ਸੰਗਤ ਲਈ ਲੰਗਰ ਸੇਵਾ ਦੇ ਨਾਮ ''ਤੇ ਉਗਰਾਹੀ ਕਰਨ ਵਾਲਿਆਂ ਦਾ ਲਿਆ ਨੋਟਿਸ

12/10/2020 6:04:53 PM

ਮਲੋਟ (ਜੁਨੇਜਾ): ਸਮਾਜ ਭਲਾਈ ਅਤੇ ਧਾਰਮਿਕ ਸੇਵਾ ਦਾ ਕਿਵੇਂ ਦੁਰਉਪਯੋਗ ਹੁੰਦਾ ਹੈ ਅਜਿਹਾ ਵੇਖਣ ਨੂੰ ਆਇਆ ਮਲੋਟ ਵਿਖੇ ਜਿੱਥੇ ਕਿਸਾਨ ਆਗੂਆਂ ਦੇ ਕਹਿਣ ਤੇ ਪੱਤਰਕਾਰਾਂ ਨੇ ਉਗਰਾਹੀ ਕਰਦੇ ਇਕ ਛੋਟੇ ਹਾਥੀ ਨੂੰ ਵੇਖਿਆ ਜਿਹੜਾ 9 ਮਹੀਨਿਆਂ ਤੋਂ ਬੰਦ ਸ੍ਰੀ ਹਜੂਰ ਸਾਹਿਬ ਜਾਣ ਵਾਲੀ ਟਰੇਨ ਦੀ ਸੰਗਤ ਦੀ ਲੰਗਰ ਸੇਵਾ ਦਾ ਬੋਰਡ ਲਾ ਕੇ ਉਗਰਾਹੀ ਇਕੱਠੀ ਕਰ ਰਿਹਾ ਸੀ। ਇਸ ਦੇ ਚਾਲਕ ਦਾ ਕਹਿਣਾ ਸੀ ਉਹ ਪ੍ਰਧਾਨ ਹੈ ਅਤੇ ਛੋਟਾ ਹਾਥੀ ਉਸਦਾ ਹੈ ਜਦ ਕਿ ਨਾਲ ਦੇ ਦੱਸਿਆ ਕਿ ਉਹ 300 ਰੁਪਏ ਦਿਹਾੜੀ ਲੈਂਦਾ ਹੈ।

ਪੱਤਰਕਾਰਾਂ ਨੇ ਜਦ ਉਕਤ ਪ੍ਰਧਾਨ ਨੂੰ ਕਿਹਾ ਕਿ ਟਰੇਨ ਤਾਂ 9 ਮਹੀਨਿਆਂ ਤੋਂ ਬੰਦ ਹੈ ਤਾਂ ਉਕਤ ਚਾਲਕ/ਪ੍ਰਧਾਨ ਕੋਈ ਜਵਾਬ ਨਹੀਂ ਦੇ ਸਕਿਆ ਅਤੇ ਜ਼ਿਲ੍ਹਾ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਧਾਨ ਡਾ.ਸੁਖਦੇਵ ਸਿੰਘ ਗਿੱਲ ਦਾ ਨੰਬਰ ਲਾ ਕੇ ਉਨ੍ਹਾਂ ਨਾਲ ਗੱਲ ਕਰਾਉਣ ਲੱਗਾ।ਇਸ ਸਬੰਧੀ ਡਾ.ਗਿੱਲ ਦਾ ਕਹਿਣਾ ਸੀ ਗੱਡੀ ਤਾਂ ਬੰਦ ਹੈ ਪਿਛਲੇ ਦਿਨਾਂ ਵਿਚ ਇਨ੍ਹਾਂ ਕਿਸਾਨ ਧਰਨੇ ਤੇ ਕੇਲੇ ਵੰਡੇ ਸਨ ਅਤੇ ਗੁਰੂ ਨਾਨਕ ਚੌਂਕ ਵਿਚ ਲੰਗਰ ਲਾਇਆ ਸੀ।ਉਂਝ ਉਨ੍ਹਾਂ ਇਸ ਦੁਕਾਨਦਾਰੀ ਬਾਰੇ ਪੱਤਰਕਾਰਾਂ ਦੀ ਹਾਂ ਵਿਚ ਹਾਂ ਵੀ ਮਿਲਾਈ।

ਉਧਰ ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਝਬੇਲਵਾਲੀ, ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਘੱਗਾ, ਅਲਬੇਲ ਸਿੰਘ ਘੁਮਿਆਰਾ ਸਮੇਤ ਆਗੂਆਂ ਨੇ ਇਸ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਤਖ਼ਤ ਸ੍ਰੀ ਹਜੂਰ ਸਾਹਿਬ ਜਾਣ ਵਾਲੀ ਸੰਗਤ ਦੂਰ ਦੁਰਾਡਿਓ ਨਹੀਂ ਨੇੜਲੇ ਪਿੰਡਾਂ ਤੋਂ ਆਉਂਦੀ ਹੈ ਅਤੇ ਹਜ਼ਾਰਾਂ ਰੁਪਏ ਖਰਚ ਦਰਸ਼ਨਾਂ ਨੂੰ ਜਾਂਦੀ ਹੈ।ਉਨ੍ਹਾਂ ਕਿਹਾ ਉਗਰਾਹੀ ਕਰਨ ਵਾਲੀ ਇਸ ਟੀਮ ਅਤੇ ਗੱਡੀ ਦਾ 1500 ਤੋਂ ਲੈ ਕੇ 2000 ਰੁਪਏ ਰੋਜਾਨਾ ਖਰਚਾ ਹੈ।ਇਸ ਲਈ ਇਹ ਸਿੱਖ ਧਰਮ ਦੇ ਪਵਿੱਤਰ ਗੁਰੂਧਾਮ ਦੇ ਨਾਮ ਤੇ ਦੁਕਾਨਦਾਰੀ ਕਰਦੇ ਹਨ ਜੋ ਬਿਲਕੁੱਲ ਗਲਤ ਹੈ।

Shyna

This news is Content Editor Shyna