ਪੈਟਰੋਲ ਅਤੇ ਡੀਜ਼ਲ ਦੇ ਵਧ ਰਹੇ ਰੇਟਾਂ ਵਿਰੁੱਧ ਕਾਂਗਰਸ ਪਾਰਟੀ ਦਾ ਅਨੋਖਾ ਪ੍ਰਦਰਸ਼ਨ

06/11/2021 11:54:31 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ ਤੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਦੀ ਅਗਵਾਈ ਹੇਠ ਲਾਕਡਾਊਨ ਦੌਰਾਨ ਪ੍ਰਾਈਵੇਟ ਸੈਕਟਰ ਤੋਂ ਦੋ ਕਰੋੜ 70 ਲੱਖ ਨੌਕਰੀਆਂ ਜਾਣ ਅਤੇ ਇੱਕ ਮਹੀਨੇ ਵਿੱਚ ਚੌਦਾਂ ਵਾਰ ਪੈਟਰੋਲ ਪਦਾਰਥਾਂ ਦੇ ਰੇਟ ਵਧਣ ਅਤੇ ਬੇਲਗਾਮ ਹੁੰਦੀ ਜਾ ਰਹੀ ਮਹਿੰਗਾਈ ਦੇ ਵਿਰੋਧ ਵਿਚ ਸਥਾਨਕ ਜੌੜੇ ਪੰਪਾਂ ਤੇ ਖੱਚਰ ਰੇਹੜੇ ਤੇ ਮੋਟਰਸਾਇਕਲ ਰੱਖ ਕੇ ਸੰਕੇਤਕ ਤੌਰ ’ਤੇ ਮੋਦੀ ਸਰਕਾਰ ਤੇ ਟਿੱਪਣੀ ਕੀਤੀ ਅਤੇ ਕੇਂਦਰ ਸਰਕਾਰ ਵਿਰੁੱਧ ਪੈਟਰੋਲੀਅਮ ਪਦਾਰਥਾਂ ਦੇ ਵਧਦੇ ਜਾ ਰਹੇ ਰੇਟਾਂ ਤੇ ਨੱਥ ਨਾ ਪਾਏ ਜਾਣ ਵਿਰੁੱਧ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਮੱਖਣ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਤਾਂ ਲੋਕਾਂ ਨੂੰ ਅੱਛੇ ਦਿਨ ਲਿਆਉਣ ਦਾ ਸਪਨਾ ਦਿਖਾ ਦਿੱਤਾ ਪਰ ਇਹ ਸੁਪਨਾ ਉਸ ਵੇਲੇ ਹਵਾ ਹੋ ਗਿਆ ਜਦੋਂ ਆਏ ਦਿਨ ਪੂਰੇ ਦੇਸ਼ ਵਿੱਚ ਮਹਿੰਗਾਈ ਦੇ ਨਾਲ-ਨਾਲ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਪੂਰੇ ਦੇਸ਼ ਨੂੰ ਮੋਦੀ ਸਰਕਾਰ ਨੇ ਗ਼ਰੀਬੀ ਦੀ ਦਲਦਲ ਵਿੱਚ ਧਕੇਲ ਦਿੱਤਾ। ਉਨ੍ਹਾਂ ਕਿਹਾ ਅੱਜ ਪੂਰਾ ਦੇਸ਼ ਜਿੱਥੇ ਕੋਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ ਉੱਥੇ ਮੋਦੀ ਸਰਕਾਰ ਨੇ ਪੂਰੇ ਦੇਸ਼ ਨੂੰ ਮਹਿੰਗਾਈ ਦੀ ਦਿੱਤੀ। ਨਵੀਂ ਸੌਗਾਤ ਨਾਲ ਹਿਲਾ ਕੇ ਰੱਖ ਦਿੱਤਾ ਹੈ।ਉਨ੍ਹਾਂ ਕਿਹਾ ਅੱਜ ਕੋਈ ਵੀ ਵਾਹਨ ਚਾਲਕ ਆਪਣੀਆਂ ਗੱਡੀਆਂ ਮੋਟਰਸਾਈਕਲਾਂ ਵਿੱਚ ਪੈਟਰੋਲ ਤੇ ਡੀਜ਼ਲ ਨਹੀਂ ਪੁਆ ਸਕਦਾ ਕਿਉਂਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇੰਨਾ ਜ਼ਿਆਦਾ ਵਾਧਾ ਹੋ ਗਿਆ ਹੈ ਕਿ ਹਰ ਇੱਕ ਨਾਗਰਿਕ ਦੀ ਪਹੁੰਚ ਤੋਂ ਪੈਟਰੋਲ ਤੇ ਡੀਜ਼ਲ ਹੁਣ ਬਾਹਰ ਹੋ ਗਿਆ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਵਾਪਸ ਨਾ ਲਿਆ ਗਿਆ ਤਾਂ ਸਾਨੂੰ ਹੋਰ ਤਿੱਖੇ ਕਦਮ ਚੁੱਕਣੇ ਪੈਣਗੇ।

