ਵਿਜੀਲੈਂਸ ਰੇਡ ਦੀ ਅਫਵਾਹ ਨਾਲ ਪਟਵਾਰਖਾਨੇ ਬੰਦ ਕਰ ਕੇ ਗਾਇਬ ਹੋਏ ਪਟਵਾਰੀ

07/13/2019 1:01:37 AM

ਲੁਧਿਆਣਾ (ਸ਼ਾਰਦਾ)— ਪਟਵਾਰਖਾਨਿਆਂ 'ਚ ਪ੍ਰਾਈਵੇਟ ਸਟਾਫ ਦੀ ਦਾਦਾਗਿਰੀ ਸਬੰਧੀ 'ਜਗ ਬਾਣੀ' 'ਚ ਛਪੀ ਖ਼ਬਰ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ਹਿਰ ਦੇ ਕਈ ਪਟਵਾਰਖਾਨਿਆਂ ਵਿਚ ਤਾਲਾਬੰਦੀ ਹੋਈ ਨਜ਼ਰ ਆਈ। ਬਿਨਾਂ ਕੋਈ ਸੂਚਨਾ ਦੇ ਪਟਵਾਰਖਾਨੇ ਬੰਦ ਹੋਣ ਨਾਲ ਉਥੇ ਕੰਮ ਕਰਵਾਉਣ ਪੁੱਜੀ ਜਨਤਾ ਨੂੰ ਜਿੱਥੇ ਪ੍ਰੇਸ਼ਾਨੀ ਹੋਈ, ਉਥੇ ਪੁੱਛਣ 'ਤੇ ਹੇਠਲੇ ਸਟਾਫ ਦਾ ਕਹਿਣਾ ਸੀ ਕਿ ਵਿਜੀਲੈਂਸ ਦੀ ਰੇਡ ਦੀ ਸੂਚਨਾ ਕਾਰਣ ਅਜਿਹਾ ਕੀਤਾ ਗਿਆ ਹੈ। ਹਾਲਾਂਕਿ ਸ਼ਾਮ ਹੋਣ ਤੱਕ ਰੇਡ ਦੀ ਸੂਚਨਾ ਕੋਰੀ ਅਫਵਾਹ ਹੀ ਸਾਬਤ ਹੋਈ।
ਦੱਸ ਦੇਈਏ ਕਿ ਪਟਵਾਰਖਾਨਿਆਂ 'ਚ ਪਟਵਾਰੀਆਂ ਵਲੋਂ ਰੱਖਿਆ ਪ੍ਰਾਈਵੇਟ ਸਟਾਫ ਇੰਨਾ ਪ੍ਰਭਾਵਸ਼ਾਲੀ ਹੋ ਚੁੱਕਾ ਹੈ ਕਿ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਜ਼ਿਆਦਾਤਰ ਪਟਵਾਰਖਾਨਿਆਂ ਤੋਂ ਕੰਮ ਕਰਵਾਉਣਾ ਜਨਤਾ ਲਈ ਸੌਖਾ ਕੰਮ ਨਹੀਂ ਹੈ। ਅਸਲ ਵਿਚ ਜ਼ਿਲੇ ਵਿਚ ਪਟਵਾਰੀਆਂ ਦੀਆਂ ਕੁੱਲ 441 ਪੋਸਟਾਂ ਦੇ ਮੁਕਾਬਲੇ ਸਿਰਫ 180 ਪਟਵਾਰੀ ਹੀ ਕੰਮ ਕਰ ਰਹੇ ਹਨ, ਜਿਸ ਕਾਰਣ ਕਈ ਪਟਵਾਰੀਆਂ ਕੋਲ ਦੋ ਜਾਂ ਇਸ ਤੋਂ ਜ਼ਿਆਦਾ ਪਟਵਾਰਖਾਨਿਆਂ ਦਾ ਕੰਮ ਹੈ, ਜਿਸ ਨੂੰ ਸੁਚਾਰੂ ਰੂਪ ਨਾਲ ਚਲਾਉਣ ਪ੍ਰਾਈਵੇਟ ਸਟਾਫ ਜਿੱਥੇ ਸਿਸਟਮ ਦੀ ਮਜਬੂਰੀ ਬਣ ਚੁੱਕਾ ਹੈ, ਉਥੇ ਪ੍ਰਸ਼ਾਸਨ ਦੀ ਇਸ ਮਜਬੂਰੀ ਦਾ ਫਾਇਦਾ ਲੈਂਦੇ ਹੋਏ ਪ੍ਰਾਈਵੇਟ ਸਟਾਫ ਆਮ ਜਨਤਾ ਨੂੰ ਲੁੱਟਣ ਵਿਚ ਲੱਗਾ ਹੋਇਆ ਹੈ। ਹਰ ਫਰਦ, ਇੰਤਕਾਲ, 30 ਸਾਲ ਦਾ ਰਿਕਾਰਡ, ਵਿਰਾਸਤ, ਕੁਰੈਕਸ਼ਨ ਸਮੇਤ ਪਟਵਾਰਖਾਨਿਆਂ ਨਾਲ ਸਬੰਧਤ ਹੋਰਨਾਂ ਕੰਮਾਂ ਦੇ ਰੇਟ ਪਹਿਲਾਂ ਤੋਂ ਹੀ ਤੈਅ ਹਨ। ਉੱਪਰੋਂ ਜਿਨ੍ਹਾਂ ਲੋਕਾਂ ਦਾ ਕੰਮ ਥੋੜ੍ਹਾ ਬਹੁਤ ਕਾਨੂੰਨੀ ਉਲਝਣਾਂ ਵਾਲਾ ਹੁੰਦਾ ਹੈ, ਉਨ੍ਹਾਂ ਤੋਂ ਇਹ ਸਟਾਫ ਮਨਮਰਜ਼ੀ ਮੁਤਾਬਕ ਰਿਸ਼ਵਤ ਵਸੂਲਦਾ ਹੈ।
ਇਸ ਦਾਦਾਗਿਰੀ ਤੋਂ ਆਮ ਜਨਤਾ ਖਾਸੀ ਪ੍ਰੇਸ਼ਾਨ ਹੈ ਅਤੇ ਲਗਾਤਾਰ ਅਧਿਕਾਰੀਆਂ ਅਤੇ ਸੱਤਾਧਾਰੀ ਲੀਡਰਾਂ ਨੂੰ ਇਸ ਦੀ ਸ਼ਿਕਾਇਤ ਮਿਲਦੀ ਰਹਿੰਦੀ ਹੈ। ਇਸੇ ਮੁੱਦੇ ਨੂੰ ਪਿਛਲੇ ਦਿਨੀਂ ਪ੍ਰਮੁੱਖਤਾ ਨਾਲ ਚੁੱਕਿਆ ਸੀ। ਅਜਿਹੇ ਹੀ ਇਕ ਕੇਸ ਵਿਚ ਇੰਤਕਾਲ ਮਨਜ਼ੂਰ ਕਰਨ ਦੀ ਆੜ ਵਿਚ ਇਕ ਕਾਂਗਰਸੀ ਆਗੂ ਤੋਂ ਡੇਢ ਲੱਖ ਦੀ ਰਿਸ਼ਵਤ ਵਸੂਲਣ ਵਾਲੇ ਨਾਇਬ ਤਹਿਸੀਲਦਾਰ ਨੂੰ ਰੈਵੇਨਿਊ ਮੰਤਰੀ ਨੇ ਸਥਾਨਕ ਮੰਤਰੀ ਦੀ ਸ਼ਿਕਾਇਤ 'ਤੇ ਤੁਰੰਤ ਸਸਪੈਂਡ ਵੀ ਕੀਤਾ ਹੈ।

