ਪਾਰਲੀਮੈਂਟ ਦੇ ਘਿਰਾਓ ਲਈ 200 ਕਿਸਾਨ ਜਥੇਬੰਦੀਆਂ ਲਾਮਬੰਦ

07/17/2018 10:46:32 AM

ਮਾਨਸਾ (ਮਿੱਤਲ)— 20 ਜੁਲਾਈ ਨੂੰ ਦਿੱਲੀ ਵਿਖੇ ਭਾਰਤ ਦੀਆਂ 200 ਦੇ ਕਰੀਬ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਅਤੇ ਪਾਰਲੀਮੈਂਟ ਦੇ ਘਿਰਾਓ ਦੇ ਉਲੀਕੇ ਪ੍ਰੋਗਰਾਮ ਦੀ ਤਿਆਰੀ ਵਜੋਂ ਅੱਜ ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲਾ ਪ੍ਰਧਾਨ ਭੋਲਾ ਸਿੰਘ ਸਮਾਓਂ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਅਤੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ 20 ਜੁਲਾਈ ਨੂੰ ਦਿੱਲੀ ਵਿਖੇ ਭਾਰਤ ਦੀਆਂ 200 ਦੇ ਕਰੀਬ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਅਤੇ ਪਾਰਲੀਮੈਂਟ ਦਾ ਘਿਰਾਓ ਕੀਤਾ ਜਾਵੇਗਾ। ਇਸ ਵਿਚ ਮੁੱਖ ਮੰਗਾਂ ਕਿਸਾਨਾਂ ਦੀਆਂ ਫਸਲਾਂ ਦੇ ਲਾਹੇਵੰਦ ਭਾਅ ਸੁਆਮੀਨਾਥਨ ਦੀ ਰਿਪੋਰਟ ਤਹਿਤ ਨਿਰਧਾਰਤ ਕਰਨੇ ਅਤੇ ਸਮੁੱਚੇ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰਨਾ ਆਦਿ ਹਨ।

ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਚੋÎਣਾਂ ਸਮੇਂ ਸਾਲ 2014 ਵਿਚ ਕਿਸਾਨਾਂ ਨਾਲ ਵਾਅਦੇ ਕੀਤੇ ਗਏ ਸਨ ਕਿ ਹਰ ਕਿਸਾਨ ਦਾ ਸਰਕਾਰੀ ਅਤੇ ਗੈਰ-ਸਰਕਾਰੀ ਕਰਜ਼ਾ ਮੁਆਫ ਕੀਤਾ ਜਾਵੇਗਾ ਅਤੇ ਫਸਲਾਂ ਦੇ ਭਾਅ ਮੁਨਾਫੇ ਤਹਿਤ ਦਿੱਤੇ ਜਾਣਗੇ ਪਰ ਅੱਜ ਤੱਕ ਕਿਸਾਨਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ, ਜਿਸ ਨੂੰ ਲੈ ਕੇ ਸਮੂਹ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵਲੋਂ 20 ਜੁਲਾਈ ਨੂੰ ਵੱਡੀ ਗਿਣਤੀ 'ਚ ਦਿੱਲੀ ਹਾਊਸ ਮੰਡੀ ਵਿਖੇ ਇਕੱਠੇ ਹੋਣਗੇ ਅਤੇ ਕਾਲੇ ਝੰਡੇ ਲੈ ਕੇ ਰੋਸ ਮੁਜ਼ਾਹਰਾ ਕਰਦੇ ਹੋਏ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਪਾਰਲੀਮੈਂਟ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ 20 ਨੂੰ ਦਿੱਤੇ ਜਾ ਰਹੇ ਅੰਦੋਲਨ ਦੇ ਇਸ ਰੋਸ ਮੁਜ਼ਾਹਰੇ ਵਿਚ ਵੱਧ ਤੋਂ ਵੱਧ ਗਿਣਤੀ 'ਚ ਪਹੁੰਚਿਆ ਜਾਵੇ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ, ਮਾਨਸਾ ਬਲਾਕ ਦੇ ਪ੍ਰਧਾਨ ਸਾਧੂ ਸਿੰਘ, ਅਮਰੀਕ ਸਿੰਘ ਕੋਟਧਰਮੂ, ਜਰਨੈਲ ਸਿੰਘ ਖੀਵਾ, ਪੰਜਾਬ ਸਿੰਘ ਤਲਵੰਡੀ ਅਕਲੀਆ, ਰਾਮਫਲ ਸਿੰਘ ਚੱਕ ਅਲੀਸ਼ੇਰ, ਜਸਪਾਲ ਸਿੰਘ, ਸੁਖਦਰਸ਼ਨ ਸਿੰਘ ਨੱਤ, ਜਰਨੈਲ ਸਿੰਘ ਖਿਆਲਾ, ਨਾਜਰ ਸਿੰਘ, ਸਵਰਨ ਸਿੰਘ ਬੋੜਾਵਾਲ ਅਤੇ ਹੈਪੀ ਕੋਟਧਰਮੂ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।