤੱਕ ਢਾਈ ਕਿਲੋਮੀਟਰ ਲੰਮਾ ਰੋਸ ਮਾਰਚ ਕੀਤਾ ਗਿਆ ਅਤੇ ਮਸਲੇ ਦਾ ਹੱਲ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਪਰਸ਼ਾਸਨ ਵੱਲੋਂ ਜਲਦ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕੇਵਲ ਸਿੰਘ, ਰਾਮਾ ਸਿੰਘ, ਗਗਨਦੀਪ ਸਿੰਘ, ਮਿੱਠੂ ਸਿੰਘ, ਸੁਖਪਾਲ ਕੌਰ ਅਤੇ ਮੱਘਰ ਸਿੰਘ ਆਦਿ ਨੇ ਇਸ ਰੋਸ ਮਾਰਚ ਦੀ ਅਗਵਾਈ ਕੀਤੀ।  

Harinder Kaur

This news is Content Editor Harinder Kaur