ਵਿਜੀਲੈਂਸ ਫੜ ਚੁੱਕੀ ਹੈ ਪ੍ਰਾਈਵੇਟ ਸਟਾਫ
ਪਿਛਲੇ ਸਮੇਂ 'ਚ ਅਜਿਹੇ ਕਈ ਕੇਸ ਅਦਾਲਤਾਂ 'ਚ ਵਿਚਾਰ ਅਧੀਨ ਹਨ, ਜਿਨ੍ਹਾਂ ਵਿਚ ਵਿਜੀਲੈਂਸ ਦੀਆਂ ਟੀਮਾਂ ਰਿਸ਼ਵਤ ਵਸੂਲਣ ਦੇ ਦੋਸ਼ ਵਿਚ ਪਟਵਾਰਖਾਨਿਆਂ 'ਚ ਸਰਗਰਮ ਪ੍ਰਾਈਵੇਟ ਸਟਾਫ ਨੂੰ ਰੰਗੇ ਹੱਥੀਂ ਫੜ ਚੁੱਕੀਆਂ ਹਨ। ਇਨ੍ਹਾਂ ਵਿਚ ਕਈ ਕੇਸ ਅਜਿਹੇ ਵੀ ਹਨ ਜਿਨ੍ਹਾਂ ਵਿਚ ਵਿਜੀਲੈਂਸ ਦੀ ਟੀਮ ਨੂੰ ਦੋਸ਼ੀਆਂ ਤੋਂ ਛਾਪੇਮਾਰੀ ਦੌਰਾਨ ਖਾਲੀ ਫਰਦਾਂ ਦੇ ਫਾਰਮਾਂ 'ਤੇ ਪਟਵਾਰੀਆਂ ਦੇ ਦਸਤਖਤ ਹੋਏ ਵੀ ਮਿਲੇ। ਹਾਲਾਂਕਿ ਅਜਿਹਾ ਬਿਲਕੁਲ ਨਿਯਮਾਂ ਦੇ ਖਿਲਾਫ ਹਨ। ਅਸਲ ਵਿਚ ਜ਼ਿਆਦਾਤਰ ਪਟਵਾਰੀ ਖੁਦ ਨੂੰ ਸੁਰੱਖਿਅਤ ਰੱਖਣ ਲਈ ਪ੍ਰਾਈਵੇਟ ਸਟਾਫ ਨੂੰ ਅੱਗੇ ਰੱਖ ਕੇ ਰਿਸ਼ਵਤ ਦੀ ਮੰਗ ਕਰਦੇ ਹਨ ਤਾਂ ਕਿ ਜੇਕਰ ਕੋਈ ਟ੍ਰੈਪ ਹੋਵੇ ਤਾਂ ਮੌਕੇ 'ਤੇ ਉਹ ਨਾ ਫੜੇ ਜਾਣ।

