ਪਾਕਿਸਤਾਨੀ ਤਸਕਰਾਂ ਦੇ ਇਸ਼ਾਰੇ ''ਤੇ ਯੋਜਨਾ ਬਣਾ ਕੇ ਛੁਡਵਾਇਆ ਹਰਭਜਨ ਨੂੰ

08/20/2018 3:38:48 PM

ਫਿਰੋਜ਼ਪੁਰ - ਹੈਰੋਇਨ ਅਤੇ ਅਸਲਾ ਤਸਕਰ ਹਰਭਜਨ ਸਿੰਘ ਨੂੰ ਪਾਕਿਸਤਾਨੀ ਤਸਕਰਾਂ ਦੇ ਇਸ਼ਾਰੇ 'ਤੇ ਉਸ ਦੇ ਸਾਥੀਆਂ ਨੇ ਇਕ ਯੋਜਨਾ ਬਣਾ ਕੇ ਸ਼ਨੀਵਾਰ ਸ਼ਾਮ ਨੂੰ ਪੁਲਸ ਅਧਿਕਾਰੀਆਂ 'ਤੇ ਗੋਲੀਆਂ ਚਲਾ ਕੇ ਛੁਡਵਾ ਲਿਆ ਸੀ। ਮਿਲੀ ਜਾਣਕਾਰੀ ਅਨੁਸਾਰ ਹਰਭਜਨ ਅਤੇ ਉਸ ਦਾ ਛੋਟਾ ਭਰਾ ਜੋਗਿੰਦਰ ਸਿੰਘ ਪੰਜਾਬ ਸਮੇਤ ਹੋਰ ਕਈ ਰਾਜਾਂ 'ਚ ਹੈਰੋਇਨ ਅਤੇ ਅਸਲੇ ਦੀ ਸਪਲਾਈ ਕਰਦੇ ਸਨ। ਉਨ੍ਹਾਂ ਦਾ ਪੂਰਾ ਪਰਿਵਾਰ ਜੇਲ 'ਚ ਹੋਣ ਕਾਰਨ ਪਾਕਿ ਤਸਕਰ ਭਾਰਤੀ ਸਰਹੱਦ ਤੋਂ ਹੈਰੋਇਨ ਦੀ ਕੋਈ ਵੱਡੀ ਖੇਪ ਨਹੀਂ ਭੇਜ ਪਾ ਰਹੇ ਸਨ। ਇਸੇ ਕਾਰਨ ਪਾਕਿਸਤਾਨੀ ਤਸਕਰ ਉਸ ਨੂੰ ਛੁਡਵਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਯੋਜਨਾ ਬਣਾ ਰਹੇ ਸਨ ਪਰ ਇਸ ਗੱਲ ਦੀ ਖਬਰ ਸੁਰੱਖਿਆ ਏਜੰਸੀਆਂ ਨੂੰ ਲੱਗਣ 'ਤੇ ਉਨ੍ਹਾਂ ਨੇ ਹਰਭਜਨ ਨੂੰ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਸੈਂਟ੍ਰਲ ਜੇਲ 'ਚ ਸ਼ਿਫਟ ਕਰ ਦਿੱਤਾ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਭਰਾਵਾਂ ਦੇ ਜੇਲ 'ਚ ਹੋਣ ਕਾਰਨ ਸਰਹੱਦ 'ਤੇ ਹੈਰੋਇਨ ਦੀ ਸਪਲਾਈ ਕਾਫੀ ਮਾਤਰਾ 'ਚ ਘਟ ਗਈ ਸੀ। ਪਾਕਿ ਤੋਂ ਆਈ ਹੈਰੋਇਨ ਅਤੇ ਅਸਲਾ ਕਿਥੇ ਦਫਨਾਇਆ ਹੋਇਆ ਹੈ, ਇਹ ਜਾਣਕਾਰੀ ਉਨ੍ਹਾਂ ਨੂੰ ਹੀ ਹੁੰਦੀ ਸੀ। ਇਸੇ ਕਾਰਨ ਪਾਕਿ ਤਸਕਰਾਂ ਲਈ ਇਹ ਜ਼ਰੂਰੀ ਹੋ ਗਿਆ ਸੀ ਕਿ ਉਹ ਦੋਵਾਂ ਭਰਾਵਾਂ 'ਚੋਂ ਕਿਸੇ ਇਕ ਨੂੰ ਛੁਡਵਾਉਣ। ਕਾਊਂਟਰ ਇੰਟੈਲੀਜੈਂਸ ਦੇ ਏ.ਆਈ.ਜੀ. ਨਰਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਤਸਕਰ ਬਲਦੇਵ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਹਰਭਜਨ ਦੇ ਕਹਿਣ 'ਤੇ ਹੈਰੋਇਨ ਦਾ ਪੈਕੇਟ ਲੈਣ ਗਿਆ ਸੀ, ਜਿਸ ਤੋਂ ਬਾਅਦ ਦੋਵਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਸੀ। ਇਸੇ ਮਾਮਲੇ ਦੀ ਪੁੱਛਗਿੱਛ ਲਈ ਉਸ ਨੂੰ ਨਾਭਾ ਜੇਲ ਲਿਆਉਣ ਦੀ ਤਿਆਰੀ ਹੋ ਰਹੀ ਸੀ ਕਿ ਉਹ ਪੁਲਸ ਕਸਟਡੀ ਤੋਂ ਫਰਾਰ ਹੋ ਗਿਆ।
ਉਸ ਦੇ ਫਰਾਰ ਹੋਣ 'ਤੇ ਪੁਲਸ 'ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਕਿ ਫਿਰੋਜ਼ਪੁਰ ਕਚਹਿਰੀ ਦੇ ਆਲੇ-ਦੁਆਲੇ ਕਈ ਢਾਬੇ ਹਨ, ਉਨ੍ਹਾਂ ਨੇ ਉਥੇ ਖਾਣਾ ਕਿਉਂ ਨਹੀਂ ਖਾਧਾ? ਮੁਲਾਜ਼ਮਾਂ ਕੋਲ ਬੰਦੂਕਾਂ ਹੋਣ ਦੇ ਬਾਵਜੂਦ ਉਨ੍ਹਾਂ ਨੇ ਦੋਸ਼ੀਆਂ 'ਤੇ ਗੋਲੀ ਕਿਉਂ ਨਹੀਂ ਚਲਾਈ? ਦੋਸ਼ੀਆਂ ਨੂੰ ਕਿਵੇਂ ਪਤਾ ਲੱਗਾ ਕਿ ਉਹ ਬੱਸ ਤੋਂ ਘੱਲਖੁਰਦ ਨਹਿਰ ਕੋਲ ਉਤਰ ਕੇ ਭੋਜਨ ਕਰਨ ਵਾਲੇ ਹਨ। ਉਨ੍ਹਾਂ ਪੁਲਸ 'ਤੇ ਦੋਸ਼ ਲਾਇਆ ਕਿ ਤਸਕਰ ਹਰਭਜਨ ਨੂੰ ਨਾਭਾ ਜੇਲ ਦੇ ਅਧਿਕਾਰੀਆਂ ਨੇ ਸਪੈਸ਼ਲ ਗੱਡੀ 'ਚ ਕਿਉਂ ਨਹੀਂ ਭੇਜਿਆ?