ਕਾਂਗਰਸੀ ਆਗੂ ਮੰਗਤ ਰਾਏ ਬਾਂਸਲ,ਬਲਾਕ ਪ੍ਰਧਾਨ ਸਤੀਸ਼ ਜੱਜ ਅਤੇ ਨਰਿੰਦਰ ਸ਼ਰਮਾ ਨੇ ਕੋਰੋਨਾ ਸੰਕਟ ਦੌਰਾਨ ਦੇਸ਼ ਵਿੱਚ ਵਧਦੀ ਮਹਿੰਗਾਈ ਲਈ ਮੋਦੀ ਸਰਕਾਰ ਨੂੰ ਸਪੱਸ਼ਟ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਜੇਕਰ ਇਸੇ ਤਰ੍ਹਾਂ ਨੌਕਰੀਆਂ ਘੱਟ ਹੋਣ ਨਾਲ ਲੋਕ ਬੇਰੁਜ਼ਗਾਰ ਹੁੰਦੇ ਰਹੇ ਅਤੇ ਪੈਟਰੋਲੀਅਮ ਪਦਾਰਥਾਂ ਦੇ ਵਧੇ ਰੇਟਾਂ ਨੂੰ ਕਾਬੂ ਨਾ ਕੀਤਾ ਗਿਆ ਅਤੇ ਬੇਲਗਾਮ ਮਹਿੰਗਾਈ ਨੂੰ ਨਾ ਰੋਕਿਆ ਗਿਆ ਤਾਂ ਭਵਿੱਖ ਵਿੱਚ ਸਾਡੀ ਨੌਜਵਾਨ ਪੀੜ੍ਹੀ ਦੇ ਸਾਹਮਣੇ ਭੀਖ ਮੰਗਣ ਤੋਂ ਸਿਵਾਏ ਕੋਈ ਬਦਲ ਨਹੀਂ ਹੋਵੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਸੂਚਿਤ ਕੀਤਾ ਕਿ ਉਹ ਸਮੇਂ ਸਿਰ ਬੇਰੁਜ਼ਗਾਰ ਹੁੰਦੀ ਨੌਜਵਾਨ ਪੀੜ੍ਹੀ ਲਈ ਰੁਜ਼ਗਾਰ ਦੇ ਪ੍ਰਬੰਧ ਕਰੇ।ਧਰਨੇ ਦੌਰਾਨ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਸਤੀਸ਼ ਜੱਜ, ਨਰਿੰਦਰ ਸ਼ਰਮਾ, ਹਰਿੰਦਰ ਚਹਿਲ, ਅਮਰਜੀਤ ਕਾਕਾ, ਮੰਗਤ ਰਾਏ ਮੰਗਾ, ਮਨਵਿੰਦਰ ਕੌਰ ਪੱਖੋਂ,ਹਰਦੀਪ ਜਾਗਲ, ਵਿਕਰਮ ਕੁਮਾਰ ਵਿੱਕੀ, ਹਰਪ੍ਰੀਤ ਲੰਬੂ ਅਤੇ ਜਸਮੇਲ ਆਦਿ ਵੀ ਹਾਜ਼ਰ ਸਨ।    

Shyna

This news is Content Editor Shyna