ਕੁਝ ਦਿਨ ਪਹਿਲਾਂ ਡਿਸਮਿਸ ਕੀਤੇ 11 ਮੁਲਾਜ਼ਮਾਂ ਨੇ ਆਈ. ਜੀ. ਪਟਿਆਲਾ ਕੋਲ ਕੀਤੀ ਅਪੀਲ ਦਾਇਰ

06/27/2019 12:09:13 PM

ਪਟਿਆਲਾ (ਬਲਜਿੰਦਰ)—ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਲਿਪਤ 11 ਮੁਲਾਜ਼ਮਾਂ ਨੂੰ ਐੱਸ. ਐੱਸ. ਪੀ. ਪਟਿਆਲਾ ਨੇ ਡਿਸਮਿਸ ਕਰ ਦਿੱਤਾ ਸੀ। ਉਨ੍ਹਾਂ ਸਾਰੇ ਮੁਲਾਜ਼ਮਾਂ ਨੇ ਇਸ ਮਾਮਲੇ ਵਿਚ ਆਈ. ਜੀ. ਪਟਿਆਲਾ ਕੋਲ ਅਪੀਲ ਦਾਇਰ ਕੀਤੀ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਆਈ. ਜੀ. ਸ਼੍ਰੀ ਏ. ਐੱਸ. ਰਾਏ ਨੇ ਦੱਸਿਆ ਕਿ ਅੱਜ ਹੀ ਅਪੀਲ ਆਈ ਹੈ, ਜਿਸ ਵਿਚ ਉਨ੍ਹਾਂ ਦੇ ਸਾਰੇ ਕੇਸ ਨੂੰ ਸਹੀ ਤਰੀਕੇ ਨਾਲ ਫੇਰ ਤੋਂ ਜਾਂਚਿਆ ਜਾਵੇਗਾ। ਅਪੀਲਕਰਤਾਵਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਵੀ ਦਿੱਤਾ ਜਾਵੇਗਾ। ਇਥੇ ਇਹ ਦੱਸਣਯੋਗ ਹੈ ਕਿ ਐੱਸ. ਐੱਸ. ਪੀ. ਪਟਿਆਲਾ ਨੇ ਭ੍ਰਿਸ਼ਟਾਚਾਰ ਅਤੇ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਸ਼ਾਮਲ 11 ਪੁਲਸ ਮੁਲਾਜ਼ਮਾਂ ਨੂੰ ਬੀਤੀ 17 ਜੂਨ ਨੂੰ ਡਿਸਮਿਸ ਕਰ ਦਿੱਤਾ ਸੀ।

ਜਿਹੜੇ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਗਈ ਸੀ, ਉਨ੍ਹਾਂ ਵਿਚ ਸਹਾਇਕ ਥਾਣੇਦਾਰ ਸ਼ਿਵਦੇਵ ਸਿੰਘ (71 ਪਟਿਆਲਾ) ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਬਰਤਰਫ ਕੀਤਾ ਗਿਆ ਸੀ। ਸਹਾਇਕ ਥਾਣੇਦਾਰ ਲੋਕਲ ਰੈਂਕ ਸਾਹਿਬ ਸਿੰਘ (3231 ਪਟਿਆਲਾ) ਨੂੰ 10 ਹਜ਼ਾਰ ਰੁਪਏ, ਸਹਾਇਕ ਥਾਣੇਦਾਰ ਲੋਕਲ ਰੈਂਕ ਟਹਿਲ ਸਿੰਘ (1947 ਪਟਿਆਲਾ) ਨੂੰ 35 ਹਜ਼ਾਰ ਰੁਪਏ, ਸਹਾਇਕ ਥਾਣੇਦਾਰ ਲੋਕਲ ਰੈਂਕ ਜੰਗੀਰ ਸਿੰਘ (3234 ਪਟਿਆਲਾ) ਨੂੰ 10 ਹਜ਼ਾਰ ਰੁਪਏ, ਸਹਾਇਕ ਥਾਣੇਦਾਰ ਲੋਕਲ ਰੈਂਕ ਗੁਰਮੀਤ ਸਿੰਘ (2053 ਪਟਿਆਲਾ) ਅਤੇ ਹੈਡ ਕਾਂਸਟੇਬਲ ਹਰਜਿੰਦਰ ਸਿੰਘ (1937 ਪਟਿਆਲਾ) ਨੂੰ ਸਾਂਝੇ ਤੌਰ 'ਤੇ 14 ਹਜ਼ਾਰ ਰੁਪਏ ਰਿਸ਼ਵਤ ਲੈਣ ਕਾਰਣ ਡਿਸਮਿਸ ਕੀਤਾ ਗਿਆ ਸੀ। ਇਸ ਮਾਮਲੇ ਵਿਚ ਰਿਸ਼ਵਤ ਦੇ ਮਾਮਲੇ 'ਚ ਇਕ ਮਹਿਲਾਂ ਥਾਣੇਦਾਰ ਲੋਕਲ ਰੈਂਕ ਸੁਖਵਿੰਦਰ ਕੌਰ (304 ਪਟਿਆਲਾ) ਨੂੰ 10 ਹਜ਼ਾਰ ਰੁਪਏ ਅਤੇ ਹੈੱਡ ਕਾਂਸਟੇਬਲ ਬਲਜਿੰਦਰ ਸਿੰਘ ਨੂੰ (1461 ਪਟਿਆਲਾ) ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਨੌਕਰੀ ਤੋਂ ਡਿਸਮਿਸ ਕੀਤਾ ਗਿਆ ਸੀ। ਇਸ ਤੋਂ ਇਲਾਵਾ ਨਸ਼ਾ ਸਮੱਗਲਿੰਗ ਵਿਚ ਲਿਪਤ ਜਿਨ੍ਹਾਂ 3 ਪੁਲਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਗਿਆ ਸੀ, ਉਨ੍ਹਾਂ ਵਿਚ ਹੈੱਡ ਕਾਂਸਟੇਬਲ ਅਮਰਜੀਤ ਸਿੰਘ (2943 ਪਟਿਆਲਾ), ਕਾਂਸਟੇਬਲ ਨਰਿੰਦਰਪਾਲ ਸਿੰਘ ਅਤੇ ਕਾਂਸਟੇਬਲ ਗੁਰਪ੍ਰਤਾਪ ਸਿੰਘ (1217 ਪਟਿਆਲਾ) ਸ਼ਾਮਲ ਹਨ।

Shyna

This news is Content Editor Shyna