ਸ਼ਹਿਰ ਦੇ ਜ਼ਿਆਦਾਤਰ ਪਟਵਾਰਖਾਨਿਆਂ 'ਚ ਰਹੀ ਤਾਲਾਬੰਦੀ
ਸ਼ੁੱਕਰਵਾਰ ਨੂੰ ਜਿਨ੍ਹਾਂ ਪਟਵਾਰਖਾਨਿਆਂ 'ਤੇ ਸਾਰਾ ਦਿਨ ਤਾਲਾਬੰਦੀ ਰਹੀ, ਉਨ੍ਹਾਂ ਵਿਚ ਮੁੱਖ ਰੂਪ ਨਾਲ ਸ਼ਹਿਰ ਦੇ ਪਟਵਾਰਖਾਨੇ ਸ਼ਾਮਲ ਹਨ। ਇਥੇ ਆਪਣਾ ਕੰਮ ਕਰਵਾਉਣ ਪੁੱਜੀ ਜਨਤਾ ਵਿਚ ਸ਼ਾਮਲ ਰਾਮ ਕੁਮਾਰ, ਰਾਜੇਸ਼ ਗੋਇਲ, ਯਸ਼ ਕੁਮਾਰ, ਰਾਜ ਰਾਣੀ ਨੇ ਦੱਸਿਆ ਕਿ ਉਹ ਘੰਟਿਆਂਬੱਧੀ ਪਟਵਾਰਖਾਨਿਆਂ ਦੇ ਬਾਹਰ ਖੜ੍ਹੇ ਰਹਿ ਕੇ ਪਟਵਾਰਖਾਨੇ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਨਾ ਤਾਂ ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਹੈ ਕਿ ਆਖਰ ਇਹ ਤਾਲਾਬੰਦੀ ਕਿਉਂ ਹੈ ਅਤੇ ਬਿਨਾਂ ਅਗੇਤੀ ਸੂਚਨਾ ਦੇ ਇਸ ਤਰ੍ਹਾਂ ਕਿਵੇਂ ਪਟਵਾਰਖਾਨੇ ਬੰਦ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਡੀ. ਸੀ. ਤੋਂ ਇਸ ਕੇਸ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

KamalJeet Singh

This news is Content Editor KamalJeet Singh